ਦੇਸ਼ ਦੇ ਕਈ ਹਿੱਸਿਆਂ ਵਿੱਚ ਆਣ ਵਾਲੇ ਸਮੇਂ ਵਿੱਚ ਸਵੇਰ ਸਮੇਂ ਧੂੰਏਂ ਵਾਲੀ ਧੁੰਦ ਪੈਦਾ ਹੋਣ ਦੀ ਕਾਫੀ ਸੰਭਾਵਨਾ ਹੈ, ਜੋ ਕਿ ਦਮੇਂ ਦੇ ਰੋਗੀਆਂ ਲਈ ਖਤਰੇ ਪੈਦਾ ਕਰ ਸਕਦੀ ਹੈ।
ਜੂਲੀਆ ਓਵਨਸ ਨੂੰ ਇਸ ਧੂੰਏਂ ਭਰੇ ਵਾਤਾਵਰਣ ਨਾਲ ਹਰ ਸਾਲ ਹੀ ਦੋ ਚਾਰ ਹੋਣਾ ਪੈਂਦਾ ਹੈ ਅਤੇ ਇਸ ਕਾਰਨ ਇਸ ਦੀ ਸਿਹਤ ਉੱਤੇ ਪੈਣ ਵਾਲੇ ਅਸਰ ਨੂੰ ਵੀ ਝਲਣਾ ਪੈਂਦਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਵਿਕਟੋਰੀਆ ਸੂਬੇ ਵਿਚਲੇ ਇਲਾਕੇ ਗਿਪਸਲੈਂਡ ਦੇ ਸ਼ਹਿਰ ਗਰੈਨਵਿੱਲ ਵਿੱਚ ਲੱਗੀ ਜੰਗਲੀ ਅੱਗ ਕਾਰਨ ਇਸ ਦੀ ਸਿਹਤ ਕਾਫੀ ਵਿਗੜ ਗਈ ਸੀ, ਹਾਲਾਂਕਿ ਇਹ ਅੱਗ ਇਸ ਦੇ ਘਰ ਤੋਂ ਕੋਈ 50 ਕਿਲੋਮੀਟਰ ਦੂਰ ਲੱਗੀ ਸੀ।
ਸਿਡਨੀ ਦੇ ਵੱਡੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਨੂੰ ਰਾਜ ਭਰ ਵਿੱਚ ਲੱਗੀਆਂ 70 ਦੇ ਕਰੀਬ ਬੁੱਸ਼ਫਾਇਰਸ ਕਾਰਨ ਖਤਰਨਾਕ ਦਰਜੇ ਦੀ ਕਰਾਰ ਦਿੱਤਾ ਗਿਆ ਹੈ। ਅਤੇ ਕਮਜ਼ੋਰ ਸਿਹਤ ਵਾਲੇ ਲੋਕਾਂ ਨੂੰ ਅਸਮਾਨ ਸਾਫ ਹੋਣ ਤੱਕ ਜਿਆਦਾ ਸਮਾਂ ਅੰਦਰ ਹੀ ਰਹਿਣ ਦੀ ਹਿਦਾਇਤ ਕੀਤੀ ਗਈ ਹੈ। ਇਸੀ ਤਰਾਂ ਦਮੇਂ ਅਤੇ ਹੇਅ-ਫੀਵਰ ਵਾਲੇ ਲੋਕਾਂ ਨੂੰ ਵੀ ਆਉਣ ਵਾਲੇ ਤੁਫਾਨਾਂ ਦੇ ਮੱਦੇਨਜ਼ਰ ਸੰਭਾਵਤ ਘਾਤਕ ਜੋਖਮਾਂ ਪ੍ਰਤੀ ਸਾਵਧਾਨ ਰਹਿਣ ਲਈ ਚੇਤੰਨ ਕੀਤਾ ਗਿਆ ਹੈ।
ਸੰਭਾਵਤ ਗੰਭੀਰ ਸਿਹਤ ਪ੍ਰਭਾਵਾਂ ਨੂੰ ਦੇਖਦੇ ਹੋਏ, ਅਤੇ ਨੌਂ ਵਿੱਚੋਂ ਇਕ ਆਸਟ੍ਰੇਲੀਅਨਾਂ ਦੇ ਇਹਨਾਂ ਰੋਗਾਂ ਤੋਂ ਪੀੜਤ ਹੋਣ ਕਾਰਨ, ਐਸਥਮਾਂ ਆਸਟ੍ਰੇਲੀਆ ਦੀ ਮੁਖੀ ਮਿਸ਼ੇਲ ਗੋਲਡਮਨ ਇਹਨਾਂ ਜੋਖਮਾਂ ਨੂੰ ਘਟਾਉਣ ਪ੍ਰਤੀ ਭਾਈਚਾਰੇ ਵਿੱਚ ਹੋਰ ਵੀ ਕਾਰਗਰ ਤਰੀਕੇ ਨਾਲ ਚਿਤਾਵਨੀਆਂ ਪਹੁੰਚਾਏ ਜਾਣ ਦੀ ਮੰਗ ਕਰਦੇ ਹਨ।
ਇਸੀ ਤਰਾਂ ਤਸਮਾਨੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਵੀ ਬੁੱਸ਼ਫਾਇਰਾਂ ਤੋਂ ਪੈਦਾ ਹੋਣ ਵਾਲੇ ਧੂੰਏਂ ਦਾ ਦਮੇਂ ਨਾਲ ਸਿੱਧਾ ਸਬੰਧ ਹੋਣ ਦੀ ਪਛਾਣ ਵੀ ਕਰ ਦਿੱਤੀ ਹੈ। ਨਿਕੋਲਸ ਬੋਰਸ਼ਰ-ਅਰੀਗਾਦਾ ਇਸ ਖੋਜ ਦਾ ਮੋਹਰੀ ਹੈ ਅਤੇ ਕਹਿੰਦਾ ਹੈ ਕਿ ਧੂੰਏਂ ਨਾਲ ਦਮੇਂ ਦੇ ਹਮਲੇ ਬਹੁਤ ਵਧ ਜਾਂਦੇ ਹਨ।
ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇਹਨਾਂ ਹਮਲਿਆਂ ਦਾ ਸ਼ਿਕਾਰ ਹੋਣ ਵਾਲਿਆਂ ਵਿੱਚੋਂ ਬਹੁਤਾਤ ਉਹਨਾਂ ਕਮਜ਼ੋਰ ਔਰਤਾਂ ਦੀ ਹੁੰਦੀ ਹੈ ਜੋ ਕਿ 65 ਸਾਲਾਂ ਤੋਂ ਵੱਧ ਦੀ ਉਮਰ ਦੀਆਂ ਹੁੰਦੀਆਂ ਹਨ ਅਤੇ ਉਹਨਾਂ ਨੂੰ ਪਹਿਲਾਂ ਤੋਂ ਹੀ ਕੁੱਝ ਹੋਰ ਸਿਹਤ ਮਸਲੇ ਵੀ ਹੁੰਦੇ ਹਨ।
Other related stories
Thunderstorm Asthma – causes and care