ਇਹ ਖੁਲਾਸਾ ਹੋਇਆ ਹੈ ਕਿ ਵਾਗਾ-ਵਾਗਾ ਦੇ ਸਾਬਕਾ ਸੰਸਦ ਮੈਂਬਰ ਡੇਰਿਲ ਮੈਗੁਆਇਰ ਦੀ ਗ੍ਰਹਿ ਵਿਭਾਗ ਵੱਲੋਂ 'ਵੀਜ਼ੇ ਲਈ ਨਕਦ' ਸਕੀਮ ਦੇ ਦੋਸ਼ਾਂ ਤਹਿਤ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਸ ਸਾਬਕਾ ਸਾਂਸਦ ਨੇ ਪਿਛਲੇ ਹਫ਼ਤੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੂੰ ਦੱਸਿਆ ਸੀ ਕਿ ਉਸਨੇ ਆਪਣੇ ਸਰਕਾਰੀ ਦਫ਼ਤਰ ਨੂੰ ਨਿੱਜੀ ਮੁਨਾਫ਼ਿਆਂ ਲਈ ਇਸਤੇਮਾਲ ਕੀਤਾ ਹੈ ਜਿਸ ਵਿੱਚ ‘ਗ਼ਲਤ ਢੰਗ ਨਾਲ਼ ਵੀਜ਼ਾ ਸਕੀਮ ਰਾਹੀਂ ਹਜ਼ਾਰਾਂ ਡਾਲਰ’ ਪ੍ਰਾਪਤ ਕਰਨੇ ਵੀ ਸ਼ਾਮਲ ਹਨ।
ਸੋਮਵਾਰ ਸਵੇਰੇ ਸੈਨੇਟ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਗ੍ਰਹਿ ਮਾਮਲਿਆਂ ਦੇ ਸਕੱਤਰ ਮਾਈਕ ਪੇਜ਼ਉਲੋ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਵਿਭਾਗ ਮੈਗੁਆਇਰ ਦੁਆਰਾ ਵੀਜ਼ੇ ਨਾਲ ਜੁੜੇ ਕੀਤੇ ਗਲਤ ਕੰਮਾਂ ਦੀ ਪੜਤਾਲ ਕਰ ਰਿਹਾ ਹੈ ਜਦਕਿ ਇਸਦੀ ਤਹਿ ਤੱਕ ਜਾਣ ਲਈ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਵੱਲੋਂ ਵੀ ਇੱਕ ‘ਸਮਾਂਤਰ’ ਤੌਰ ਉੱਤੇ ਪੜਤਾਲ ਕੀਤੀ ਜਾ ਰਹੀ ਹੈ।

ਐਨ ਐਸ ਡਬਲਯੂ ਦੀ ਭ੍ਰਿਸ਼ਟਾਚਾਰ ਰੋਕੂ ਨਿਗਰਾਨ ਕਮੇਟੀ ਨੇ ਪਿਛਲੇ ਹਫ਼ਤੇ ਸੁਣਿਆ ਸੀ ਕਿ ਸ੍ਰੀ ਮੈਗੁਆਇਰ ਨੇ ਚੀਨੀ ਨਾਗਰਿਕਾਂ ਲਈ ਵੀਜ਼ਾ ਹਾਸਲ ਕਰਨ ਦੇ ਮਕਸਦ ਨਾਲ ਕਈ ਸਥਾਨਿਕ ਕੰਪਨੀਆਂ ਅਤੇ ਇੱਕ ਪਰਵਾਸ ਏਜੰਟ ਵਿੱਚਕਾਰ ਭੂਮਿਕਾ ਨਿਭਾਉਂਦਿਆਂ 'ਨਕਦ ਕਮਾਈ' ਕੀਤੀ ਸੀ।
ਪੇਜ਼ਉਲੋ ਨੇ ਆਖਿਆ ਕਿ ਉਨ੍ਹਾਂ ਦਾ ਵਿਭਾਗ ਇਸ ਗੱਲ ਦੀ ਸਮੀਖਿਆ ਕਰ ਰਿਹਾ ਹੈ ਕਿ ਇਸ ਸਕੀਮ ਤਹਿਤ ਕਿੰਨੇ ਲੋਕਾਂ ਦੇ ਵੀਜ਼ਾ ਲਗਾਏ ਗਏ ਸਨ ਅਤੇ ਇਸ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਸਨ।
"ਮੈਨੂੰ ਯਕੀਨ ਹੈ ਕਿ ਸਾਨੂੰ ਸਾਰੇ ਸਬੂਤ ਮਿਲ ਜਾਣਗੇ ਕਿ ਕਿੰਨੇ ਸਮੇਂ ਦੌਰਾਨ ਕਿੰਨੇ ਲੋਕਾਂ ਨੂੰ ਵੀਜ਼ੇ ਪ੍ਰਦਾਨ ਕੀਤੇ ਗਏ ਹਨ," ਉਨ੍ਹਾਂ ਕਿਹਾ। "ਮੈਂ ਤੁਹਾਨੂੰ ਭਰੋਸਾ ਦੇ ਸਕਦਾ ਹਾਂ ਕਿ ਅਸੀਂ ਇਸ ਸਬੰਧੀ ਨਿਰਪੱਖ ਕਾਰਵਾਈ ਕਰਾਂਗੇ।"
ਉਨ੍ਹਾਂ ਕਿਹਾ ਕਿ ਇਸ ਕਿਸਮ ਦੀਆਂ ਘਟਨਾਵਾਂ ਪ੍ਰਵਾਸ ਪ੍ਰਣਾਲੀ ਉੱਤੇ ਲੋਕਾਂ ਦਾ ਭਰੋਸਾ ਕਮਜ਼ੋਰ ਕਰਦੀਆਂ ਹਨ।
ਜਾਂਚ ਦੌਰਾਨ ਇਹ ਵੀ ਜਾਣਿਆ ਗਿਆ ਕਿ ਇਸ ਸਕੀਮ ਤਹਿਤ ਵੀਜ਼ਾ ਬਿਨੈਕਾਰਾਂ ਦੀ ਪਹਿਲੇ ਤਿੰਨ ਮਹੀਨਿਆਂ ਦੀ ਤਨਖਾਹ ਅਤੇ ੨੦ ਹਜ਼ਾਰ ਡਾਲਰ ਤੱਕ ਦੀ ਰਿਸ਼ਵਤ ਅਦਾ ਕੀਤੀ ਗਈ ਸੀ।
ਸ੍ਰੀ ਮੈਗੁਆਇਰ ਨੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੂੰ ਦੱਸਿਆ ਸੀ ਕਿ ‘ਸਕੀਮ ਲਾਈ’ ਗਈ ਸੀ ਕਿ ਕਾਰੋਬਾਰ, ਕਾਮਿਆਂ ਦੀ ਮੇਜ਼ਬਾਨੀ ਕਰਨਗੇ ਤੇ ਸਿਖਲਾਈ ਮੁਹੱਈਆ ਕਰਾਉਣਗੇ ਪਰ ਤਨਖਾਹ ਵਾਪਸ ਆ ਜਾਇਆ ਕਰੇਗੀ।
ਜਾਂਚ ਵਿੱਚ ਇਕ ਤੋਂ ਵੱਧ ਵਾਰ ਇਹ ਜਾਣਿਆ ਗਿਆ ਕੇ ਸ੍ਰੀ ਮੈਗੁਆਇਰ ਨੇ ਇਸ ਸਕੀਮ ਤਹਿਤ ਹਜ਼ਾਰਾਂ ਡਾਲਰ ਦੀ ਨਗਦ ਰਾਸ਼ੀ ਨੂੰ ਲੈਣਾ ਸਵਿਕਾਰ ਕੀਤਾ ਹੈ।
ਉਨ੍ਹਾਂ ਕਮਿਸ਼ਨਰ ਯੂਥ ਮੈਕੋਲ ਨੂੰ ਦੱਸਿਆ ਸੀ ਕਿ ਉਹ 2013 ਦੀ ਸ਼ੁਰੂਆਤ ਤੋਂ ਹੀ ਜਾਣ ਗਏ ਸਨ ਕਿ ਇਹ ਪ੍ਰਕਿਰਿਆ ਜਾਇਜ਼ ਨਹੀਂ ਹੈ।

ਕੌਣ ਹੈ ਡੇਰਿਲ ਮੈਗੁਆਇਰ?
ਦੱਸਣਯੋਗ ਹੈ ਕਿ ਸ੍ਰੀ ਮੈਗੁਆਇਰ 1999 ਤੋਂ 2018 ਤੱਕ ਲਿਬਰਲ ਪਾਰਟੀ ਲਈ ਨਿਊ ਸਾਊਥ ਵੇਲਜ਼ ਦੀ ਵਾਗਾ-ਵਾਗਾ ਸੀਟ ਤੋਂ ਸੰਸਦ ਰਹੇ ਹਨ।
ਜੁਲਾਈ 2018 ਵਿੱਚ ਇੱਕ ਭ੍ਰਿਸ਼ਟਾਚਾਰ ਮਾਮਲੇ ਵਿੱਚ ਆਪਣਾ ਨਾਂ ਆਉਣ ਪਿੱਛੋਂ ਉਨ੍ਹਾਂ ਪਹਿਲਾਂ ਲਿਬਰਲ ਪਾਰਟੀ ਤੋਂ ਤੇ ਫਿਰ ਸੰਸਦ ਤੋਂ ਅਸਤੀਫਾ ਦੇ ਦਿੱਤਾ ਸੀ।
2015 ਤੋਂ 2020 ਦਰਮਿਆਨ ਉਹਨਾਂ ਦੇ ਪ੍ਰੀਮੀਅਰ ਗਲ਼ੇਡਸ ਬਰਜੇਕਲਨ ਨਾਲ਼ ‘ਨਿੱਜੀ ਸਬੰਧਾਂ’ ਦੇ ਚਲਦਿਆਂ ਸਮਾਜਿਕ ਅਤੇ ਰਾਜਨੀਤਕ ਪੱਧਰ ਉੱਤੇ ਵੀ ਕੁਝ ਸਵਾਲ ਚੁੱਕੇ ਜਾ ਰਹੇ ਹਨ।
2014 ਵਿੱਚ ਐਸ ਬੀ ਐਸ ਪੰਜਾਬੀ ਨਾਲ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਸਿੱਖ-ਹਾਕਰ ਸੰਧਾ ਸਿੰਘ ਦੇ ਖ਼ਾਨਦਾਨ ਵਿੱਚੋਂ ਹਨ ਜੋ 19ਵੀਂ ਸਦੀ ਦੇ ਅਖੀਰ ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
