ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ 'ਤੇ ਫੋਟੋਆਂ ਖਿੱਚਣਾ ਅਤੇ Social Media 'ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ। ਪਰ ਕੀ ਹਰ ਥਾਂ ਫੋਟੋ ਖਿੱਚਣ ਦੀ ਇਜਾਜ਼ਤ ਹੁੰਦੀ ਹੈ? Australia Explained ਦੇ ਇਸ ਐਪੀਸੋਡ ਵਿੱਚ ਜਾਣੋ ਕਿ ਜਨਤਕ ਥਾਵਾਂ, ਨਿੱਜੀ ਜਾਇਦਾਦਾਂ, ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ, Drones ਅਤੇ ਵਪਾਰਕ ਫੋਟੋਗ੍ਰਾਫੀ ਨਾਲ ਜੁੜੇ ਕਾਨੂੰਨ ਕੀ ਹਨ। ਖ਼ਾਸ ਕਰਕੇ ਆਸਟ੍ਰੇਲੀਆਈ ਪੰਜਾਬੀ ਭਾਈਚਾਰੇ ਲਈ ਇਹ ਜਾਣਕਾਰੀ ਮਹੱਤਵਪੂਰਨ ਹੈ ਤਾਂ ਜੋ ਯਾਦਗਾਰ ਤਸਵੀਰਾਂ ਲੈਂਦੇ ਸਮੇਂ ਅਣਜਾਣੇ ਵਿੱਚ ਕਾਨੂੰਨ ਦੀ ਉਲੰਘਣਾ ਨਾ ਹੋਵੇ।
Key Points
- ਤੁਸੀਂ ਜਨਤਕ ਥਾਵਾਂ 'ਤੇ ਲੋਕਾਂ ਦੀਆਂ ਫੋਟੋਆਂ ਖਿੱਚ ਸਕਦੇ ਹੋ, ਪਰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਇਨ੍ਹਾਂ ਤਸਵੀਰਾਂ ਨੂੰ commercial purposes ਲਈ ਵਰਤ ਨਹੀਂ ਸਕਦੇ।
- ਨਿੱਜੀ ਜਾਇਦਾਦ, ਜਿਸ ਵਿੱਚ farm paddocks ਵੀ ਸ਼ਾਮਲ ਹਨ, ਦੀ ਫੋਟੋਗ੍ਰਾਫੀ ਲਈ ਪਹਿਲਾਂ ਇਜਾਜ਼ਤ ਲੈਣੀ ਜ਼ਰੂਰੀ ਹੈ।
- Military facilities ਦੀ ਫੋਟੋਗ੍ਰਾਫੀ ਦੀ ਮਨਾਹੀ ਹੈ।
- Indigenous areas ਜਾਂ ਜਨਤਕ memorials ਦੀ ਫੋਟੋਗ੍ਰਾਫੀ ਕਰਦੇ ਸਮੇਂ ਉੱਥੇ ਲੱਗੇ signage ਅਤੇ ਸਥਾਨਕ ਹਦਾਇਤਾਂ ਦੀ ਪਾਲਣਾ ਕਰਨਾ ਸਭ ਤੋਂ ਵਧੀਆ ਹੈ।
ਕੀ ਮੈਂ ਜਨਤਕ ਥਾਂ 'ਤੇ ਕਿਸੇ ਦੀ ਫੋਟੋ ਖਿੱਚ ਸਕਦਾ/ਸਕਦੀ ਹਾਂ?
ਚਾਹੇ ਤੁਸੀਂ ਸੜਕ, ਪਾਰਕ ਜਾਂ ਬੀਚ 'ਤੇ ਫੋਟੋ ਖਿੱਚ ਰਹੇ ਹੋਵੋ, Australian Photographic Society ਦੀ ਪ੍ਰਧਾਨ ਪੀਆ ਜੈਸਨ ਦੱਸਦੀ ਹੈ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਜਨਤਕ ਥਾਂ 'ਤੇ ਕਿਸੇ ਵਿਅਕਤੀ ਦੀ ਫੋਟੋ ਕਦੋਂ ਖਿੱਚੀ ਜਾ ਸਕਦੀ ਹੈ।
"ਆਮ ਤੌਰ 'ਤੇ ਆਸਟ੍ਰੇਲੀਆ ਵਿੱਚ ਜਨਤਕ ਥਾਵਾਂ 'ਤੇ ਕਿਸੇ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਫੋਟੋਆਂ ਅਤੇ ਵੀਡੀਓ ਬਣਾਈਆਂ ਜਾ ਸਕਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਜਨਤਕ ਥਾਂ 'ਤੇ ਮੌਜੂਦ ਕਿਸੇ ਵਿਅਕਤੀ ਨੂੰ ਇਹ ਕਾਨੂੰਨੀ ਹੱਕ ਨਹੀਂ ਹੁੰਦਾ ਕਿ ਉਸ ਦੀ ਫੋਟੋ ਨਾ ਖਿੱਚੀ ਜਾਵੇ।"
ਆਸਟ੍ਰੇਲੀਆ ਵਿੱਚ ਜਨਤਕ ਥਾਵਾਂ 'ਤੇ ਲੋਕਾਂ ਦੀਆਂ ਫੋਟੋਆਂ ਖਿੱਚਣਾ ਆਮ ਤੌਰ 'ਤੇ ਕਾਨੂੰਨੀ ਹੈ। ਹਾਲਾਂਕਿ, ਇਨ੍ਹਾਂ ਤਸਵੀਰਾਂ ਨੂੰ ਵਪਾਰਕ ਮਕਸਦ ਲਈ ਵਰਤਣ ਵਾਸਤੇ ਆਮ ਤੌਰ 'ਤੇ ਉਸ ਵਿਅਕਤੀ ਦੀ ਸਹਿਮਤੀ ਲਾਜ਼ਮੀ ਹੁੰਦੀ ਹੈ। ਇਸੇ ਤਰ੍ਹਾਂ, ਨਿੱਜੀ ਥਾਵਾਂ 'ਤੇ ਜਾਂ ਕਿਸੇ ਨੂੰ ਤੰਗ-ਪਰੇਸ਼ਾਨ ਕਰਨ ਦੇ ਇਰਾਦੇ ਨਾਲ ਫੋਟੋਗ੍ਰਾਫੀ ਕਰਨਾ ਗੈਰ-ਕਾਨੂੰਨੀ ਹੋ ਸਕਦਾ ਹੈ।

ਵਪਾਰਕ ਅਤੇ creative arts lawyer ਸ਼ੈਰਨ ਗਿਵੋਨੀ ਦੱਸਦੀ ਹੈ ਕਿ ਫੋਟੋਗ੍ਰਾਫੀ ਨਾਲ ਜੁੜੀਆਂ ਹੋਰ ਕਈ ਗੱਲਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ।
ਉਹ ਕਹਿੰਦੀ ਹੈ, "ਜੇ ਤੁਸੀਂ ਕਿਸੇ ਵਿਅਕਤੀ ਦੀ ਤਸਵੀਰ ਇਸ ਤਰੀਕੇ ਨਾਲ ਖਿੱਚਦੇ ਹੋ ਜੋ ਉਸ ਲਈ ਅਪਮਾਨਜਨਕ, ਦੁਖਦਾਈ ਜਾਂ ਕਿਸੇ ਹੋਰ ਢੰਗ ਨਾਲ ਨੁਕਸਾਨਦਾਇਕ ਹੋਵੇ, ਤਾਂ ਉਹ ਵਿਅਕਤੀ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦਾ ਹੈ।"
ਉਹ ਅੱਗੇ ਕਹਿੰਦੀ ਹੈ, "ਜਦੋਂ ਅਸੀਂ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਦੇ ਹਾਂ, ਤਾਂ ਹਰ ਥਾਂ ਦੇ ਆਪਣੇ ਨਿਯਮ ਹੁੰਦੇ ਹਨ। ਉਦਾਹਰਨ ਵਜੋਂ, ਤੁਹਾਡੇ gym ਜਾਂ ਸਥਾਨਕ pool ਦੇ ਆਪਣੇ ਨਿਯਮ ਹੋ ਸਕਦੇ ਹਨ। ਇਸ ਲਈ ਸਭ ਤੋਂ ਵਧੀਆ ਸਲਾਹ ਇਹ ਹੈ ਕਿ ਹਮੇਸ਼ਾ ਪਹਿਲਾਂ ਨਿਯਮਾਂ ਦੀ ਜਾਂਚ ਕਰ ਲਵੋ।"
ਕੀ ਮੈਂ ਕਿਸੇ ਕਿਸਾਨ ਦੇ ਖੇਤ ਵਿੱਚ ਜਾ ਕੇ ਫੋਟੋਆਂ ਖਿੱਚ ਸਕਦਾ/ਸਕਦੀ ਹਾਂ?
Social media ਪਲੇਟਫਾਰਮਾਂ 'ਤੇ ਖੂਬਸੂਰਤ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਦੀ ਭਰਮਾਰ ਹੈ। ਇਨ੍ਹਾਂ ਵਿੱਚ ਖਾਸ ਤੌਰ 'ਤੇ ਫੁੱਲੇ ਹੋਏ canola ਅਤੇ ਹੋਰ ਫਸਲਾਂ ਨਾਲ ਲਹਿਰਾਉਂਦੇ ਖੇਤਾਂ ਦੀਆਂ ਤਸਵੀਰਾਂ ਲੋਕਾਂ ਨੂੰ ਬਹੁਤ ਆਕਰਸ਼ਿਤ ਕਰਦੀਆਂ ਹਨ।
ਸੋਸ਼ਲ ਮੀਡੀਆ ਦੇ ਦੌਰ ਵਿੱਚ, ਇਹ ਥਾਵਾਂ ਰੰਗਾਂ ਦੀ ਇੱਕ ਤਸਵੀਰ ਬਣ ਜਾਂਦੀਆਂ ਹਨ, ਸੋਨੇ ਵਰਗੇ ਖੇਤ ਨਜ਼ਰ ਆਉਂਦੇ ਹਨ... ਅਸੀਂ ਕਿਸੇ ਖੇਤ ਨੂੰ ਦੇਖ ਕੇ ਸੋਚ ਸਕਦੇ ਹਾਂ, "ਵਾਹ, ਇਹ ਤਾਂ ਸਾਡੇ ਕੰਟੈਂਟ ਲਈ ਬਹੁਤ ਵਧੀਆ ਰਹੇਗਾ।" ਪਰ ਉਹ ਕਿਸੇ ਦਾ ਕੰਮ ਕਰਨ ਵਾਲਾ ਸਥਾਨ ਹੁੰਦਾ ਹੈ, ਜਾਂ ਹੋ ਸਕਦਾ ਹੈ ਕਿ ਉਹ ਕਿਸੇ ਕਿਸਾਨ ਦੀ ਸਾਲਾਨਾ ਆਮਦਨ ਦਾ ਸਰੋਤ ਹੋਵੇ।Sharon Givoni

ਵਿਕਟੋਰੀਆ ਦੇ ਖੇਤਰੀ ਇਲਾਕੇ Ballarat ਨੇੜੇ ਖੇਤੀ ਕਰਨ ਵਾਲੇ ਕਿਸਾਨ ਜਸਟਿਨ ਹੋਬਸਨ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ਦੇ ਕੁਦਰਤੀ ਨਜ਼ਾਰੇ ਲੋਕਾਂ ਨੂੰ ਫੋਟੋਆਂ ਖਿੱਚਣ ਲਈ ਆਕਰਸ਼ਿਤ ਕਰਦੇ ਹਨ।
ਜਸਟਿਨ ਹੋਬਸਨ ਕਹਿੰਦੇ ਹਨ, "ਸਾਡੇ ਇਲਾਕੇ ਵਿੱਚ ਬਹੁਤ ਸੋਹਣਾ ਨਜ਼ਾਰਾ ਹੈ। ਪਰ ਜਦੋਂ canola ਦੀ ਫਸਲ ਖਿੜਦੀ ਹੈ ਤਾਂ ਬਹੁਤ ਸਾਰੇ ਲੋਕ ਫੋਟੋਆਂ ਖਿੱਚਣ ਲਈ ਖੇਤਾਂ ਵਿੱਚ ਦਾਖਲ ਹੋ ਜਾਂਦੇ ਹਨ, ਜੋ ਕਿ ਇੱਕ ਵੱਡਾ biosecurity ਖਤਰਾ ਹੈ।"
Biosecurity ਦਾ ਖਤਰਾ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਲੋਕ ਅਣਜਾਣੇ ਵਿੱਚ ਬਾਹਰੋਂ ਮਿੱਟੀ, ਬੀਜ ਜਾਂ ਕੀੜੇ-ਮਕੌੜੇ ਕਿਸੇ ਖੇਤ ਵਿੱਚ ਲੈ ਆਉਂਦੇ ਹਨ, ਜਿਸ ਨਾਲ ਬਿਮਾਰੀਆਂ ਫੈਲ ਸਕਦੀਆਂ ਹਨ ਜਾਂ ਨਵੇਂ weeds ਪੈਦਾ ਹੋ ਸਕਦੇ ਹਨ।
ਆਖ਼ਿਰਕਾਰ, ਇਹ ਇਸ ਤੋਂ ਵੱਖਰਾ ਨਹੀਂ ਹੈ ਜਿਵੇਂ ਮੈਂ ਤੁਹਾਡੇ ਘਰ ਦੇ ਪਿਛਵਾੜੇ ਵਿੱਚ ਜਾ ਕੇ ਤੁਹਾਡਾ ਸਬਜ਼ੀਆਂ ਵਾਲਾ ਬਗੀਚਾ ਦੇਖਣ ਲੱਗ ਪਵਾਂ ਅਤੇ ਤੁਸੀਂ ਕਹੋ, "ਤੁਸੀਂ ਕੀ ਕਰ ਰਹੇ ਹੋ?" ਵੱਡੇ ਪੱਧਰ ’ਤੇ ਇਹ ਬਿਲਕੁਲ ਉਹੀ ਗੱਲ ਹੈ — ਤੁਸੀਂ ਕਿਸੇ ਦੇ ਖੇਤ ਵਿੱਚ ਬਿਨਾਂ ਇਜਾਜ਼ਤ ਦਾਖ਼ਲ ਹੋ ਰਹੇ ਹੋ।Justin Hobson
ਇਸ ਲਈ ਸਭ ਤੋਂ ਵਧੀਆ ਸਲਾਹ ਇਹ ਹੈ ਕਿ ਖੇਤ ਦੀ ਵਾੜ ਤੋਂ ਬਾਹਰ ਰਹਿ ਕੇ ਫੋਟੋ ਖਿੱਚੋ ਅਤੇ ਅੰਦਰ ਜਾਣ ਤੋਂ ਪਹਿਲਾਂ ਮਾਲਕ ਤੋਂ ਇਜਾਜ਼ਤ ਲਵੋ। ਜ਼ਿਆਦਾਤਰ ਜ਼ਮੀਨ ਮਾਲਕ ਸਤਿਕਾਰ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸੈਲਾਨੀਆਂ ਦੀ ਮਦਦ ਕਰਨ ਲਈ ਤਿਆਰ ਹੁੰਦੇ ਹਨ।
ਕੀ ਕੁਝ ਥਾਵਾਂ 'ਤੇ ਫੋਟੋਗ੍ਰਾਫੀ ਦੀ ਮਨਾਹੀ ਹੁੰਦੀ ਹੈ?
ਕੁਝ ਥਾਵਾਂ 'ਤੇ ਸੱਭਿਆਚਾਰਕ ਕਾਰਨਾਂ ਕਰਕੇ ਫੋਟੋਗ੍ਰਾਫੀ ਦੀ ਇਜਾਜ਼ਤ ਨਹੀਂ ਹੁੰਦੀ। ਇਸ ਵਿੱਚ Indigenous sacred sites ਅਤੇ ਸੁਰੱਖਿਅਤ ਖੇਤਰ ਸ਼ਾਮਲ ਹੋ ਸਕਦੇ ਹਨ।
ਸ਼ੈਰਨ ਗਿਵੋਨੀ ਦੱਸਦੀ ਹੈ, "ਇਹ ਥਾਵਾਂ Traditional Owners ਵੱਲੋਂ ਸੰਭਾਲੀਆਂ ਜਾਂਦੀਆਂ ਹਨ। ਇਹ ਹਰ ਕਿਸੇ ਲਈ ਖੁੱਲ੍ਹੀਆਂ ਜਨਤਕ ਥਾਵਾਂ ਨਹੀਂ ਹੁੰਦੀਆਂ ਅਤੇ ਕਿਸੇ ਖਾਸ ਥਾਂ 'ਤੇ ਫੋਟੋਗ੍ਰਾਫੀ ਦੀ ਇਜਾਜ਼ਤ ਹੈ ਜਾਂ ਨਹੀਂ, ਇਹ ਉਸ ਸਥਾਨ ਦੇ ਨਿਯਮਾਂ 'ਤੇ ਨਿਰਭਰ ਕਰਦਾ ਹੈ।"
ਉਹ ਅੱਗੇ ਕਹਿੰਦੀ ਹੈ, "ਕੁਝ ਥਾਵਾਂ 'ਤੇ permit ਦੀ ਲੋੜ ਹੁੰਦੀ ਹੈ ਅਤੇ ਕੁਝ ਥਾਵਾਂ 'ਤੇ ਫੋਟੋਗ੍ਰਾਫੀ ਪੂਰੀ ਤਰ੍ਹਾਂ ਮਨਾਹੀ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਸਥਾਨਾਂ ਦੀ ਸੱਭਿਆਚਾਰਕ ਜਾਂ ਆਧਿਆਤਮਿਕ ਮਹੱਤਤਾ ਹੁੰਦੀ ਹੈ। ਇਸ ਲਈ ਪਹਿਲਾਂ ਪਤਾ ਕਰੋ ਕਿ ਜ਼ਮੀਨ ਦੀ ਦੇਖਭਾਲ ਕੌਣ ਕਰਦਾ ਹੈ, permit ਦੀ ਲੋੜ ਹੈ ਜਾਂ ਨਹੀਂ, ਅਤੇ ਜੇ ਸ਼ੱਕ ਹੋਵੇ ਤਾਂ ਪੁੱਛਣਾ ਹਮੇਸ਼ਾ ਸਭ ਤੋਂ ਵਧੀਆ ਹੈ।"
ਧਾਰਮਿਕ ਸਥਾਨਾਂ ਅਤੇ ਯਾਦਗਾਰੀ ਥਾਵਾਂ (memorials) 'ਤੇ ਵੀ ਫੋਟੋਗ੍ਰਾਫੀ ਲਈ ਕੁਝ ਪਾਬੰਦੀਆਂ ਹੋ ਸਕਦੀਆਂ ਹਨ।
ਇਸੇ ਤਰ੍ਹਾਂ ਨਿੱਜੀ ਮਾਲਕੀ ਵਾਲੀਆਂ mining facilities ਜਾਂ ਸਰਕਾਰੀ defence facilities ਦੀਆਂ ਤਸਵੀਰਾਂ ਖਿੱਚਣ ਲਈ ਵੀ ਇਜਾਜ਼ਤ ਦੀ ਲੋੜ ਹੋ ਸਕਦੀ ਹੈ, ਕਿਉਂਕਿ ਇੱਥੇ ਸੁਰੱਖਿਆ ਅਤੇ ਰੱਖਿਆ ਨਾਲ ਜੁੜੇ ਮਾਮਲੇ ਹੁੰਦੇ ਹਨ।
ਭਾਵੇਂ shopping centres ਅਤੇ botanical gardens ਵਰਗੀਆਂ ਥਾਵਾਂ ਆਮ ਲੋਕਾਂ ਲਈ ਖੁੱਲ੍ਹੀਆਂ ਹੁੰਦੀਆਂ ਹਨ, ਪਰ ਪੇਸ਼ੇਵਰ ਫੋਟੋਗ੍ਰਾਫੀ ਲਈ ਪਹਿਲਾਂ ਇਜਾਜ਼ਤ ਲੈਣੀ ਜ਼ਰੂਰੀ ਹੋ ਸਕਦੀ ਹੈ।
ਕੀ ਮੈਂ recreational drone ਨਾਲ ਫੋਟੋਗ੍ਰਾਫੀ ਕਰ ਸਕਦਾ/ਸਕਦੀ ਹਾਂ?
Drones ਹੁਣ ਫੋਟੋਗ੍ਰਾਫੀ ਲਈ ਇੱਕ ਬਹੁਤ ਲੋਕਪ੍ਰਿਯ ਸਾਧਨ ਬਣ ਗਏ ਹਨ।
ਜੇ ਤੁਸੀਂ drone ਨੂੰ ਵਪਾਰਕ ਫੋਟੋਗ੍ਰਾਫੀ ਲਈ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਰਜਿਸਟਰ ਕਰਨਾ ਪਵੇਗਾ ਅਤੇ Civil Aviation Safety Authority (CASA) ਤੋਂ ਲਾਇਸੈਂਸ ਲੈਣਾ ਪਵੇਗਾ।
ਹਾਲਾਂਕਿ, ਜੇ ਤੁਸੀਂ ਸਿਰਫ਼ ਸ਼ੌਕ ਲਈ recreational drone user ਹੋ ਤਾਂ ਕਿਸੇ ਵਿਸ਼ੇਸ਼ accreditation ਦੀ ਲੋੜ ਨਹੀਂ ਹੁੰਦੀ। ਪਰ ਸੁਰੱਖਿਅਤ ਵਰਤੋਂ ਲਈ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਪੀਆ ਜੈਸਨ ਕਹਿੰਦੀ ਹੈ, "ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਸਾਰੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝੋ, ਤਾਂ ਜੋ drone ਦੀ ਵਰਤੋਂ ਕਰਦੇ ਸਮੇਂ ਲੋਕਾਂ ਅਤੇ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।"
Drone ਵਰਤੋਂ ਦੇ ਕੁਝ ਮਹੱਤਵਪੂਰਨ ਨਿਯਮ:
- drone ਨੂੰ ਜ਼ਮੀਨ ਤੋਂ 120 ਮੀਟਰ ਤੋਂ ਵੱਧ ਉੱਚਾ ਨਾ ਉਡਾਇਆ ਜਾਵੇ।
- ਹੋਰ ਲੋਕਾਂ ਤੋਂ ਘੱਟੋ-ਘੱਟ 30 ਮੀਟਰ ਦੀ ਦੂਰੀ ਬਣਾਈ ਰੱਖੀ ਜਾਵੇ।
- ਇਸ ਤਰ੍ਹਾਂ ਨਾ ਉਡਾਇਆ ਜਾਵੇ ਕਿ ਲੋਕਾਂ, ਜਾਇਦਾਦ ਜਾਂ ਹਵਾਈ ਜਹਾਜ਼ਾਂ ਲਈ ਖਤਰਾ ਪੈਦਾ ਹੋਵੇ।
ਇਸ ਤੋਂ ਇਲਾਵਾ bushfires ਵਾਲੇ ਖੇਤਰਾਂ ਜਾਂ ਕੁਝ ਜੰਗਲੀ ਜੀਵਾਂ, ਜਿਵੇਂ whales, ਦੇ ਨੇੜੇ ਵੀ drone ਉਡਾਉਣ 'ਤੇ ਪਾਬੰਦੀਆਂ ਹੋ ਸਕਦੀਆਂ ਹਨ।

ਚੰਗੀ photographic etiquette ਕੀ ਹੈ?
ਤੁਸੀਂ ਜੋ ਵੀ ਫੋਟੋ ਖਿੱਚਣਾ ਚਾਹੁੰਦੇ ਹੋ, ਪੀਆ ਜੈਸਨ ਮੁਤਾਬਕ ਸਥਾਨਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
"ਜੇ ਕਿਸੇ ਥਾਂ 'ਤੇ signage ਲੱਗੇ ਹਨ ਤਾਂ ਉਨ੍ਹਾਂ ਦੀ ਪਾਲਣਾ ਜ਼ਰੂਰ ਕਰੋ। ਜੇ ਨਹੀਂ ਵੀ ਹਨ ਤਾਂ ਲੋਕਾਂ ਅਤੇ ਕੁਦਰਤ ਦਾ ਸਤਿਕਾਰ ਕਰਨਾ ਯਾਦ ਰੱਖੋ।"
ਇਸ ਤੋਂ ਇਲਾਵਾ:
- ਜਿੱਥੇ ਤੁਸੀਂ ਤੁਰ ਰਹੇ ਹੋ, ਆਪਣੀ ਸੁਰੱਖਿਆ ਦਾ ਧਿਆਨ ਰੱਖੋ।
- ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚਾਓ।
- ਦੂਜਿਆਂ ਦੀ ਜਾਇਦਾਦ ਦਾ ਉਹੀ ਸਤਿਕਾਰ ਕਰੋ ਜੋ ਤੁਸੀਂ ਆਪਣੀ ਜਾਇਦਾਦ ਲਈ ਚਾਹੁੰਦੇ ਹੋ।
ਸ਼ੈਰਨ ਗਿਵੋਨੀ ਕਹਿੰਦੀ ਹੈ ਕਿ ਸਿਰਫ਼ ਕਿਸੇ ਥਾਂ ਨੂੰ ਦੇਖ ਸਕਣਾ ਜਾਂ ਉੱਥੇ ਪਹੁੰਚ ਸਕਣਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਉੱਥੇ ਜਾਣ ਜਾਂ ਫੋਟੋ ਖਿੱਚਣ ਦੀ ਇਜਾਜ਼ਤ ਹੈ।
"ਸਭ ਤੋਂ ਸੁਨਹਿਰੀ ਨਿਯਮ ਇਹ ਹੈ ਕਿ ਪਹਿਲਾਂ ਇਜਾਜ਼ਤ ਮੰਗੋ ਅਤੇ ਉਸ ਤੋਂ ਬਾਅਦ ਹੀ ਫੋਟੋ ਖਿੱਚੋ।"
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Email australiaexplained@sbs.com.au





