UK ਤੋਂ ਆਸਟ੍ਰੇਲੀਆ ਆਏ ਡਾ. ਹਰਪ੍ਰੀਤ (ਨੀਨਾ) ਮੰਡ ਪਿਛਲੇ ਤਿੰਨ ਦਹਾਕਿਆਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਆਰਕੀਟੈਕਚਰ ਅਤੇ ਅਕਾਦਮਿਕ ਖੇਤਰ 'ਚ ਯੋਗਦਾਨ ਪਾ ਰਹੇ ਹਨ। ਹੁਣ ਆਪਣਾ ਪੇਸ਼ੇਵਰ ਸਫਰ ਪੂਰਾ ਕਰਕੇ, ਇੱਕ ਕਲਾਕਾਰ ਵਜੋਂ ਰੰਗਾਂ ਰਾਹੀਂ ਆਪਣੀ ਸੋਚ ਨੂੰ ਕੈਨਵਸ ‘ਤੇ ‘ਧਵਨੀ’ ਰੂਪ ‘ਚ ਪੇਸ਼ ਕਰ ਰਹੇ ਹਨ। ਆਰਕੀਟੈਕਚਰ ਵਿੱਚ ਆਪਣੀ ਪਛਾਣ ਬਣਾਉਣ ਦੀਆਂ ਚੁਣੌਤੀਆਂ ਤੋਂ ਲੈ ਕੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਨ ਤੱਕ ਦਾ ਆਪਣਾ ਸਫਰ ਉਹ ਇਸ ਗੱਲਬਾਤ ਵਿੱਚ ਸਾਂਝਾ ਕਰਦੇ ਹਨ।
Key Points
- ਡਾ. ਹਰਪ੍ਰੀਤ ਨੀਨਾ ਮੰਡ ਨੇ ਇੰਗਲੈਂਡ, ਜਪਾਨ ਅਤੇ ਮਲੇਸ਼ੀਆ ਵਰਗੇ ਮੁਲਕਾਂ ਚ’ ਆਰਕੀਟੈਕਟ ਵਜੋਂ ਕੰਮ ਕੀਤਾ ਹੈ।
- ਆਰਕੀਟੈਕਚਰ ਵਿੱਚ PhD ਅਤੇ ਤਕਰੀਬਨ 10 ਸਾਲ ਬਤੌਰ ਅਧਿਆਪਕ ਇਹ ਵਿਸ਼ਾ ਪੜ੍ਹਾਉਣ ਤੋਂ ਬਾਅਦ ਨੀਨਾ ਨੇ ਆਪਣੀ ਚਿਤ੍ਰਕਾਰੀ ਦੀ ਪਹਿਲੀ ਪ੍ਰਦਰਸ਼ਨੀ ਜਨਵਰੀ 2026 ਵਿੱਚ ਸਿਡਨੀ ਵਿਖੇ ਲਗਾਈ।
ਪੰਜਾਬ ਵਿੱਚ ਪੈਦਾ ਹੋਏ ਡਾ. ਹਰਪ੍ਰੀਤ (ਨੀਨਾ) ਮੰਡ ਛੋਟੇ ਹੁੰਦੇ ਪਾਇਲਟ ਬਣ ਕੇ ਦੁਨੀਆ ਦੀ ਸੈਰ ਕਰਨ ਬਾਰੇ ਸੋਚਦੇ ਸੀ ਪਰ ਇਹ ਸੁਪਨਾ ਜਹਾਜ਼ ਉਡਾ ਕੇ ਨਹੀਂ ਬਲਕਿ ਇਮਾਰਤਾਂ ਦੇ ਨਕਸ਼ੇ ਬਣਾ ਕੇ ਪੂਰਾ ਕੀਤਾ।
“ਉਸ ਸਮੇਂ ਕੁੜੀਆਂ ਨੂੰ ਪਾਇਲਟ ਬਣਨ ਦੀ ਇਜਾਜ਼ਤ ਨਹੀਂ ਸੀ, ਤਾਂ ਮੈਂ ਸੋਚਿਆ ਕਿ ਆਰਕੀਟੈਕਚਰ ਰਾਹੀਂ ਆਪਣੇ ਘੁੰਮਣ ਦੇ ਸ਼ੌਂਕ, ਸਾਹਿਤ ਪ੍ਰਤੀ ਪਿਆਰ ਅਤੇ ਗਣਿਤ ਵਿੱਚ ਰੁਚੀ ਨੂੰ ਪੂਰਾ ਕਰਾਂ,” ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਨੀਨਾ ਨੇ ਦੱਸਿਆ।
ਪਰ ਇਕ ਔਰਤ ਹੁੰਦਿਆਂ ਇਸ ਪੇਸ਼ੇ ਵਿੱਚ ਜਗਾਹ ਬਨਾਉਣੀ ਆਸਾਨ ਨਹੀਂ ਸੀ। ਆਰਕੀਟੈਕਟ ਬਣਨ ਤੋਂ ਬਾਅਦ ਨੀਨਾ ਨੇ ਇੰਗਲੈਂਡ, ਜਪਾਨ ਅਤੇ ਮਲੇਸ਼ੀਆ ਵਰਗੇ ਮੁਲਕਾਂ ਵਿੱਚ ਕਈ ਮੁਸ਼ਕਿਲਾਂ ਨੂੰ ਸਰ ਕਰਦਿਆਂ ਕੰਮ ਕੀਤਾ।
ਔਰਤਾਂ ਦਾ ਸਫ਼ਰ ਕਾਫੀ ਮੁਸ਼ਕਿਲਾਂ ਭਰਿਆ ਹੁੰਦਾ ਹੈ ਪਰ ਜੇ ਤੁਸੀਂ ਆਪ ਮਜ਼ਬੂਤ ਹੋਵੋ ਤਾਂ ਤੁਸੀਂ ਆਪਣੀ ਜਗਾਹ ਆਪ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹੋ।ਡਾ. ਹਰਪ੍ਰੀਤ (ਨੀਨਾ) ਮੰਡ
2003 ਵਿੱਚ ਯੂਨੀਵਰਸਿਟੀ ਆਫ ਸਿਡਨੀ ਵਿਖੇ PhD ਕਰਨ ਦੇ ਨਾਲ ਨੀਨਾ ਨੇ ਵਿਦਿਆਰਥੀਆਂ ਨੂੰ ਕਾਫੀ ਸਾਲਾਂ ਤੱਕ ਇਹ ਵਿਸ਼ਾ ਪੜ੍ਹਾਇਆ।
ਹੁਣ ਆਪਣੇ ਮਨ ਦੀ ਆਵਾਜ਼ ਸੁਣਦਿਆਂ ਨੀਨਾ ਨੇ ਕਲਾਕਾਰੀ ਦੇ ਖੇਤਰ ਵਿੱਚ ਪੈਰ ਪਾਇਆ ਅਤੇ ਜਨਵਰੀ 2026 ਵਿੱਚ ਆਪਣੀ ਪਹਿਲੀ ਕਲਾ ਪ੍ਰਦਰਸ਼ਨੀ— 'Primordial Pulse', ਸਿਡਨੀ ਵਿਖੇ ਸਾਂਝੀ ਕੀਤੀ।
ਉਹਨਾਂ ਦਾ ਕਹਿਣਾ ਹੈ ਕੇ ਔਰਤਾਂ ਉਹ ਸਭ ਚੀਜ਼ਾਂ ਪਾ ਸਕਦੀਆਂ ਹਨ ਜੋ ਉਹ ਚਾਹੁੰਦੀਆਂ ਹਨ, ਪਰ ਸ਼ਾਇਦ ਇਕ ਸਮੇਂ ‘ਤੇ ਨਹੀਂ।
“ਔਰਤ ਹੋਣਾ ਇੱਕ ਵਿਸ਼ੇਸ ਅਧਿਕਾਰ ਹੈ, ਪਰ ਇਸ ਦੇ ਨਾਲ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਵੀ ਆਉਂਦੀਆਂ ਹਨ। ਆਤਮ ਵਿਸ਼ਵਾਸ ਅਤੇ ਪਰਿਵਾਰ ਦੇ ਸਹਿਯੋਗ ਨਾਲ ਤੁਸੀਂ ਹਰ ਇਰਾਦਾ ਪੂਰਾ ਕਰ ਸਕਦੇ ਹੋ,” ਨੀਨਾ ਨੇ ਦੱਸਿਆ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





