SKIP TO MAIN CONTENT

ਸੀਨੀਅਰ ਆਸਟਰੇਲੀਅਨ ਨੇਤਾਵਾਂ ਨੇ ਪੀਏਯੂ ਨਾਲ ਸੰਸਥਾਵੀ ਸਾਂਝਾ ਬਾਰੇ ਕੀਤੀ ਚਰਚਾ

ਏ ਸੀ ਟੀ ਲੈਜੀਸਲੇਟਿਵ ਅਸੈਂਬਲੀ ਕੈਨਬਰਾ ਦੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਅਲਿਸਟਰ ਕੋ ਦੀ ਅਗਵਾਈ ਵਿੱਚ ਇੱਕ ਪੰਜ ਮੈਂਬਰੀ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਉਹਨਾਂ ਨੇ ਪੀਏਯੂ ਦੇ ਅਧਿਕਾਰੀਆਂ ਨਾਲ ਸਿਨਰਜ਼ੀ ਦੇ ਸਾਂਝੇ ਖੇਤਰ ਬਾਰੇ ਚਰਚਾ ਕੀਤੀ।

VC Baldev Singh Dhillon
Alistair Coe, Leader of the opposition, ACT Legislative Assembly, Canberra and PAU Vice Chancellor, BS Dhillon. Source: Supplied by PAU

2 min read

Published

Updated

By Preetinder Grewal



Skip to article content

ਦੋਹਾਂ ਦੇਸ਼ਾਂ ਦੀਆਂ ਇਤਿਹਾਸਕ ਅਤੇ ਸੰਸਥਾਵੀ ਸਾਂਝਾ ਬਾਰੇ ਜ਼ਿਕਰ ਕਰਦਿਆਂ ਮਿਸਟਰ ਕੋ ਨੇ ਕੈਨਬਰਾ ਯੂਨੀਵਰਸਿਟੀ ਨਾਲ ਸਾਂਝ ਦੀ ਸੰਭਾਵਨਾ ਦੀ ਗੱਲ ਤੋਰੀ । ਉਹਨਾਂ ਕਿਹਾ ਕਿ ਦੋਨਾਂ ਯੂਨੀਵਰਸਿਟੀਆਂ ਵਿਚਕਾਰ ਸਾਂਝੀ ਡਿਗਰੀ ਦੇ ਪ੍ਰੋਗਰਾਮ ਤਹਿਤ ਗਿਆਨ ਦਾ ਲੰਮਾ ਪੁਲ ਉਸਾਰਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਫੈਕਲਟੀ ਦੇ ਅਦਾਨ-ਪ੍ਰਦਾਨ ਅਤੇ ਵਿਚਾਰ ਵਟਾਂਦਰੇ ਦਾ ਰਾਹ ਵੀ ਖੁੱਲ ਸਕਦਾ ਹੈ।

ਜ਼ਿਕਰਯੋਗ਼ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਨਾਲ ਸਾਂਝ ਦੇ ਰਾਹ ਤਲਾਸ਼ਣ ਲਈ ਯੂਨੀਵਰਸਿਟੀ ਆਫ ਕੈਨਬੇਰਾ ਦੇ ਉਪ ਕੁਲਪਤੀ ਦੀਪ ਸੈਣੀ ਪਹਿਲਾਂ ਤੋਂ ਹੀ ਯਤਨਸ਼ੀਲ ਹਨ ਤੇ ਉਹਨਾਂ ਇਸ ਸਿਲਸਿਲੇ ਚ ਪਿੱਛੇ ਜਿਹੇ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ ਸੀ।

ਪੰਜਾਬ ਦੇ ਖੇਤੀ ਦ੍ਰਿਸ਼ ਬਾਰੇ ਵਿਸਥਾਰ ਵਿੱਚ ਗੱਲ ਕਰਦਿਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਖੋਜ ਅਤੇ ਵਿੱਦਿਆ ਦੇ ਖੇਤਰ ਵਿੱਚ ਪਈਆ ਸਾਂਝ ਦੀਆ ਸੰਭਾਵਨਾਵਾਂ ਦੀ ਰੂਪ-ਰੇਖਾ ਉਲੀਕੀ ।

ਉਹਨਾਂ ਕਿਹਾ ਕਿ ਪੀਏਯੂ ਦੇ ਨਾਲ ਜੁੜੇ ਪੁਰਾਣੇ ਵਿਦਿਆਰਥੀ ਅਤੇ ਵਿਗਿਆਨੀ ਖੇਤੀਬਾੜੀ ਦੇ ਵਿਦਿਆਰਥੀਆਂ ਦੀ ਮੁੱਢਲੀ ਦੇਖ-ਰੇਖ ਅਤੇ ਅਗਵਾਈ ਵਿੱਚ ਮਦਦ ਕਰ ਸਕਦੇ ਹਨ ਕਿਉਂਕਿ ਇਹ ਵਿਦਿਆਰਥੀ ਜਦੋਂ ਉਚੇਰੀ ਵਿੱਦਿਆ ਲਈ ਆਸਟ੍ਰੇਲੀਆ ਪਹੁੰਚਦੇ ਹਨ ਤਾਂ ਅਨੇਕਾਂ ਮੁਸ਼ਕਿਲਾਂ ਵਿੱਚੋਂ ਲੰਘਦੇ ਹਨ ।

ਉਹਨਾਂ ਵਾਇਨਰੀ ਅਤੇ ਸਿੰਚਾਈ ਖੇਤਰ ਵਿੱਚ ਪਈਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਜਿਸ ਲਈ ਆਸਟ੍ਰੇਲੀਆ ਤੋਂ ਮਾਰਗ-ਦਰਸ਼ਨ ਲਿਆ ਜਾ ਸਕਦਾ ਹੈ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ ਨੇ ਵਾਤਾਵਰਣਿਕ ਕਮਿਸਟਰੀ ਅਤੇ ਟੈਕਸੀਕੋਲੋਜੀ ਦੇ ਖੇਤਰ ਵਿੱਚ ਸਾਂਝ ਦੀਆਂ ਸੰਭਾਵਨਾਵਾਂ ਦੀ ਗੱਲ ਉਭਾਰੀ । ਉਹਨਾਂ ਭੋਜਨ ਵਿਗਿਆਨ ਤਕਨਾਲੋਜੀ ਵਿੱਚ ਸਾਂਝੀ ਡਿਗਰੀ ਪ੍ਰੋਗਰਾਮ ਅਤੇ ਪਾਣੀ ਦੇ ਸਰੋਤਾਂ ਸੰਬੰਧੀ ਮਾਡਲ ਬਾਰੇ ਸਾਂਝ ਪਾਉਣ ਦਾ ਜ਼ਿਕਰ ਵੀ ਕੀਤਾ ।

ਇਸ ਵਫ਼ਦ ਵਿੱਚ ਪੀਏਯੂ ਦੇ ਦੋ ਪੁਰਾਣੇ ਐਲੂਮਨੀ ਡਾ. ਸੁਨੀਤਾ ਢੀਂਡਸਾ ਜੋ ਅੱਜਕੱਲ ਆਸਟ੍ਰੇਲੀਆ ਵਿੱਚ ਸਥਾਪਿਤ ਇੰਡੀਅਨ ਐਸੋਸੀਏਸ਼ਨ ਫੈਡਰੇਸ਼ਨ ਦੇ ਸਕੱਤਰ ਵੀ ਹਨ ਤੇ ਡਾ. ਹਰਜਿੰਦਰ ਢੀਂਡਸਾ ਵੀ ਸ਼ਾਮਲ ਹੋਏ ।

ਇਹਨਾਂ ਦੋਵਾਂ ਨੇ ਆਸਟਰੇਲੀਆ ਵਿੱਚ ਪੀਏਯੂ ਐਲੂਮਨੀ ਨਾਮ ਦੀ ਸੰਸਥਾ ਵੀ ਬਣਾਈ ਹੋਈ ਹੈ ਜੋ ਉਹਨਾਂ ਗਰੀਬ ਭਾਰਤੀ ਵਿਦਿਆਰਥੀਆਂ ਦੀ ਮਦਦ ਕਰਦੀ ਹੈ ਜੋ ਉਚੇਰੀ ਸਿੱਖਿਆ ਲੈਣ ਲਈ ਆਸਟਰੇਲੀਆ ਪਹੁੰਚਦੇ ਹਨ ।

ਇਸ ਵਿਚਾਰ-ਚਰਚਾ ਵਿੱਚ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਵੱਖ-ਵੱਖ ਕਾਲਜਾਂ ਦੇ ਡੀਨ ਵੀ ਸ਼ਾਮਲ ਹੋਏ ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now