ਇੱਕ 25-ਸਾਲਾ ਇਟੈਲੀਅਨ ਤਰਖਾਣ ਜਿਸਨੂੰ ਅਸੀਂ ਜੀਆਕੋਮੋ ਦੇ ਨਾਮ ਨਾਲ ਸੰਬੋਧਿਤ ਕਰ ਰਹੇ ਹਾਂ, 2018 ਵਿੱਚ ਇੱਕ ਵਰਕਿੰਗ ਹਾਲੀਡੇ ਵੀਜ਼ਾ ਤੇ ਆਸਟ੍ਰੇਲੀਆ ਆਇਆ ਸੀ, ਅਤੇ ਫਿਰ ਉਸਨੇ ਇੱਕ ਵਿਦਿਆਰਥੀ ਵੀਜ਼ਾ ਪ੍ਰਾਪਤ ਕੀਤਾ।
ਬਾਅਦ ਵਿਚ, ਉਸ ਨੂੰ ਇਕ ਨੌਕਰੀ ਮਿਲੀ ਜਿਥੇ ਕਿ ਉਸ ਨੂੰ ਅਸਥਾਈ ਹੁਨਰ ਵੀਜ਼ੇ ਲਈ ਸਪਾਂਸਰ ਕੀਤਾ ਗਿਆ।
ਜਦੋਂ ਉਸਨੇ 482 ਵੀਜ਼ਾ ਲਈ ਆਪਣੀ ਅਰਜ਼ੀ ਜਮ੍ਹਾਂ ਕਰਵਾਈ, ਤਾਂ ਉਸ ਨੂੰ ਬ੍ਰਿਜਿੰਗ ਵੀਜ਼ਾ ਏ ਪ੍ਰਾਪਤ ਹੋਇਆ, ਪਰ ਚੀਜ਼ਾਂ ਯੋਜਨਾ ਅਨੁਸਾਰ ਨਹੀਂ ਹੋ ਸਕੀਆਂ।
ਗ੍ਰਹਿ ਵਿਭਾਗ ਨੇ ਜੀਆਕੋਮੋ ਨੂੰ ਇਕ ਨੋਟਿਸ ਭੇਜਿਆ ਜਿਸ ਵਿਚ ਕਿਹਾ ਗਿਆ ਕਿ ਉਸ ਕੋਲ ਆਪਣੀ 482 ਵੀਜ਼ਾ ਅਰਜ਼ੀ ਵਾਪਸ ਲੈਣ ਅਤੇ ਇਕ ਹੋਰ ਵੀਜ਼ੇ ਲਈ ਅਰਜ਼ੀ ਦੇਣ ਜਾਂ ਦੇਸ਼ ਛੱਡਣ ਲਈ 35 ਦਿਨਾਂ ਦਾ ਸਮਾਂ ਹੈ।
ਜਿਸਤੋਂ ਬਾਅਦ ਉਸ ਨੇ ਇੱਕ ਮਾਈਗ੍ਰੇਸ਼ਨ ਏਜੰਟ ਦੀ ਮਦਦ ਨਾਲ ਵਿਜ਼ਟਰ ਵੀਜ਼ਾ ਲਈ ਅਰਜ਼ੀ ਪਾਈ, ਪਰ ਇਸਨੂੰ ਮਨਜ਼ੂਰ ਨਹੀਂ ਕੀਤਾ ਗਿਆ ਕਿਉਂਕਿ ਇਹ ਅਰਜ਼ੀ ਉਸ ਨੇ ਵਿਦਿਆਰਥੀ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ 28 ਦਿਨਾਂ ਬਾਅਦ ਦਿੱਤੀ ਸੀ, ਜੋ ਕਿ ਉਸ ਕੋਲ ਆਖ਼ਰੀ ਠੋਸ ਵੀਜ਼ਾ ਸੀ। ਉਸਨੇ ਇਸ ਫੈਸਲੇ ਨੂੰ ਮੂੜ੍ਹ ਵਿਚਾਰਨ ਦੀ ਅਪੀਲ ਕੀਤੀ ਹੈ।
ਮਾਈਗ੍ਰੇਸ਼ਨ ਵਰਲਡ ਦੇ ਮਾਈਗ੍ਰੇਸ਼ਨ ਏਜੰਟ ਇਮੈਨੁਏਲਾ ਕਨੀਨੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਲੋਕ ਕਾਨੂੰਨੀ ਤੌਰ 'ਤੇ ਇੱਥੇ ਕਿਸੇ ਨਾ ਕਿਸੇ ਵੀਜ਼ੇ' ਤੇ ਰਹਿ ਰਹੇ ਹਨ। ਹਾਲਾਂਕਿ, ਕਈ ਵਾਰ ਉਹ ਉਨ੍ਹਾਂ ਕੋਲ ਕੁਝ ਅਜਿਹੇ ਲੋਕ ਵੀ ਆਉਂਦੇ ਹਨ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੁੰਦੀ ਹੈ।

ਜਦੋਂ ਕੋਈ ਬਿਨਾ ਵੀਜ਼ੇ ਦੇ ਆਸਟ੍ਰੇਲੀਆ ਵਿੱਚ ਰਹਿਣ ਦਾ ਫੈਸਲਾ ਕਰਦਾ ਹੈ ਤਾਂ ਕੀ ਹੋ ਸਕਦਾ ਹੈ? Source: Getty Images
ਸ਼੍ਰੀਮਤੀ ਕਨੀਨੀ ਦੇ ਅਨੁਸਾਰ, ਇੱਥੇ ਗੈਰ-ਕਾਨੂੰਨੀ ਗੈਰ-ਨਾਗਰਿਕ ਹੋਣ ਦੇ ਮਤਲਬ ਬਾਰੇ ਇੱਕ ਗਲਤ ਪਰਿਭਾਸ਼ਾ ਫੈਲੀ ਹੋਈ ਹੈ।
ਵੀਜ਼ੇ ਸੰਬੰਧੀ ਕਾਨੂੰਨ, ਮਾਈਗ੍ਰੇਸ਼ਨ ਐਕਟ 1958 ਅਤੇ ਮਾਈਗ੍ਰੇਸ਼ਨ ਰੈਗੂਲੇਸ਼ਨ 1994 ਵਿੱਚ ਦੱਸੇ ਗਏ ਹਨ।
ਗ੍ਰਹਿ ਵਿਭਾਗ ਦੇ ਅਨੁਸਾਰ, 31 ਜਨਵਰੀ 2021 ਤੱਕ 156 ਗੈਰਕਾਨੂੰਨੀ ਗੈਰ-ਨਾਗਰਿਕ ਹਿਰਾਸਤ ਵਿਚ ਲਏ ਗਏ ਸਨ ਜਿਨ੍ਹਾਂ ਨੂੰ ਹੁਣ ਉਨ੍ਹਾਂ ਦੇ ਦੇਸ਼ ਵਾਪਿਸ ਭੇਜਣ ਦੀ ਉਡੀਕ ਕੀਤੀ ਜਾ ਰਹੀ ਹੈ।
ਕੋਮੈਂਡੀਨੀ ਮਾਈਗ੍ਰੇਸ਼ਨ ਸਰਵਿਸਿਜ਼ ਤੋਂ ਮਾਈਗ੍ਰੇਸ਼ਨ ਏਜੰਟ ਅਤੇ ਮਾਨਤਾ ਪ੍ਰਾਪਤ ਵਕੀਲ ਅਲੇਸਿਆ ਕੋਮੈਂਡੀਨੀ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਪਤਾ ਲਗ ਜਾਂਦਾ ਹੈ ਕਿ ਉਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਹੈ, ਤਾਂ ਬ੍ਰਿਜਿੰਗ ਵੀਜ਼ਾ ਈ ਦੀ ਬੇਨਤੀ ਕਰਕੇ ਗ੍ਰਹਿ ਵਿਭਾਗ ਨਾਲ ਰਵਾਨਗੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਜਿਸ ਨਾਲ ਉਹ ਦੇਸ਼ ਤੋਂ ਜਾਣ ਤੋਂ ਪਹਿਲਾਂ ਉਸ ਸਮੇਂ ਲਈ ਕਾਨੂੰਨੀ ਰੁਤਬਾ ਰੱਖ ਸਕਦੇ ਹਨ।
ਜੇ ਕਿਸੇ ਵਿਅਕਤੀ ਦੇ ਵੀਜ਼ੇ ਦੀ ਮਿਆਦ ਨੂੰ ਖ਼ਤਮ ਹੋਏ 28 ਦਿਨਾਂ ਤੋਂ ਘੱਟ ਸਮਾਂ ਹੋਇਆ ਹੈ, ਤਾਂ ਉਨ੍ਹਾਂ ਕੋਲ ਵਧੇਰੇ ਵਿਕਲਪ ਹਨ।
ਅੰਤਰਰਾਸ਼ਟਰੀ ਵਿਦਿਆਰਥੀ ਇਸ ਗ੍ਰੇਸ ਪੀਰੀਅਡ ਦੀ ਵਰਤੋਂ ਆਪਣੇ ਜੀਵਨ ਕਾਲ ਵਿੱਚ ਸਿਰਫ ਇੱਕ ਵਾਰ ਕਰ ਸਕਦੇ ਹਨ।
ਹਾਲਾਂਕਿ, ਜੇ ਕੋਈ ਵਿਅਕਤੀ ਗੈਰਕਾਨੂੰਨੀ ਵੀਜ਼ਾ ਸਥਿਤੀ ਨੂੰ ਸੁਲਝਾਏ ਬਿਨਾਂ 28 ਦਿਨਾਂ ਦੀ ਮਿਆਦ ਤੋਂ ਵੱਧ ਸਮੇਂ ਲਈ ਦੇਸ਼ ਵਿੱਚ ਰੁਕਦਾ ਹੈ, ਤਾਂ ਉਸਦੇ ਵਿਕਲਪ ਬਹੁਤ ਸੀਮਤ ਹੋ ਜਾਂਦੇ ਹਨ। ਕੁਝ ਮਾਮਲਿਆਂ ਵਿੱਚ, ਉਨ੍ਹਾਂ ਨੂੰ ਤਿੰਨ ਸਾਲਾਂ ਲਈ ਵੀਜ਼ਾ ਬੈਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੌਰਾਨ ਉਨ੍ਹਾਂ ਨੂੰ ਕੋਈ ਵੀ ਹੋਰ ਵੀਜ਼ਾ ਨਹੀਂ ਦਿੱਤਾ ਜਾਵੇਗਾ।
3 ਸਾਲਾਂ ਦਾ ਬੈਨ ਆਸਟ੍ਰੇਲੀਆ ਤੋਂ ਰਵਾਨਗੀ ਦੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਇਹ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਗ਼ੈਰਕਾਨੂੰਨੀ ਗੈਰ-ਨਾਗਰਿਕ ਸਥਿਤੀ ਨੂੰ ਵੀਜ਼ੇ ਦੀ ਮਿਆਦ ਖਤਮ ਹੋਣ ਦੇ 28 ਦਿਨਾਂ ਦੇ ਅੰਦਰ-ਅੰਦਰ ਨਹੀਂ ਸੁਲਝਾਇਆ ਜਾਂ ਬ੍ਰਿਜਿੰਗ ਵੀਜ਼ਾ ਸੀ, ਡੀ ਜਾਂ ਈ ਰੱਖਦੇ ਹੋਏ ਆਸਟ੍ਰੇਲੀਆ ਵਿੱਚ ਇੱਕ ਗੈਰਕਾਨੂੰਨੀ ਗੈਰ-ਨਾਗਰਿਕ ਬਨਣ ਤੋਂ ਪਹਿਲਾਂ ਨਹੀਂ ਛੱਡਿਆ।
ਤਾਂ ਫਿਰ, ਕੋਈ ਇਸ ਸਥਿਤੀ ਤੋਂ ਕਿਵੇਂ ਬਚ ਸਕਦਾ ਹੈ?
ਸ਼੍ਰੀਮਤੀ ਕਨੀਨੀ ਕਹਿੰਦੀ ਹੈ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਜ਼ੇ ਦੀ ਮਿਆਦ ਖਤਮ ਹੋਣ ਦੀ ਤਾਰੀਖ 'ਤੇ ਧਿਆਨ ਦਿੱਤਾ ਜਾਵੇ।
ਕੁਝ ਕੁ ਹਾਲਤਾਂ ਵਿੱਚ, ਜਿਨ੍ਹਾਂ ਲੋਕਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੈ, ਉਹ ਪ੍ਰੋਟੈਕਸ਼ਨ ਵੀਜ਼ੇ ਲਈ ਅਰਜ਼ੀ ਦੇ ਸਕਦੇ ਹਨ।
ਬੈਨ ਲਮਸਡੇਨ, ਜੋ ਕਿ ਰਫਿਊਜੀ ਐਡਵਾਈਸ ਐਂਡ ਕੇਸਵਰਕ ਸਰਵਿਸ ਦੇ ਸੁਪਰਵਾਈਜ਼ਿੰਗ ਸੀਨੀਅਰ ਸੋਲਿਸਿਟਰ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮਾਂ ਵਿਚ ਕੁਝ ਅਜਿਹੇ ਲੋਕਾਂ ਦੀ ਮਦਦ ਸ਼ਾਮਲ ਹੈ ਜੋ ਆਪਣੇ ਦੇਸ਼ ਵਿਚ ਸਤਾਏ ਜਾਣ ਦੇ ਡਰ ਨੂੰ ਮੰਨਦੇ ਹਨ।
ਆਰਏਸੀਐਸ ਨੇ ਹਾਲ ਹੀ ਵਿਚ ਵੈਨਜ਼ੂਏਲਾ ਦੇ ਕੁਝ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਸੁਰੱਖਿਆ ਵੀਜ਼ੇ ਲਈ ਬਿਨੈ ਕਰਨ ਵਿਚ ਸਹਾਇਤਾ ਕੀਤੀ ਹੈ।
ਸਹਾਇਤਾ ਉਨ੍ਹਾਂ ਲਈ ਉਪਲਬਧ ਹੈ ਜੋ ਕਾਨੂੰਨੀ ਪ੍ਰਤੀਨਿਧਤਾ ਕਰਨ ਦੇ ਯੋਗ ਨਹੀਂ ਹਨ। ਇਸ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਤੁਸੀਂ sbs.com.au/SettlementGuide ਤੇ ਜਾ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।