ਸਨਅਤੀ ਸ਼ਹਿਰ ਲੁਧਿਆਣਾ ਵਿੱਚ ਜਨਮੇ ਰਣਜੋਧ ਸਿੰਘ ਇੱਕ ਉੱਘੇ ਕਾਰੋਬਾਰੀ ਪਰਿਵਾਰ ਵਿੱਚੋਂ ਹਨ ਜੋ ਲੁਧਿਆਣਾ ਵਿੱਚ ਆਟੋ ਪਾਰਟਸ ਉਦਯੋਗ ਦਾ ਮੋਢੀ ਮੰਨਿਆ ਜਾਂਦਾ ਹੈ।
ਉਨ੍ਹਾਂ ਨੂੰ ਸੰਗੀਤ, ਪੇਂਟਿੰਗ ਅਤੇ ਫੋਟੋਗ੍ਰਾਫੀ ਵਿਚ ਡੂੰਘੀ ਦਿਲਚਸਪੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਸਿੱਖ ਇਤਿਹਾਸ ਅਤੇ ਸਾਹਿਤ ਖੇਤਰ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਹੈ।
ਸਿੱਖ ਧਰਮ ਅਸਥਾਨਾਂ ਦੀ ਯਾਤਰਾ ਅਤੇ ਸਿੱਖ ਫਲਸਫੇ ਨਾਲ ਸਬੰਧਿਤ ਕਈ ਪੁਸਤਕਾਂ ਵੀ ਉਹ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਉਨ੍ਹਾਂ 2019 ਵਿੱਚ 'ਟੋਟਕੇ' ਨਾਂ ਦੀ ਕਿਤਾਬ ਰਿਲੀਜ਼ ਕੀਤੀ ਜਿਸਤੋਂ ਹੋਣ ਵਾਲੀ ਆਮਦਨ ਪਿੰਗਲਵਾੜਾ, ਅੰਮ੍ਰਿਤਸਰ ਨੂੰ ਦਾਨ ਵਜੋਂ ਦਿੱਤੀ ਗਈ ਸੀ।

ਰਣਜੋਧ ਸਿੰਘ ਨੇ ਲਾਕਡਾਊਨ ਦੇ ਦਿਨਾਂ ਦਾ ਰੋਜ਼ਾਨਾ ਲੇਖਾ-ਜੋਖਾ 'ਕਰੋਨਾ ਸਟੋਰੀ' ਨਾਮਕ ਇੱਕ ਕਿਤਾਬ ਵਿੱਚ ਪੇਸ਼ ਕੀਤਾ।
ਕੋਵਿਡ ਦੀ ਦੂਜੀ ਲਹਿਰ ਦੌਰਾਨ ਉਨਾਂ ਆਪਣੇ ਸਹਿਯੋਗੀਆਂ ਨਾਲ਼ ਮਿਲਕੇ 2000 ਤੋਂ ਵੀ ਵੱਧ ਕੋਵਿਡ ਸਸਕਾਰ ਕੀਤੇ।
ਨਵੰਬਰ 2023 ਵਿੱਚ ਉਨ੍ਹਾਂ ਦੀ ਕਿਤਾਬ 'ਟੋਟਕੇ-2' ਰਿਲੀਜ਼ ਹੋਈ। ਇਸ ਕਿਤਾਬ ਦੀ ਆਮਦਨ ਵੀ ਉਨ੍ਹਾਂ ਸਮਾਜ ਸੇਵੀ ਕੰਮਾਂ ਉੱਤੇ ਖ਼ਰਚਣ ਦਾ ਪ੍ਰਣ ਲਿਆ ਹੈ।
ਮੁੱਖ ਤੌਰ ਉੱਤੇ ਇਹ ਟੋਟਕੇ, ਸਾਡੇ ਸੁਭਾਅ ਅਤੇ ਆਦਤਾਂ ਨਾਲ਼ ਜੁੜੀਆਂ ਕੰਮ ਦੀਆਂ ਗੱਲਾਂ ਹਨ ਜੋ ਅਸੀਂ ਅਗਰ ਅਮਲ ਵਿੱਚ ਲਿਆਈਏ ਤਾਂ ਜ਼ਿੰਦਗੀ ਸੰਵਰ ਸਕਦੀ ਹੈ।ਰਣਜੋਧ ਸਿੰਘ, ਚਿੰਤਕ ਅਤੇ ਲੇਖਕ
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿੱਚ ਉਨ੍ਹਾਂ ਆਪਣੇ ਜ਼ਿੰਦਗੀ ਵਿਚਲੇ ਤਜ਼ੁਰਬੇ ਅਤੇ ਅੱਖੀਂ ਡਿੱਠੀਆਂ ਘਟਨਾਵਾਂ ਨੂੰ ਅਧਾਰ ਬਣਾਇਆ ਹੈ।
"ਇਸ ਕਿਤਾਬ ਵਿਚਲੇ ਬਹੁਤੇ ਵਿਚਾਰ ਮੇਰੇ ਨਿੱਜੀ ਤਜ਼ੁਰਬਿਆਂ ਉੱਤੇ ਅਧਾਰਿਤ ਹਨ। ਪਰ ਇਸਤੋਂ ਇਲਾਵਾ ਇਧਰੋਂ-ਉਧਰੋਂ ਸਮਾਜ ਵਿੱਚੋਂ ਕਹੀਆਂ-ਸੁਣੀਆਂ ਗੱਲਾਂ ਅਤੇ ਦੂਜੀਆਂ ਭਾਸ਼ਾਵਾਂ ਦੇ ਕੰਮ ਦੇ ਵਿਚਾਰ ਵੀ ਇਸਦਾ ਹਿੱਸਾ ਬਣੇ ਹਨ," ਉਨ੍ਹਾਂ ਕਿਹਾ।

ਰਣਜੋਧ ਸਿੰਘ ਦੇ ਟੋਟਕੇ ਅਤੇ ਆਡੀਓ ਇੰਟਰਵਿਊ ਸੁਣਨ ਲਈ ਕਲਿਕ ਕਰੋ....





