ਸਰਕਾਰ ਨਹੀਂ ਚਾਹੁੰਦੀ ਕਿ ਅਫੀਮ ਅਤੇ ਇਸ ਵਰਗੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਬਣਨ ਵਾਲ਼ੀਆਂ ਦਵਾਈਆਂ ਦੀ ਦੁਰਵਰਤੋਂ ਵਿੱਚ ਆਸਟ੍ਰੇਲੀਆ ਦੀ ਅਮਰੀਕਾ ਵਾਂਗ ਦੁਰਦਸ਼ਾ ਹੋਵੇ।
ਸਿਹਤ ਸੁਵਿਧਾਵਾਂ ਮੰਤਰੀ ਗ੍ਰੇਗ ਹੰਟ ਨੇ ਆਖਿਆ ਹੈ ਪੇਂਡੂ ਖੇਤਰ ਵਿੱਚ ਇੱਕ ਡਾਕਟਰ ਦੁਆਰਾ ਇੱਕ ਸਾਲ ਵਿੱਚ 68,000 ਡੋਜ਼ਜ਼ ਤੇ ਇੱਕ ਸ਼ਹਿਰੀ ਖੇਤਰ ਵਿੱਚ 56,000 ਡੋਜ਼ਜ਼ ਮਰੀਜ਼ਾਂ ਨੂੰ ਲਿਖਕੇ ਦੇਣ ਦਾ ਮਾਮਲਾ ਸਾਮਣੇ ਆਇਆ ਹੈ - 'ਅਸੀਂ ਨਹੀਂ ਚਾਹੁੰਦੇ ਕਿ ਸਾਡੇ ਇਥੇ ਵੀ ਅਮਰੀਕਾ ਵਰਗਾ ਹਾਲ ਹੋਵੇ ਜਿਥੇ ਓਪੋਇਡ ਦੀ ਵਰਤੋਂ ਹੁਣ ਇੱਕ ਦੇਸ਼-ਵਿਆਪੀ ਸਮੱਸਿਆ ਬਣ ਗਈ ਹੈ।'
ਓਹਨਾਂ ਕਿਹਾ ਕਿ ਭਾਵੇਂ ਆਸਟ੍ਰੇਲੀਆ ਦੇ ਜਿਆਦਾਤਰ ਡਾਕਟਰ ਠੀਕ ਤਰਾਹ ਕੰਮ ਕਰ ਰਹੇ ਹਨ ਪਰ ਕੁਝ ਕੁ ਦੁਆਰਾ ਲੋੜ੍ਹ ਤੋਂ ਜਿਆਦਾ ਓਪੋਇਡ ਦਵਾਈਆਂ ਦੇਣਾ ਇੱਕ ਚਿੰਤਾ ਦਾ ਵਿਸ਼ਾ ਹੈ।
ਮੰਤਰੀ ਸ਼੍ਰੀ ਹੰਟ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਅਫੀਮ ਅਤੇ ਇਸ ਵਰਗੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਬਣਨ ਵਾਲ਼ੀਆਂ ਓਪੋਇਡ ਦਵਾਈਆਂ ਦੀ ਦੁਰਵਰਤੋਂ ਕਰਕੇ ਸਾਲਾਨਾ 400 ਮੌਤਾਂ ਹੁੰਦੀਆਂ ਹਨ।
ਚੀਫ ਮੈਡੀਕਲ ਅਫਸਰ ਬਰੈਂਡਨ ਮਰਫੀ ਨੇ ਦੱਸਿਆ ਹੈ ਕਿ ਆਸਟ੍ਰੇਲੀਅਨ ਸਿਹਤ ਵਿਭਾਗ ਨੇ ਤਕਰੀਬਨ 5000 ਡਾਕਟਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਜੋ ਓਪੋਇਡ ਦਵਾਈਆਂ ਆਪਣੇ ਮਰੀਜ਼ਾਂ ਨੂੰ ਦੇਣ ਵਿੱਚ ਢਿੱਲ ਨਹੀਂ ਵਰਤਦੇ।
ਨੋਟਿਸ ਵਿੱਚ ਦੱਸਿਆ ਗਿਆ ਹੈ ਕਿ 70 ਫ਼ੀਸਦੀ ਨੁਕਸਾਨਦੇਹ ਡੋਜ਼ਜ਼ ਓਪੋਇਡ ਦਵਾਈਆਂ ਰਾਹੀਂ ਦਿੱਤੀਆਂ ਗਈਆਂ ਜਿਸਦੇ ਚਲਦਿਆਂ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੈਰੋਇਨ ਦੇ ਨਸ਼ੇ ਨਾਲ ਹੋਈਆਂ ਮੌਤਾਂ ਤੋਂ ਵੱਧ ਗਈ ਹੈ।
ਸਿਹਤ ਵਿਭਾਗ ਮੁਤਾਬਿਕ ਇਹਨਾਂ ਚਿੰਤਾਜਨਕ ਅੰਕੜਿਆਂ ਦੇ ਚਲਦਿਆਂ ਅਗਲੇ 12 ਮਹੀਨਿਆਂ ਲਈ ਨੋਟਿਸ ਵਿੱਚ ਆਏ ਕੁਝ ਡਾਕਟਰਾਂ ਤੇ ਖਾਸ ਨਜ਼ਰ ਰੱਖੀ ਜਾਏਗੀ ਅਤੇ ਨਾ-ਟਲਣ ਵਾਲ਼ੇ ਡਾਕਟਰਾਂ ਨੂੰ ਜੁਰਮਾਨੇ ਕੀਤੇ ਜਾਣਗੇ ਅਤੇ ਗੰਭੀਰ ਮਾਮਲਿਆਂ ਵਿੱਚ ਉਹਨਾਂ ਨੂੰ ਲਾਇਸੈਂਸ ਰੱਦ ਕਰਕੇ ਇਸ ਪੇਸ਼ੇ ਵਿੱਚ ਕੰਮ ਕਰਨ ਤੋਂ ਵੀ ਰੋਕਿਆ ਜਾ ਸਕਦਾ ਹੈ।
ਆਸਟ੍ਰੇਲੀਆ ਵਿੱਚ ਡਾਕਟਰਾਂ ਨਾਲ ਸਬੰਧਿਤ ਜਥੇਬੰਦੀਆਂ ਨੇ ਸਰਕਾਰ ਦੁਆਰਾ ਡਾਕਟਰਾਂ ਨੂੰ ਨਿਸ਼ਾਨੇ ਤੇ ਲੈਣ 'ਤੇ ਅਫਸੋਸ ਪ੍ਰਗਟਿਆ ਹੈ ਅਤੇ ਆਖਿਆ ਹੈ ਕਿ ਸਿਹਤ ਵਿਭਾਗ ਵੱਲੋਂ ਡਾਕਟਰੀ ਪੇਸ਼ੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।