ਨੇਪਾਲ ਦੇ ਅਨਿਲ ਅਚਾਰੀਆ ਨੂੰ ਸਿਡਨੀ ਸ਼ਹਿਰ ਦੀ ਜ਼ਿੰਦਗੀ ਕੁੱਝ ਉਕਾਊ ਮਹਿਸੂਸ ਹੁੰਦੀ ਸੀ।
ਇੱਕ ਸਾਲ ਪਹਿਲਾਂ ਨੇਪਾਲ ਤੋਂ ਆਪਣੀ ਪਤਨੀ ਨਾਲ ਆਸਟ੍ਰੇਲੀਆ ਆਉਣ ਵਾਲੇ ਆਚਾਰਿਆ ਨੂੰ ਮਹਿਸੂਸ ਹੁੰਦਾ ਸੀ ਕਿ ਇੱਕ ਇੰਜੀਨੀਅਰ ਵਜੋਂ ਕੰਮ ਕਰਦੇ ਹੋਏ ਉਹ ਆਪਣੇ ਪਰਿਵਾਰ ਨੂੰ ਲੋੜੀਂਦਾ ਸਮ੍ਹਾਂ ਨਹੀਂ ਦੇ ਪਾ ਰਹੇ ਸਨ।
ਇਸ ਲਈ ਉਹਨਾਂ ਨੇ ਖੇਤਰੀ ਇਲਾਕੇ ਵਿੱਚ ਇੱਕ ਸ਼ਾਂਤ ਅਤੇ ਵਧੇਰੇ ਆਰਾਮਦਾਇਕ ਜੀਵਨ ਸ਼ੈਲੀ ਦੀ ਭਾਲ ਕਰਨ ਦਾ ਫੈਸਲਾ ਕੀਤਾ।
ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਉਹਨਾਂ ਦੀ ਜ਼ਿੰਦਗੀ ਕਾਫੀ ਬੇਹਤਰ ਹੋ ਗਈ ਹੈ।
ਅਜਿਹਾ ਸੋਚਣ ਵਾਲੇ ਸਿਰਫ ਆਚਾਰਿਆ ਜਾਂ ਉਹਨਾਂ ਦਾ ਪਰਿਵਾਰ ਹੀ ਨਹੀਂ ਹੈ ਬਲਕਿ ‘ਰੀਜਨਲ ਆਸਟ੍ਰੇਲੀਆ ਇੰਸਟੀਟਿਊਟ’ ਦੀ ਖੋਜ ਮੁਤਾਬਕ ਹਰੇਕ ਪੰਜ ਆਸਟ੍ਰੇਲੀਅਨ ਵਿਅਕਤੀਆਂ ਵਿੱਚੋਂ ਇੱਕ ਆਸਟ੍ਰੇਲੀਅਨ ਅਜਿਹਾ ਹੀ ਸੋਚਦਾ ਹੈ।
ਇੰਸਟੀਚਿਊਟ ਨੇ ਪਾਇਆ ਹੈ ਕਿ ਮਹਾਂਮਾਰੀ ਦੇ ਕਾਰਨ ਬਦਲਦੇ ਹੋਏ ਮਾਈਗ੍ਰੇਸ਼ਨ ਪੈਟਰਨ ਦੇ ਕਾਰਨ 2020 ਅਤੇ 2021 ਦੇ ਵਿਚਕਾਰ ਖੇਤਰੀ ਆਸਟ੍ਰੇਲੀਆ ਵਿੱਚ 70,000 ਲੋਕਾਂ ਦਾ ਵਾਧਾ ਹੋਇਆ ਹੈ।
ਇਸ ਸਾਲ, ਖੇਤਰੀ ਵਸਨੀਕਾਂ ਦੇ ਸ਼ਹਿਰਾਂ ਵਿੱਚ ਵਾਪਸ ਪਰਤਣ ਵਿੱਚ ਥੋੜੇ ਜਿਹੇ ਵਾਧੇ ਦੇ ਬਾਵਜੂਦ, ਖੇਤਰੀ ਪ੍ਰਵਾਸ ਪੂਰਵ-ਮਹਾਂਮਾਰੀ ਪੱਧਰਾਂ ਤੋਂ 16 ਪ੍ਰਤੀਸ਼ਤ ਵੱਧ ਹੈ।
ਪਰ ਰੀਜਨਲ ਵਿੱਚ ਵਸਣ ਦੇ ਫਾਇਦਿਆਂ ਦਾ ਨਾਲ ਨਾਲ ਇਸਦੀਆਂ ਕੁੱਝ ਖਾਮੀਆਂ ਵੀ ਹਨ।
ਖੇਤਰੀ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਉਪਲਬਧਤਾ ਲੋਕਾਂ ਨੂੰ ਖੇਤਰਾਂ ਵਿੱਚ ਜਾਣ ਤੋਂ ਰੋਕਣ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ, 75 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਸਿਹਤ ਸੇਵਾਵਾਂ ਤੱਕ ਪਹੁੰਚ ਕਰਨਾ ਸ਼ਹਿਰੀ ਖੇਤਰਾਂ ਨਾਲੋਂ ਵਧੇਰੇ ਮੁਸ਼ਕਲ ਹੈ।
ਸ਼ਹਿਰ ਤੋਂ ਲੋਕਾਂ ਦੀ ਆਮਦ ਵੀ ਰਿਹਾਇਸ਼ ਦੀ ਉਪਲਬਧਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।




