ਯੂਨਾਇਟੇਡ ਸਟੇਟਸ ਦੇ ਰਾਸ਼ਟਰਪਤੀ ਵਾਲੀਆਂ 2020 ਦੀਆਂ ਚੋਣਾਂ ਵਿੱਚ ਬੇਸ਼ਕ ਪਹਿਲਾਂ ਕੁੱਝ ਕੁੜੱਤਣ ਭਰੀ ਹੋਈ ਸੀ, ਪਰ ਅੰਤ ਨੂੰ ਲ਼ੋਕਾਂ ਵਲੋਂ ਇਸ ਦਾ ਆਤਿਸ਼ਬਾਜ਼ੀ, ਵਧਾਈਆਂ, ਲਲਕਾਰਿਆਂ ਅਤੇ ਨਾਚ-ਗਾਣਿਆ ਨਾਲ ਸਵਾਗਤ ਕੀਤਾ ਗਿਆ ਹੈ।
ਬੇਸ਼ਕ ਕਈ ਕੇਬਲ ਨਿਊਜ਼ ਨੈਟਰਵਰਕਸ ਅਤੇ ਹੋਰ ਮੀਡੀਆ ਅਦਾਰਿਆਂ ਨੇ ਪਹਿਲਾਂ ਹੀ ਸ਼੍ਰੀ ਬਾਈਡਨ ਦੀ ਜਿੱਤ ਦਾ ਅਨੁਮਾਨ ਲਗਾ ਦਿੱਤਾ ਸੀ ਪਰ ਨਿਊਯਾਰਕ ਤੋਂ ਲੈ ਕੇ ਲਾਸ ਐਂਜਲਸ ਤੱਕ, ਯੂਨਾਇਟੇਡ ਸਟੇਟਸ ਲਈ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਸਮਰਥਕਾਂ ਨੇ ਹੁਣ ਜਾ ਕਿ ਸੁੱਖ ਦਾ ਸਾਹ ਲਿਆ ਹੈ।
ਕਈਆਂ ਨੇ ਤਾਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਹੋਈ ਸ਼੍ਰੀ ਬਾਈਡਨ ਦੀ ਇਸ ਜਿੱਤ ਦਾ ਜਸ਼ਨ ਵਾੲ੍ਹੀਟ ਹਾਊਸ ਮੂਹਰੇ ਜਾ ਕਿ ਮਨਾਇਆ ਹੈ ਅਤੇ ਇਹਨਾਂ ਵਿੱਚੋਂ ਕਈਆਂ ਨੇ ਐਸ ਬੀ ਐਸ ਨਿਊਜ਼ ਨਾਲ ਗੱਲ ਕਰਕੇ ਦੱਸਿਆ ਹੈ ਕਿ ਇਸ ਜਿੱਤ ਦਾ ਅਮਰੀਕਾ ਲਈ ਕੀ ਮਹੱਤਵ ਹੈ।
ਬਹੁਤ ਸਾਰੇ ਲੋਕਾਂ ਨੇ ਸ਼੍ਰੀ ਬਾਈਡਨ ਦੇ ਜਿੱਤ ਵਾਲੇ ਭਾਸ਼ਣ ਨੂੰ ਖੜ੍ਹ ਖੜ੍ਹ ਕੇ ਸੁਣਿਆ ਅਤੇ ਕਈਆਂ ਨੇ ਲਾਊਡ ਸਪੀਕਰ ਲਾ ਕੇ ਦੂਜਿਆਂ ਤੱਕ ਵੀ ਇਸ ਨੂੰ ਲਾਈਵ ਪਹੁੰਚਾਇਆ। ਪੈਨਸਿਲਵੇਨਿਆ, ਨਿਵਾਡਾ, ਅਰੀਜ਼ੋਨਾ, ਵਿਨਕੋਨਸਿਨ ਅਤੇ ਮਿਚੀਗਨ ਸੂਬਿਆਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੀ ਬਾਈਡਨ ਵਲੋਂ ਲੋੜੀਂਦੀਆਂ 270 ਇਲੈਕਟੋਰਲ ਵੋਟਾਂ ਹਾਸਲ ਕਰ ਲਈਆਂ ਗਈਆਂ ਹਨ।
ਸ਼੍ਰੀ ਬਾਈਡਨ ਵਲੋਂ “ਜੋੜਨ” ਅਤੇ “ਸਬੰਧਾਂ ਨੂੰ ਸੁਧਾਰਨ” ਦਾ ਵਾਅਦਾ ਕੀਤਾ ਗਿਆ ਹੈ ਅਤੇ ਨਾਲ ਹੀ ਉਹਨਾਂ ਨੇ ਅਫਰੀਕੀ ਮੂਲ ਦੇ ਅਮਰੀਕਨ ਵੋਟਰਾਂ ਦਾ ਖਾਸ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਸ਼੍ਰੀ ਬਾਈਡਨ ਵਿੱਚ ਭਰੋਸਾ ਜਤਾਇਆ ਹੈ।
ਉਹਨਾਂ ਨੇ ਸ਼੍ਰੀ ਟਰੰਪ ਦੇ ਸਮਰਥਕਾਂ ਨੂੰ ਵੀ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣੇ ਦਿਲਾਂ ਵਿੱਚੋਂ ਕੁੜੱਤਣ ਕੱਢ੍ਹ ਦੇਣ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਦੁਸ਼ਮਣ ਨਾ ਸਮਝਣ।
ਅਮਰੀਕਾ ਦੀ ਉੱਪ-ਰਾਸ਼ਟਰਪਤੀ ਵਜੋਂ ਚੁਣੀ ਗਈ ਪਹਿਲੀ ਔਰਤ, ਕਮਾਲਾ ਹੈਰਿਸ ਨੇ ਵੋਟਰਾਂ ਨੂੰ ਆਪਣਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਬੇਸ਼ਕ ਉਹ ਇਸ ਅਹੁਦੇ ਲਈ ਚੁਣੀ ਗਈ ਪਹਿਲੀ ਔਰਤ ਹਨ, ਪਰ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਹੋਰ ਔਰਤਾਂ ਵੀ ਅੱਗੇ ਆਉਂਦੀਆਂ ਰਹਿਣਗੀਆਂ।
ਮਿਸ ਹੈਰਿਸ ਨੂੰ ਪਹਿਲੀ ਅਫਰੀਕੀ-ਅਮਰੀਕੀ ਮੂਲ ਦੀ ਔਰਤ ਹੋਣ ਦੇ ਨਾਲ ਨਾਲ ਪਹਿਲੀ ਸਾਊਥ ਏਸ਼ੀਅਨ ਉੱਪ ਰਾਸ਼ਟਰਪਤੀ ਹੋਣ ਦਾ ਮਾਣ ਵੀ ਹਾਸਲ ਹੋਇਆ ਹੈ। ਉਹਨਾਂ ਨੂੰ ਇਸ ਅਹੁਦੇ ਲਈ ਚੁਣੇ ਜਾਣ ‘ਤੇ ਸੰਸਾਰ ਭਰ ਤੋਂ ਵਧਾਈ ਸੁਨੇਹੇ ਮਿਲੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ ਕਿ ਉਹ ਸ਼੍ਰੀ ਬਾਈਡਨ ਅਤੇ ਮਿਸ ਹੈਰਿਸ ਨਾਲ ਹੋਰ ਵੀ ਗੂੜ੍ਹੇ ਸਬੰਧਾਂ ਦੀ ਆਸ ਰੱਖਦੇ ਹਨ।
ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਵੀ ਆਪਣੇ ਵਧਾਈ ਸੁਨੇਹੇ ਵਿੱਚ ਇਸ ਜਿੱਤ ਨੂੰ ਵਿਲੱਖਣ ਦੱਸਿਆ ਹੈ।
ਸ਼੍ਰੀ ਬਾਈਡਨ ਨੇ ਆਪਣੇ ਸੁਨੇਹੇ ਵਿੱਚ ਨਸਲੀ ਵਿਕਤਆਂਿ ਨੂੰ ਨੱਥ ਪਾਉਣ ਅਤੇ ਕਲਾਈਮੇਟ ਚੇਂਜ ਉੱਤੇ ਕਾਬੂ ਕਰਨ ਬਾਰੇ ਖਾਸ ਤੌਰ ਤੇ ਕਿਹਾ ਹੈ। ਇਸ ਨਾਲ ਆਸਟ੍ਰੇਲੀਆ ਉੱਤੇ ਵੀ ਜਲਵਾਯੂ ਨੀਤੀਆਂ ਸੁਧਾਰਨ ਲਈ ਜੋਰ ਪੈ ਸਕਦਾ ਹੈ।
ਅੰਤਰਰਾਸ਼ਟਰੀ ਸਹਿਯੋਗੀ ਦੇਸ਼ਾਂ ਨੇ ਇੱਕ ਨਵੇਂ ਵਾਈਟ ਹਾਊਸ ਦੀ ਕਲਪਨਾ ਕਰਦੇ ਹੋਏ, ਇੱਕ ਤੱਥਾਂ ‘ਤੇ ਚੱਲਣ ਵਾਲੇ ਅਤੇ ਬਹੁ-ਪੱਖੀ ਰਾਸ਼ਟਰਪਤੀ ਵਜੋਂ ਆਸ ਜਤਾਈ ਹੈ। ਕਈਆਂ ਨੇ ਕਿਹਾ ਹੈ ਕਿ ਪੁਲਾਂ ਨੂੰ ਸਾੜਨ ਦੀ ਥਾਂ ਤੇ ਨਵੇਂ ਪੁੱਲ ਉਸਾਰੇ ਜਾਣਗੇ ਅਤੇ ਦੂਰੀਆਂ ਖਤਮ ਹੋ ਸਕਣਗੀਆਂ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸ਼੍ਰੀ ਬਾਈਡਨ ਦੇ ਏਕਤਾ ਵਾਲੇ ਸੰਦੇਸ਼ ਤੋਂ ਆਸ ਕੀਤੀ ਹੈ ਕਿ ਇਸ ਨਾਲ ਕੋਵਿਡ-19 ਮਹਾਂਮਾਰੀ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦਿਆਂ ਨੂੰ ਬਲ ਮਿਲੇਗਾ।
ਪਰ ਇਸ ਦੇ ਨਾਲ ਹੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਆਪਣਾ ਵਿਰੋਧ ਸੜਕਾਂ ਉੱਤੇ ਰੈਲੀਆਂ ਕਰਦੇ ਹੋਏ ਜਾਰੀ ਰੱਖਿਆ ਹੋਇਆ ਹੈ। “ਮੁਕਾਬਲਾ ਅਜੇ ਬਾਕੀ ਹੈ” ਵਰਗੇ ਨਾਅਰੇ ਵੀ ਮਾਰੇ ਜਾ ਰਹੇ ਹਨ। ਪ੍ਰਦਰਸ਼ਨ ਕਰਨ ਵਾਲੇ ਕੋਰਟਨੀ ਹੋਲੈਂਡ ਨੇ ਹਾਰ ਸਵੀਕਾਰ ਨਾ ਕਰਦੇ ਹੋਏ ਰਾਸ਼ਟਰਪਤੀ ਸ਼੍ਰੀ ਟਰੰਪ ਦੇ ਨਾ-ਮਨਜ਼ੂਰ ਦੋਸ਼ਾਂ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਇਹ ਚੋਣ ਧੋਖੇ ਨਾਲ ਜਿੱਤੀ ਗਈ ਹੈ।
ਫਰਾਂਸ ਦੇ ਸੱਜੇ ਪੱਖੀ ਪਾਰਟੀ “ਨੈਸ਼ਨਲ ਰੈਲੀ” ਦੀ ਨੇਤਾ ਮੈਰੀਨ ਲਾ-ਪੈੱਨ ਨੇ ਕਿਹਾ ਹੈ ਸ਼੍ਰੀ ਟਰੰਪ ਦੀ ਜਿੱਤ ਫਰਾਂਸ ਦੇ ਹਿੱਤ ਵਿੱਚ ਹੋਣੀ ਸੀ। ਇਸ ਦੇ ਨਾਲ ਹੀ ਬਰਿਟੇਨ ਦੀ ਬਰੈਕਸਿਟ ਪਾਰਟੀ ਦੇ ਭੂਤਪੂਰਵ ਨੇਤਾ ਨਾਈਜਲ ਫਰਾਜ਼ ਨੇ ਡਾਕ ਦੁਆਰਾ ਪਾਈਆਂ ਜਾਣ ਵਾਲੀਆਂ ਵੋਟਾਂ ਦੀ ਨਿੰਦਾ ਕੀਤੀ ਹੈ ਅਤੇ ਸ਼੍ਰੀ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚੋਣ ਦੇ ਵਿਰੋਧ ਵਿੱਚ ਪੂਰੇ ਸਬੂਤਾਂ ਸਮੇਤ ਅਦਾਲਤ ਦਾ ਬੂਹਾ ਖੜਕਾਉਣ।
ਸ਼੍ਰੀ ਟਰੰਪ ਵਲੋਂ ਵੀ ਅਦਾਲਤ ਜਾਣ ਦਾ ਵਾਅਦਾ ਕੀਤਾ ਗਿਆ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ





