'ਲਿਟਲ ਇੰਡੀਆ ਆਸਟ੍ਰੇਲੀਆ' ਦੇ ਪ੍ਰਧਾਨ ਗੁਰਮੀਤ ਸਿੰਘ ਤੁਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ 'ਪੈਰਾਮਾਟਾ ਸਿਟੀ ਕਾਉਂਸਿਲ' ਨੇ 2019 ਵਿੱਚ 'ਹੈਰਿਸ ਪਾਰਕ' ਦੇ ਇੱਕ ਹਿੱਸੇ ਨੂੰ 'ਲਿਟਲ ਇੰਡੀਆ ਆਸਟ੍ਰੇਲੀਆ' ਕਹੇ ਜਾਣ ਲਈ ਇੱਕ ਮਤਾ ਪਾਸ ਕੀਤਾ ਸੀ।
ਉਹਨਾਂ ਦੱਸਿਆ ਕਿ 2021 ਵਿੱਚ, ਪੈਰਾਮਾਟਾ ਕਾਉਂਸਿਲ ਨੇ ਅਜ਼ਮਾਇਸ਼ ਦੇ ਅਧਾਰ ਉੱਤੇ ਹੈਰਿਸ ਪਾਰਕ ਦੀਆਂ ਤਿੰਨ ਗਲੀਆਂ ਦਾ ਨਾਮ 'ਲਿਟਲ ਇੰਡੀਆ' ਖੇਤਰ ਵਜੋਂ ਘੋਸ਼ਿਤ ਕੀਤਾ ਸੀ ਅਤੇ ਇਹ ਆਦੇਸ਼ ਅਜੇ ਵੀ ਮੌਜੂਦਾ ਹੈ।
ਧਿਆਨਯੋਗ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਫੇਰੀ ਤੋਂ ਪਹਿਲਾਂ, 'ਹੈਰਿਸ ਪਾਰਕ' ਦੇ ਇਸ ਹਿੱਸੇ ਦਾ ਨਾਂ ਬਦਲ ਕੇ 'ਲਿਟਲ ਇੰਡੀਆ' ਰੱਖਣ ਦੀ ਮੰਗ ਇਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ।

Gurmeet Singh Tuli is the President of Little India Australia. Credit: Gurmeet Tuli
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ, ਸਿਰਫ ਕਾਉਂਸਿਲ ਨੇ ਇਸਨੂੰ 2021 ਵਿੱਚ ਅਤੇ ਇੱਕ ਅਜ਼ਮਾਇਸ਼ ਦੇ ਅਧਾਰ ਉੱਤੇ ਮਨਜ਼ੂਰੀ ਦਿੱਤੀ ਸੀ। ਉਸ ਤੋਂ ਬਾਅਦ, ਅਗਲਾ ਮਹੱਤਵਪੂਰਨ ਕਦਮ, ਜੋ ਕਿ 'ਐਨ ਐਸ ਡਬਲਿਊ' ਦੇ ਭੂਗੋਲਿਕ ਨਾਮਕਰਨ ਬੋਰਡ ਕੋਲ ਇੱਕ ਰਸਮੀ ਬਿਨੈ-ਪੱਤਰ ਜਮ੍ਹਾ ਕਰਨਾ ਸੀ, ਕਦੇ ਨਹੀਂ ਚੁੱਕਿਆ ਗਿਆ।
ਸ੍ਰੀ ਤੁਲੀ ਨੇ ਸਲਾਹ ਦਿੱਤੀ ਕਿ ਇਸ ਸਬੰਧ ਵਿਚ ਸਾਰੇ ਸਬੰਧਤ ਦਸਤਾਵੇਜ਼ 'ਲਿਟਲ ਇੰਡੀਆ ਆਸਟ੍ਰੇਲੀਆ' ਦੇ ਫੇਸਬੁੱਕ ਪੇਜ ਉੱਤੇ ਉਪਲਬਧ ਹਨ।
ਸ੍ਰੀ ਤੁੱਲੀ ਨੇ ਕਿਹਾ, “ਅਜੇ ਵੀ ਸੰਭਾਵਨਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਕਿਸੇ ਸਮੇਂ ਇੱਕ ਤਖ਼ਤੀ ਦਾ ਉਦਘਾਟਨ ਕਰ ਸਕਦੇ ਹਨ ਪਰ ਇਸਦੀ ਵੀ ਅਜੇ ਪੁਸ਼ਟੀ ਨਹੀਂ ਹੋਈ ਹੈ।”
ਉਨ੍ਹਾਂ ਸਮਾਜ ਨੂੰ ਇਸ 'ਲਿਟਲ ਇੰਡੀਆ' ਵਾਲੇ ਨਾਮ ਨੂੰ ਬਦਲੇ ਜਾਣ ਵਾਲੇ ਕਾਰਜਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ।
ਆਸਟ੍ਰੇਲੀਆ ਵਿੱਚ ਕਿਸੇ ਸਥਾਨ ਦਾ ਨਾਮ ਬਦਲਣ ਲਈ ਸਾਰੇ ਮਹੱਤਵਪੂਰਨ ਕਦਮਾਂ ਦੀ ਵਿਆਖਿਆ ਕਰਦੇ ਹੋਏ ਮਿਸਟਰ ਤੁਲੀ ਨਾਲ ਕੀਤੀ ਹੋਈ ਇਹ ਇੰਟਰਵਿਊ ਸੁਣਨ ਲਈ ਕਿਰਪਾ ਕਰਕੇ ਸਪੀਕਰ ਵਾਲੇ ਆਈਕਨ ਉੱਤੇ ਕਲਿੱਕ ਕਰੋ।