ਅੰਤਰ-ਰਾਸ਼ਟਰੀ ਸੋਫਟ ਡਰਿੰਕ ਕੰਪਨੀ ਪੈਪਸੀ-ਕੋ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਇਸ ਦੇ ਆਸਟ੍ਰੇਲੀਆ ਵਿਚਲੇ ਕਰਮਚਾਰੀ ਆਮ ਜਨਤਕ ਛੁੱਟੀਆਂ ਦੀ ਥਾਂ ਤੇ ਆਪਣੇ ਭਾਈਚਾਰੇ ਨਾਲ ਮੇਲ ਖਾਉਂਦੇ ਤਿਉਹਾਰਾਂ ਵਾਲੇ ਦਿਨ ਛੁੱਟੀ ਲੈ ਸਕਿਆ ਕਰਣਗੇ। ਕੰਪਨੀ ਨੇ ਇਸ ਕੀਤੇ ਜਾਣ ਵਾਲੇ ਤਜਰਬੇ ਨੂੰ ‘ਫਲੋਟਿੰਗ ਕਲਚਰਲ ਹੋਲੀਡੇਜ਼’ ਦਾ ਨਾਮ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਕੰਪਨੀ ਦੀ ਵਿਵਧਤਾ ਪ੍ਰਤੀ ਸ਼ਾਲੀਨਤਾ ਪ੍ਰਗਟ ਹੁੰਦੀ ਹੈ। ਇਸ ਨੀਤੀ ਦੁਆਰਾ ਕਾਮੇ ਹੁਣ ਚਾਈਨੀਜ਼ ਨਿਊ ਯੀਅਰ ਜਾਂ ਦਿਵਾਲੀ ਵਾਲੇ ਦਿਨ ਛੁੱਟੀ ਮਨਾ ਸਕਿਆ ਕਰਣਗੇ।
ਕਈ ਅਜਿਹੇ ਬਹੁ-ਸਭਿਅਕ ਤਿਉਹਾਰ ਹੁੰਦੇ ਹਨ ਜਿਨਾਂ ਨਾਲ ਸ਼ਹਿਰਾਂ ਵਿੱਚ ਖੜੋਤ ਆ ਜਾਂਦੀ ਹੈ – ਜਿਵੇਂਕਿ ਲੂਨਰ ਨਵਾਂ ਸਾਲ ਅਤੇ ਦਿਵਾਲੀ। ਆਮ ਆਸਟ੍ਰੇਲੀਅਨ ਜਨਤਕ ਛੁੱਟੀਆਂ ਜਿਵੇਂ ਕਿ ਮੈਲਬਰਨ ਕੱਪ ਡੇਅ ਅਤੇ ਕੂਈਨਜ਼ ਬਰਥਡੇਅ ਵਾਂਗੂ ਹੀ ਇਹਨਾਂ ਤਿਉਹਾਰਾਂ ਦੀ ਮਾਨਤਾ ਵੀ ਵਧਦੀ ਹੀ ਜਾ ਰਹੀ ਹੈ। ਅਤੇ ਹੁਣ ਪੈਪਸੀ-ਕੋ ਨੇ ਆਪਣੀਆਂ ਵਿਦੇਸ਼ੀ ਸ਼ਾਖਾਵਾਂ ਵਾਂਗ ਆਸਟ੍ਰੇਲੀਆ ਵਿਚਲੇ ਕਾਮਿਆਂ ਨੂੰ ਵੀ ਇਹ ਮੋਕਾ ਦੇਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਉਹ ਕੁੱਝ ਕੂ ਜਨਤਕ ਛੁੱਟੀਆਂ ਨੂੰ ਆਪਣੇ ਭਾਈਚਾਰਕ ਤਿਉਹਾਰਾਂ ਦੇ ਬਦਲੇ ਲੈ ਸਕਿਆ ਕਰਣਗੇ।
ਥਾਈ ਦੀ ਜਨਮੀ ਹੋਈ ਬੋਧੀ ਧਰਮ ਦੀ ਕਰਮਚਾਰੀ ਲਾਰੀਸਾ ਥਾਹ-ਨੀਮਾਜਾਦ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਧਾਰਮਿਕ ਤਿਉਹਾਰਾਂ ਨੂੰ ਬਗੈਰ ਆਪਣੀਆਂ ਸਲਾਨਾਂ ਛੁੱਟੀਆਂ ਲਿਆਂ ਹੀ ਮਨਾ ਸਕਿਆ ਕਰੇਗੀ।
ਪਰ ਨਾਲ ਹੀ ਮਿਸ ਥਾਹ-ਨੀਮਾਜਾਦ ਇਹ ਵੀ ਕਹਿੰਦੀ ਹੈ ਕਿ ਬੇਸ਼ਕ ਉਸ ਦੇ ਰਵਾਇਤੀ ਜਸ਼ਨ ਬਹੁਤ ਅਹਿਮ ਹਨ, ਪਰ ਨਾਲ ਹੀ ਉਹ ਆਪਣੇ ਨਵੇਂ ਘਰ ਯਾਨਿ ਕਿ ਆਸਟ੍ਰੇਲੀਆ ਵਿਚਲੇ ਤਿਉਹਾਰਾਂ ਦੀ ਮਾਨਤਾ ਨੂੰ ਵੀ ਘੱਟ ਨਹੀਂ ਮੰਨਦੀ।
ਪੈਪਸੀ-ਕੋ ਦਾ ਕਹਿਣਾ ਹੈ ਕਿ ਉਹ ਆਪਣੇ ਬਹੁ-ਸਭਿਅਕ ਕਰਮਚਾਰੀਆਂ ਉੱਤੇ ਆਸਟ੍ਰੇਲੀਅਨ ਜਨਤਕ ਛੁੱਟੀਆਂ, ਜਿਨਾਂ ਨੂੰ ਉਹ ਐਂਗਲੋ-ਸੈਕਸਨ ਛੁੱਟੀਆਂ ਵੀ ਕਹਿ ਰਹੀ ਹੈ, ਨੂੰ ਥੋਪਣਾ ਨਹੀਂ ਚਾਹੁੰਦੀ। ਸੰਸਾਰ ਭਰ ਵਿੱਚ ਫੈਲੀ ਹੋਈ ਇਸ ਕੰਪਨੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚਲੀ ਸ਼ਾਖਾ ਵਿੱਚ ਤਕਰੀਬਨ 45 ਦੇਸ਼ਾਂ ਤੋਂ ਆਏ ਹੋਏ ਕਾਮੇਂ ਕੰਮ ਕਰਦੇ ਹਨ। ਅਤੇ ਇਹ ਵਾਲਾ ਫਲੋਟਿੰਗ ਹੋਲੀਡੇਅ ਵਾਲੇ ਤਜਰਬੇ ਨਾਲ ਉਹਨਾਂ ਦੀ ਵਰਕਫੋਰਸ ਵਿੱਚ ਹੋਰ ਵੀ ਜਿਆਦਾ ਵਿਵਿਧਤਾ ਆ ਸਕੇਗੀ। ਪਰ ਕੰਪਨੀ ਦੇ ਤਕਰੀਬਨ 1800 ਕਰਮਚਾਰੀਆਂ ਉੱਤੇ ਕੀਤਾ ਜਾਣ ਵਾਲਾ ਇਹ ਤਜਰਬਾ ਮੇਨ ਛੁੱਟੀਆਂ ਦਾ ਬਦਲ ਨਹੀਂ ਹੋਵੇਗਾ, ਕਿਉਂਕਿ ਇਹ ਗੈਰ ਵਿਵਹਾਰਕ ਹੁੰਦੀਆਂ ਹਨ। ਪਰ ਇਸ ਤਜਰਬੇ ਨੂੰ ਬਾਕੀ ਦੀਆਂ ਛੁੱਟੀਆਂ ਜਿਵੇਂ ਕੂਈਨਜ਼ ਬਰਥਡੇਅ ਆਦਿ ਨਾਲ ਬਦਲਿਆ ਜਾਵੇਗਾ। ਪੈਪਸੀ-ਕੋ ਆਸਟ੍ਰੇਲੀਆ ਦੀ ਚੀਫ ਐਗਜ਼ੈਕਟਿਵ ਡੈਨੀ ਸੀਲੋਨੀ ਆਖਦੇ ਹਨ।
ਡਾਈਵਰਸਿਟੀ ਕਾਂਉਂਸਲ ਆਸਟ੍ਰੇਲੀਆ ਦੀ ਇੱਕ ਖੋਜ ਵਿਚ ਵੀ ਪਤਾ ਚਲਿਆ ਹੈ ਕਿ ਅਜਿਹਾ ਕਰਨ ਨਾਲ ਵਪਾਰ ਅਤੇ ਕਰਮਚਾਰੀਆਂ, ਦੋਹਾਂ ਨੂੰ ਹੀ ਫਾਇਦਾ ਹੁੰਦਾ ਹੈ। ਇਸ ਖੋਜ ਦਾ ਮੰਨਣਾ ਹੈ ਕਿ ਵਿਵਿਧਤਾ ਲਾਗੂ ਕਰਨ ਨਾਲ ਕਰਮਚਾਰੀਆਂ ਦੀ ਪ੍ਰਗਤੀ 10 ਗੁਣਾ ਤੱਕ ਵਧ ਜਾਂਦੀ ਹੈ ਅਤੇ ਕਰਮਚਾਰੀ ਵੀ ਆਪਣੀ ਨੋਕਰੀ ਵਿੱਚ 20 ਗੁਣਾ ਜਿਆਦਾ ਸੰਤੁਸ਼ਟੀ ਦਾ ਅਨੰਦ ਪ੍ਰਾਪਤ ਕਰਦੇ ਹਨ। ਪਰ ਸਿਡਨੀ ਵਿੱਚ ਰਹਿਣ ਵਾਲੇ ਅਜਿਹੇ ਕਰਮਚਾਰੀਆਂ ਨੇ ਇਸ ਫੈਸਲੇ ਦਾ ਮਿਲਿਆ ਜੁਲਿਆ ਪ੍ਰਤੀਕਰਮ ਹੀ ਦਿੱਤਾ ਹੈ।
ਕਈ ਹੋਰ ਅਦਾਰੇ ਜਿਵੇਂਕਿ ਸਪੋਟੀਫਾਈ ਅਤੇ ਯੂਨਾਇਟੇਡ ਨੇਸ਼ਨਸ ਆਦਿ ਵੀ ਆਪਣੇ ਕਰਮਚਾਰੀਆਂ ਨੂੰ ਫਲੋਟਿੰਗ ਹੋਲੀਡੇਅ ਵਾਲਾ ਲਾਭ ਦਿੰਦੇ ਹਨ। ਇਸੇ ਹਫਤੇ ਹੀ ਏ ਸੀ ਟੀ ਵੀ ਆਸਟ੍ਰੇਲੀਆ ਦਾ ਪਹਿਲਾ ਅਜਿਹਾ ਅਧਿਕਾਰਤ ਖੇਤਰ ਹੋ ਨਿਬੜਿਆ ਹੈ ਜਿਸ ਨੇ ਫੈਮਲੀ ਡੇਅ ਦਾ ਬਦਲਾਅ ਵਿੱਚ ਹੁਣ ਰਿਕੋਂਸੀਲੀਏਸ਼ਨ ਡੇਅ ਵਾਲੀ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਨਿਊ ਸਾਊਥ ਵੇਲਜ਼ ਦੇ ਜਿਊਈਸ਼ ਬੋਰਡ ਆਫ ਡਿਪਟੀਜ਼ ਦੇ ਚੀਫ ਐਗਜ਼ੈਕਟਿਵ ਵਿਕ ਅਲ-ਹਾਦੇਫ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਲਚਕਤਾਵਾਂ ਦਾ ਸਵਾਗਤ ਕਰਦੇ ਹਨ।
ਇਸ ਦੇ ਨਾਲ ਹੀ ਐਥਨਿਕ ਕਮਿਊਨਿਟੀਜ਼ ਕਾਂਊਸਲਸ ਆਫ ਨਿਊ ਸਾਊਥ ਵੇਲਜ਼ ਦੇ ਭੂਤਪੂਰਵ ਚੇਅਰਮੈਨ ਪੀਟਰ ਡੂਕਾਸ ਹਲਕੀ ਜਿਹੀ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿ ਅਜਿਹਾ ਸੋਚਣ ਅਤੇ ਲਾਗੂ ਕਰਨ ਵਿੱਚ ਕਠਨ ਜਾਪਦਾ ਹੈ, ਇਸ ਲਈ ਇਸ ਦੇ ਸਾਰੇ ਨੁਕਤੇ ਚੰਗੀ ਤਰਾਂ ਨਾਲ ਪਹਿਲਾਂ ਹੀ ਘੋਖ ਲੈਣੇ ਚਾਹੀਦੇ ਹਨ।