SKIP TO MAIN CONTENT

ਏਜਡ ਕੇਅਰ ਕਾਮੇ ਨੇ 82-ਸਾਲਾ ਵਿਅਕਤੀ ਨੂੰ ਕੁੱਟਣ ਦਾ ਦੋਸ਼ ਅਦਾਲਤ ਵਿੱਚ ਕਬੂਲਿਆ, ਨੌਕਰੀ ਤੋਂ ਬਰਖ਼ਾਸਤ

ਸਿਡਨੀ ਦੇ ਇੱਕ ਬਜ਼ੁਰਗਾਂ ਦੇ ਸਾਂਭ-ਸੰਭਾਲ ਕੇਂਦਰ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਡਿਮੈਂਸ਼ੀਆ ਤੋਂ ਪੀੜਤ ਇੱਕ 82-ਸਾਲਾ ਬਜ਼ੁਰਗ ਨੂੰ ਕੁੱਟਣ ਦਾ ਦੋਸ਼ ਅਦਾਲਤ ਵਿੱਚ ਕਬੂਲ ਲਿਆ ਹੈ। ਕਥਿਤ ਦੋਸ਼ੀ ਪ੍ਰਕਾਸ਼ ਪੌਡਿਆਲ ਨੂੰ 23 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

Parkash Paudhial
Source: Supplied

2 min read

Published

Updated

By Preetinder Grewal


Skip to article content

ਸਿਡਨੀ ਵਿੱਚ ਬੂਪਾ ਕੰਪਨੀ ਵੱਲੋਂ ਚਲਾਏ ਜਾਂਦੇ ਸੀਫੋਰਥ ਏਜਡ ਕੇਅਰ ਵਿੱਚ ਇੱਕ ਬਜ਼ੁਰਗ ਦੀ ਸਾਂਭ ਸੰਭਾਲ ਨੂੰ ਲੈ ਕੇ ਕੁਝ ਚਿੰਤਾਜਨਕ ਖੁਲਾਸੇ ਹੋਏ ਹਨ।

ਓਥੇ ਕੰਮ ਕਰਦੇ ਇੱਕ 36-ਸਾਲਾ ਨੇਪਾਲੀ ਵਿਅਕਤੀ ਪ੍ਰਕਾਸ਼ ਪੌਡਿਆਲ ਵੱਲੋਂ ਇੱਕ ਡਿਮੈਂਸ਼ੀਆ ਤੋਂ ਪੀੜਤ ਬਜ਼ੁਰਗ ਦੀ ਕੁੱਟਮਾਰ ਦਾ ਵਾਕਿਆ ਉਕਤ ਪਰਿਵਾਰ ਵੱਲੋਂ ਇੱਕ ਗੁਪਤ ਕੈਮਰੇ ਰਾਹੀਂ ਰਿਕਾਰਡ ਕੀਤਾ ਗਿਆ ਹੈ।

ਪੀੜਤ 82-ਸਾਲਾ ਬਜ਼ੁਰਗ ਡੇਵਿਡ ਨਿਬੋਲੀ ਦੀ ਬੇਟੀ ਨੂੰ ਉਦੋਂ ਸ਼ੱਕ ਹੋਇਆ ਜਦ ਉਸ ਨੇ ਆਪਣੇ ਪਿਤਾ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੇਖੇ।

ਉਸ ਨੇ ਦੇਖਭਾਲ ਕਮਰੇ ਚ ਇੱਕ ਫੋਟੋਫ੍ਰੇਮ ਦੇ ਅੰਦਰ ਗੁਪਤ ਕੈਮਰੇ ਰਾਹੀਂ ਪ੍ਰਕਾਸ਼ ਦਾ ਆਪਣੇ ਪਿਤਾ ਨਾਲ ਕੀਤਾ ਦੁਰਵਿਵਹਾਰ ਰਿਕਾਰਡ ਕੀਤਾ।

ਇਸ ਫੁਟੇਜ ਵਿੱਚ ਪ੍ਰਕਾਸ਼ ਪੌਡਿਆਲ ਇੱਕ ਜਗ੍ਹਾ ਬਜ਼ੁਰਗ ਨੂੰ ਘੜੀਸਦਾ ਵਿਖਾਈ ਦੇ ਰਿਹਾ ਅਤੇ ਬੂਟ ਨਾਲ ਉਸ ਦੀ ਕੁੱਟਮਾਰ ਵੀ ਕਰਦਾ ਹੈ।

ਇਹ ਵਾਕਿਆ 26 ਅਗਸਤ ਤੋਂ 3 ਸਤੰਬਰ ਦਰਮਿਆਨ ਰਿਕਾਰਡ ਕੀਤਾ ਗਿਆ ਸੀ।

ਇਹ ਬਜ਼ੁਰਗ ਕਮਜ਼ੋਰ ਯਾਦ ਸ਼ਕਤੀ ਦੇ ਚੱਲਦਿਆਂ ਡਿਮੈਂਸ਼ੀਆ ਤੋਂ ਪੀੜਤ ਦੱਸਿਆ ਗਿਆ ਹੈ।

ਘਟਨਾ ਦੀ ਤਫ਼ਤੀਸ਼ ਦੌਰਾਨ ਪੁਲਿਸ ਵੱਲੋਂ ਪ੍ਰਕਾਸ਼ ਪੌਡਿਆਲ ਨੂੰ ਪੁੱਛਤਾਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਸੀ।

ਕੱਲ੍ਹ ਮੈਨਲੀ ਅਦਾਲਤ ਦੀ ਕਾਰਵਾਈ ਦੌਰਾਨ ਉਸਨੇ ਆਪਣਾ ਦੋਸ਼ ਮੰਨ ਲਿਆ ਹੈ।

ਪ੍ਰਕਾਸ਼ ਪੌਡਿਆਲ ਨੂੰ ਬੂਪਾ ਕੰਪਨੀ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਮੁੜ ਇਸ ਕਿਸਮ ਦੀ ਨੌਕਰੀ ਕਰਨ ਦੀ ਆਗਿਆ ਨਹੀਂ ਹੋਵੇਗੀ।

ਕੱਲ੍ਹ ਅਦਾਲਤ ਤੋਂ ਬਾਹਰ ਆਉਣ ਪਿੱਛੋਂ ਉਸ ਨੇ ਮੀਡੀਏ ਦੇ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੱਤਾ।

ਪ੍ਰਕਾਸ਼ ਪੌਡਿਆਲ ਹੁਣ ਜ਼ਮਾਨਤ 'ਤੇ ਹੈ ਤੇ ਉਸ ਨੂੰ 23 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now