ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਨੌਕਰੀ ਇੱਕ ਭਾਰਤੀ ਕੈਫੇ ਵਿੱਚ ਸੀ ਅਤੇ ਇਸ ਨੌਕਰੀ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ।
ਸ਼੍ਰੀਮਤੀ ਕੌਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਨੌਕਰੀ ਦੇਣ ਸਮੇਂ ਕਈ ਵਾਅਦੇ ਕੀਤੇ ਗਏ ਸਨ ਪਰ ਫਿਰ ਟ੍ਰੇਨਿੰਗ ਦੱਸ ਕੇ ਉਨ੍ਹਾਂ ਨੂੰ ਬਣਦੀ ਤਨਖਾਹ ਵੀ ਨਹੀਂ ਦਿੱਤੀ ਗਈ। ਉਨ੍ਹਾਂ ਮੁਤਾਬਕ ਇੱਕ ਵਾਰ ਨਹੀਂ ਬਲਕਿ ਕਈ ਵਾਰ ਉਸ ਨੌਕਰੀ ਦੌਰਾਨ ਉਨ੍ਹਾਂ ਦਾ ਬਣਦਾ ਇਵਜ਼ਾਨਾ ਨਹੀਂ ਦਿੱਤਾ ਗਿਆ ਸੀ।
ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਡਰਦੇ ਸਨ ਕਿ ਕਿਤੇ ਬੋਲਣ ਨਾਲ ਉਨ੍ਹਾਂ ਨੂੰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਲਈ ਉਨ੍ਹਾਂ ਨੇ ਸ਼ਿਕਾਇਤ ਕਰਨ ਦੀ ਬਜਾਏ ਨੌਕਰੀ ਛੱਡਣਾ ਬਹਿਤਰ ਸਮਝਿਆ।

ਜਦੋਂ ਇਸ ਬਾਬਤ ਐਸ.ਬੀ.ਐਸ. ਪੰਜਾਬੀ ਵੱਲੋਂ ਕੁੱਝ ਰੈਸਟੋਰੈਂਟਾਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਉੱਤੇ ਉਨ੍ਹਾਂ ਦੇ ਬਿਆਨ ਵੱਖੋ-ਵੱਖਰੇ ਸਨ।
ਕੁੱਝ ਕਾਰੋਬਾਰੀਆਂ ਨੇ ਜ਼ਿਕਰ ਕੀਤਾ ਕਿ ਅਜਿਹਾ ਉਨ੍ਹਾਂ ਨਾਲ ਵੀ ਹੋ ਚੁੱਕਾ ਹੈ ਪਰ ਉਸ ਸਮੇਂ ਉਨ੍ਹਾਂ ਵਿੱਚ ਜਾਗਰੂਕਤਾ ਦੀ ਕਮੀ ਸੀ। ਉਨ੍ਹਾਂ ਮੁਤਾਬਕ ਜਿਥੇ ਕੁੱਝ ਮਾਲਕਾਂ ਵੱਲੋਂ ਕਾਮਿਆਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ ਉਥੇ ਹੀ ਕਈ ਵਾਰ ਕਾਮੇ ਵੀ ਨੌਕਰੀ ਮਿਲਣ ਤੋਂ ਬਾਅਦ ਅਲੱਗ ਰਵੱਈਆ ਦਿਖਾਉਣ ਲੱਗ ਜਾਂਦੇ ਹਨ।
ਕੁੱਝ ਲੋਕਾਂ ਨੇ ਇਹ ਵੀ ਦੱਸਿਆ ਕਿ ਅੱਜ ਤੋਂ ਕੁੱਝ ਸਾਲ ਪਹਿਲਾਂ ਦੇ ਮੁਕਾਬਲੇ ਮੌਜੂਦਾ ਹਾਲਾਤਾਂ ਵਿੱਚ ਵਿਦਿਆਰਥੀਆਂ ਅਤੇ ਨਵੇਂ ਕਾਮਿਆਂ ਨੂੰ ਬੇਹਤਰ ਸੁਵਿਧਾਵਾਂ ਮਿਲਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਮਾਲਕਾਂ ਅਤੇ ਕਾਮਿਆਂ ਦੋਵਾਂ ਨੂੰ ਹੀ 'ਪੇਪਰ ਵਰਕ' ਉੱਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਵੀ ਦੋਵਾਂ ਧਿਰਾਂ ਦੀਆਂ ਸ਼ਰਤਾਂ ਹੋਣ ਉਸਨੂੰ ਲ਼ਿਖਤੀ ਰੂਪ ਵਿੱਚ ਹੀ ਸਵੀਕਾਰਨਾ ਚਾਹੀਦਾ ਹੈ ਤਾਂ ਜੋ ਕੋਈ ਮੁਸ਼ਕਿਲ ਨਾ ਆਵੇ।

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਸਨੀ ਦੁੱਗਲ ਨੂੰ 2020 ਵਿੱਚ 'ਮਲਟੀਕਲਚਰ ਅਵਾਰਡ ਫਾਰ ਐਕਸੀਲੈਂਸ' ਨਾਲ ਨਵਾਜ਼ਿਆ ਗਿਆ ਸੀ। ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਪਹਿਲਾਂ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਅਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲਦੀਆਂ ਸਨ ਜਿਥੇ ਕੰਮ ਦੌਰਾਨ ਕੁੱਝ ਲੋਕਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਸੀ।
ਸ਼੍ਰੀ ਦੁੱਗਲ ਮੁਤਾਬਕ ਕੋਵਿਡ-19 ਤੋਂ ਬਾਅਦ ਸਟਾਫ ਦੀ ਕਮੀ ਅਤੇ ਸਮੇਂ ਦੇ ਨਾਲ-ਨਾਲ ਕਾਮਿਆਂ ਅਤੇ ਮਾਲਕਾਂ ਵਿੱਚ ਵਧੇਰੇ ਜਾਗਰੂਕਤਾ ਆਉਣ ਕਾਰਨ ਹੁਣ ਸਥਿਤੀ ਕਾਫੀ ਬਹਿਤਰ ਹੋ ਗਈ ਹੈ।
ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਜਾਂ ਤੁਹਾਡੀ ਕੋਈ ਸ਼ਿਕਾਇਤ ਹੈ ਤਾਂ ਫੇਅਰ ਵਰਕ ਓਮਬਡਜ਼ਮੈਨ ਦੇ ਨੰਬਰ 131394 ‘ਤੇ ਕਾਲ ਕਰੋ। ਫੇਅਰ ਵਰਕ ਓਮਬਡਜ਼ਮੈਨ ਵੱਲੋਂ 30 ਭਾਸ਼ਾਂਵਾਂ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਜੇਕਰ ਤੁਸੀਂ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਨ ਲਈ ਦੋਭਾਸ਼ੀਏ ਦੀ ਸਹਾਇਤਾ ਲੈਣਾ ਚਹੁੰਦੇ ਹੋ ਤਾਂ 131450 ਉੱਤੇ ਫੋਨ ਕਰ ਕੇ ਆਪਰੇਟਰ ਨੂੰ ਤੁਹਾਡੇ ਵੱਲੋਂ ਬੋਲੀ ਜਾਂਦੀ ਭਾਸ਼ਾ ਦੱਸ ਕੇ ਉਸਨੂੰ ਫੇਅਰ ਵਰਕ ਦੇ ਨੰਬਰ ‘ਤੇ ਕਾਲ ਕਰਨ ਲਈ ਕਹਿ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







