Key Points
- ਜੇਕਰ ਤੁਹਾਡੇ ਬੱਚੇ ਨੂੰ ਤੁਰੰਤ ਮਦਦ ਦੀ ਲੋੜ ਹੈ ਤਾਂ ਐਂਬੂਲੈਂਸ ਲਈ ਟ੍ਰਿਪਲ ਜ਼ੀਰੋ ਨੂੰ ਕਾਲ ਕਰੋ।
- ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਟ੍ਰਾਈਏਜ ਦੇਖਭਾਲ ਦਾ ਸ਼ੁਰੂਆਤੀ ਬਿੰਦੂ ਹੁੰਦਾ ਹੈ।
- ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰਾਂ ਨੂੰ ਉਨ੍ਹਾਂ ਦੇ ਬੱਚਿਆਂ ਵਿੱਚ ਕੀ ਸਮੱਸਿਆ ਲੱਗਦੀ ਹੈ ਅਤੇ ਐਮਰਜੈਂਸੀ ਵਿਭਾਗ ਤੋਂ ਛੁੱਟੀ ਮਿਲਣ 'ਤੇ ਉਨ੍ਹਾਂ ਦਾ ਇਲਾਜ ਕੀ ਹੋਵੇਗਾ?
ਮਾਪਿਆਂ ਨੂੰ ਆਪਣੇ ਬੱਚੇ ਨੂੰ ਐਮਰਜੈਂਸੀ ਵਿਭਾਗ ਕਦੋਂ ਲੈ ਕੇ ਜਾਣਾ ਚਾਹੀਦਾ ਹੈ, ਅਤੇ ਜੀਪੀ ਭਾਵ ਜਨਰਲ ਪ੍ਰੈਕਟੀਸ਼ਨਰ ਜਾਂ ਜ਼ਰੂਰੀ ਜਾਂ ਤਰਜੀਹੀ ਦੇਖਭਾਲ ਕਲੀਨਿਕਾਂ ਉਤੇ ਕਦੋਂ ਮਿਲਣਾ ਬਿਹਤਰ ਹੁੰਦਾ ਹੈ?
ਸਿਡਨੀ ਰਹਿੰਦੇ ਇੱਕ ਮਾਤਾ-ਪਿਤਾ, ਬੈਥਨੀ ਗਰਲਿੰਗ ਨੇ ਜਦੋਂ ਆਪਣੀ ਧੀ ਵਿੱਚ ਖਤਰਨਾਕ ਲੱਛਣ ਅਤੇ ਸੰਕੇਤ ਵੇਖੇ ਤਾਂ ਉਸ ਨੂੰ ਤੁਰੰਤ ਐਮਰਜੈਂਸੀ ਵਿਭਾਗ ਵਿੱਚ ਲਿਜਾਣ ਦਾ ਫੈਸਲਾ ਲਿਆ।
ਗਰਲਿੰਗ ਨੇ ਦੇਖਿਆ ਕਿ ਉਸ ਦੀ ਧੀ ਕੁਝ ਵੀ ਨਹੀਂ ਪੀ ਰਹੀ ਸੀ, ਉਸਦੀ ਛਾਤੀ ਜ਼ੋਰ ਨਾਲ ਕੰਮ ਕਰ ਰਹੀ ਸੀ, ਅਤੇ ਉਸ ਦੀਆਂ ਪਸਲੀਆਂ ਅੰਦਰ ਨੂੰ ਖਿੱਚੀਆਂ ਜਾ ਰਹੀਆਂ ਸਨ। ਬਿਨਾਂ ਕਿਸੇ ਝਿਜਕ ਦੇ, ਉਹ ਆਪਣੀ ਧੀ ਨੂੰ ਨੇੜਲੇ ਬੱਚਿਆਂ ਦੇ ਐਮਰਜੈਂਸੀ ਵਿਭਾਗ ਵਿੱਚ ਲੈ ਗਈ।

ਐਮਰਜੈਂਸੀ ਵਿਭਾਗ ਕਦੋਂ ਜਾਣਾ ਚਾਹੀਦਾ ਹੈ?
ਸਿਡਨੀ ਚਿਲਡਰਨ ਹਸਪਤਾਲ ਤੋਂ ਬੱਚਿਆਂ ਦੇ ਐਮਰਜੈਂਸੀ ਡਾਕਟਰ ਮੈਥਿਊ ਓ'ਮੀਆਰਾ ਸਲਾਹ ਦਿੰਦੇ ਹਨ ਕਿ ਮਾਪਿਆਂ ਨੂੰ ਬੱਚਿਆਂ ਦੀ ਪ੍ਰਵਿਰਤੀ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਆਪਣੇ ਬੱਚੇ ਬਾਰੇ ਫਿਕਰਮੰਦ ਹੋ ਤਾਂ ਡਾ. ਓ'ਮੀਆਰਾ ਮੌਜੂਦਾ ਸਿਹਤ ਦੇਖ-ਭਾਲ ਸੇਵਾਵਾਂ ਵੱਲ ਇਸ਼ਾਰਾ ਕਰਦੇ ਹਨ ਅਤੇ ਐਂਬੂਲੈਂਸ ਲਈ ਟ੍ਰਿਪਲ ਜ਼ੀਰੋ ਉੱਤੇ ਕਾਲ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਤੁਹਾਡੇ ਬੱਚਿਆਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਐਮਰਜੈਂਸੀ ਵਿਭਾਗ ਇੱਕ ਢੁੱਕਵਾਂ ਸਥਾਨ ਹੈ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਠੀਕ ਨਹੀਂ ਹੈ ਅਤੇ ਤੁਹਾਨੂੰ ਅੱਜ ਜਾਂ ਕੱਲ੍ਹ, ਬਾਅਦ ਵਿੱਚ ਉਨ੍ਹਾਂ ਨੂੰ ਮਿਲਣ ਦੀ ਲੋੜ ਹੈ, ਤਾਂ ਕਿਸੇ ਜਨਰਲ ਪ੍ਰੈਕਟਿਸ ਜਾਂ ਐਮਰਜੈਂਸੀ ਕੇਅਰ ਸੈਂਟਰ ਜਾਣਾ ਇੱਕ ਚੰਗਾ ਵਿਕਲਪ ਹੋਵੇਗਾ।

ਐਮਰਜੈਂਸੀ ਵਿਭਾਗ ਵਿੱਚ ਕੀ ਉਮੀਦ ਕਰਨੀ ਚਾਹੀਦੀ ਹੈ?
ਟ੍ਰਾਇਏਜ ਕਿਸੇ ਵੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਦੇਖਭਾਲ ਦਾ ਸ਼ੁਰੂਆਤੀ ਬਿੰਦੂ ਹੈ।
ਇਹ ਇੱਕ ਅਜਿਹੀ ਪ੍ਰਣਾਲੀ ਹੈ ਜੋ ਰੋਗੀਆਂ ਨੂੰ ਉਨ੍ਹਾਂ ਦੀ ਸਥਿਤੀ ਦੀ ਗੰਭੀਰਤਾ ਦੇ ਆਧਾਰ ਉੱਤੇ ਤਰਜੀਹ ਦੇਣ ਲਈ ਡਿਜਾਈਨ ਕੀਤੀ ਗਈ ਹੈ।
ਪਾਮੇਲਾ ਬੋਲਡ ਸਿਡਨੀ ਦੇ ਵੇਸਟਮੀਡ ਵਿੱਚ 'ਦਿ ਚਿਲਡਰਨਜ਼ ਹਸਪਤਾਲ' ਦੇ ਐਮਰਜੈਂਸੀ ਵਿਭਾਗ ਵਿੱਚ ਨਰਸ ਯੂਨਿਟ ਮੈਨੇਜਰ ਹਨ।
ਉਸ ਦਾ ਕਹਿਣਾ ਹੈ ਕਿ ਟ੍ਰਾਇਏਜ ਜਾਨਲੇਵਾ ਸਥਿਤੀਆਂ ਦੀ ਲੋੜ ਉੱਤੇ ਆਧਾਰਿਤ ਹੈ। ਸਭ ਤੋਂ ਗੰਭੀਰ ਮਾਮਲਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ।
ਇਹ ਮੁਲਾਂਕਣ ਵੱਖ-ਵੱਖ ਹਾਲਾਤ ਦੇ ਆਧਾਰ ਉੱਤੇ ਵੱਖਰਾ ਹੁੰਦਾ ਹੈ, ਕਿਉਂਕਿ ਵੱਖ-ਵੱਖ ਬੀਮਾਰੀਆਂ ਅਤੇ ਸੱਟਾਂ ਨੂੰ ਜਾਨਲੇਵਾ ਮੰਨਿਆ ਜਾ ਸਕਦਾ ਹੈ।
ਜੇਕਰ ਤੁਸੀਂ ਐਮਰਜੈਂਸੀ ਵਿਭਾਗ ਵਿੱਚ ਜਾਣ ਤੋਂ ਪਹਿਲਾਂ ਤਿਆਰੀ ਕਰ ਸਕਦੇ ਹੋ ਤਾਂ ਮਿਸ ਬੋਲਡ ਸੁਝਾਅ ਦਿੰਦੀ ਹੈ ਕਿ ਤੁਸੀਂ ਆਪਣੇ ਮੁੱਢਲੇ ਵੇਰਵੇ ਆਪਣੇ ਹੱਥ ਵਿੱਚ ਰੱਖੋ।
ਕੀ ਮੈਨੂੰ ਪੈਸੇ ਦੇਣੇ ਪੈਣਗੇ?
ਆਸਟ੍ਰੇਲੀਆ ਵਿੱਚ, ਮੈਡੀਕੇਅਰ ਕਾਰਡਧਾਰਕਾਂ ਲਈ ਜਨਤਕ ਹਸਪਤਾਲ ਦੇ ਐਮਰਜੈਂਸੀ ਵਿਭਾਗਾਂ ਵਿੱਚ ਜਾਣਾ ਮੁਫ਼ਤ ਹੈ।
ਹਾਲਾਂਕਿ, ਜੇਕਰ ਤੁਸੀਂ ਕਿਸੇ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਇੱਕ ਫੀਸ ਅਦਾ ਕਰਨੀ ਪਵੇਗੀ।
ਐਂਬੂਲੈਂਸ ਸੇਵਾਵਾਂ ਲਈ ਵੀ ਆਮ ਤੌਰ 'ਤੇ ਜ਼ਿਆਦਾਤਰ ਰਾਜਾਂ ਵਿੱਚ ਪੈਸੇ ਅਦਾ ਕਰਨੇ ਪੈਂਦੇ ਹਨ ਅਤੇ ਇਹ ਅਦਾਇਗੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਹੜੇ ਸੂਬੇ ਵਿੱਚ ਰਹਿੰਦੇ ਹੋ।। ਕੁਝ ਲੋਕ, ਜਿਵੇਂ ਕਿ ਰਿਆਇਤ ਕਾਰਡਧਾਰਕ ਜਾਂ ਨਿੱਜੀ ਸਿਹਤ ਬੀਮਾ ਵਾਲੇ, ਇਹਨਾਂ ਖਰਚਿਆਂ ਤੋਂ ਛੋਟ ਪ੍ਰਾਪਤ ਕਰ ਸਕਦੇ ਹਨ।

ਮਾਪਿਆਂ ਲਈ ਸੁਝਾਅ ਅਤੇ ਫਾਲੋ-ਅੱਪ ਦੇਖਭਾਲ
ਬੱਚਿਆਂ ਦੇ ਐਮਰਜੈਂਸੀ ਵਿਭਾਗ ਵਿੱਚ ਆਪਣੀ ਦੌਰੇ ਦੇ ਅਖੀਰ ਵਿੱਚ, ਤੁਹਾਨੂੰ ਆਪਣੇ ਬੱਚੇ ਦੀ ਸਿਹਤ ਨਾਲ ਜੁੜੀਆਂ ਕਈ ਮਹੱਤਵਪੂਰਨ ਗੱਲਾਂ ਦਾ ਪਤਾ ਲੱਗ ਜਾਣਾ ਚਾਹੀਦਾ ਹੈ।
ਡਾ. ਓਮੀਆਰਾ ਇਸ ਤਰ੍ਹਾਂ ਦੱਸਦੇ ਹਨ ਕਿ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਨੂੰ ਤੁਹਾਡੇ ਨਾਲ ਦਵਾਈਆਂ, ਇਲਾਜਾਂ, ਉਨ੍ਹਾਂ ਦੇ ਪ੍ਰਭਾਵਾਂ ਅਤੇ ਕਿਸੇ ਵੀ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਨੀ ਚਾਹੀਦੀ ਹੈ।
ਉਹ ਤੁਹਾਨੂੰ ਇਹ ਵੀ ਸਲਾਹ ਦੇਣਗੇ ਕਿ ਐਮਰਜੈਂਸੀ ਤੋਂ ਘਰ ਜਾਣ ਤੋਂ ਬਾਅਦ ਜੇਕਰ ਤੁਹਾਡੇ ਬੱਚੇ ਨੂੰ ਦੇਖਭਾਲ ਦੀ ਲੋੜ ਹੈ ਤਾਂ ਕਿੱਥੇ ਜਾਣਾ ਹੈ?
ਜੇਕਰ ਤੁਹਾਡਾ ਪਰਿਵਾਰ ਅੰਗਰੇਜੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਨੂੰ ਚੁਣਦਾ ਹੈ ਤਾਂ ਤੁਸੀਂ 131450 ਉੱਤੇ ਕਾਲ ਕਰ ਕੇ ਸਿਹਤ ਸੇਵਾਵਾਂ ਬਾਰੇ ਗੱਲਬਾਤ ਕਰਨ ਵਿੱਚ ਮਦਦ ਲਈ ਮੁਫਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਤੱਕ ਪਹੁੰਚ ਕਰ ਸਕਦੇ ਹੋ।
ਹੁਣ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਐਮਰਜੈਂਸੀ ਵਿਭਾਗ ਵਿੱਚ ਜਾਣਾ ਹੈ ਤਾਂ ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ ਪਰ ਤੁਸੀਂ ਇਨ੍ਹਾਂ ਸਥਿਤੀਆਂ ਵਿੱਚ ਸਾਹਮਣੇ ਆਉਣ ਵਾਲੇ ਅੰਗਰੇਜੀ ਸ਼ਬਦਾਂ ਅਤੇ ਵਾਕਾਂ ਬਾਰੇ ਵੀ ਜਾਣ ਸਕਦੇ ਹੋ।
ਆਪਣੀ ਅੰਗਰੇਜੀ ਸੁਧਾਰਨ ਅਤੇ ਹਸਪਤਾਲ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਸਮੇਂ ਵਧੇਰੇ ਆਤਮਵਿਸ਼ਵਾਸ਼ ਮਹਿਸੂਸ ਕਰਨ ਲਈ ਐਸ ਬੀ ਐਸ ਲਰਨ ਇੰਗਲਿਸ਼ ਦਾ 85ਵਾਂ ਭਾਗ ਸੁਣੋ।
ਹੋਰ ਜਾਣਕਾਰੀ ਲਈ ਹੈਲਥ ਡਾਇਰੈਕਟ ਜਾਂ ਆਪਣੇ ਸਥਾਨਕ ਹਸਪਤਾਲ ਦੀ ਵੈਬਸਾਈਟ healthdirect.gov.au. ’ਤੇ ਜਾਓ।
ਇਸ ਵਿਸ਼ੇ ਦਾ ਸੁਝਾਅ ਦੇਣ ਲਈ ਸਿਡਨੀ ਚਿਲਡਰਨ ਹਸਪਤਾਲ ਨੈੱਟਵਰਕ ਦਾ ਧੰਨਵਾਦ। ਤੱਥ ਪੱਤਰ (ਕਈ ਭਾਸ਼ਾਵਾਂ ਵਿੱਚ) ਅਤੇ ਹੋਰ ਜਾਣਕਾਰੀ SCHN ਵੈੱਬਸਾਈਟ 'ਤੇ ਉਪਲਬਧ ਹੈ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ? ਸਾਨੂੰ australiaexplained@sbs.com.au 'ਤੇ ਈਮੇਲ ਭੇਜੋ।














