ਕਰੋਨਾਵਾਇਰਸ ਤੋਂ ਪੈਦਾ ਹੋਈ ਸਥਿਤੀ ਪਿੱਛੋਂ ਬਹੁਤ ਸਾਰੇ ਕੰਮ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹਨ ਜਾਂ ਸਾਡੇ ਵਿੱਚੋਂ ਕਈਆਂ ਨੇ ਨਿੱਜੀ ਤੌਰ 'ਤੇ ਵੀ ਘਰ ਰਹਿਣਾ ਚੁਣਿਆ ਹੈ।
ਗੱਲ ਕੀ ਸਾਡੇ ਵਿੱਚੋਂ ਜਿਨ੍ਹਾਂ ਕੋਲ ਹੁਣ ਕਾਫੀ ਵਿਹਲਾ ਸਮਾਂ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਦਾ ਹਾਂ-ਪੱਖੀ ਲਾਭ ਲੈਂਦੇ ਹੋਏ ਉਹ ਸਭ ਕੁਝ ਕਰਨ ਲਈ ਵਰਤਣ ਜਿਸ ਲਈ ਸਾਡੇ ਕੋਲ ਹੁਣ ਤੱਕ ਸਮਾਂ ਨਹੀਂ ਸੀ।
ਅੰਗਰੇਜ਼ੀ ਦਾ ਇੱਕ ਵਾਕ ਹੈ - ' If you can't go outside go inside then'.
ਕੋਸ਼ਿਸ਼ ਕਰਕੇ ਦੇਖੋ, ਆਪਣੇ ਅੰਦਰ ਬੈਠੇ ਸਹਿਮੇ ਹੋਏ ਬੱਚੇ ਨੂੰ ਮਿਲਣ ਦੀ। ਹੋ ਸਕਦਾ ਹੈ ਕਿ ਉਹ ਤੁਹਾਨੂੰ ਕੁਝ ਸ਼ਰਾਰਤਾਂ, ਕੁਝ ਖੇਡਾਂ ਫਿਰ ਤੋਂ ਖੇਡਣ ਲਈ ਉਕਸਾ ਜਾਵੇ।
ਜੇ ਮਿਲ ਸਕਦੇ ਹੋ ਤਾਂ ਉਸ ਅੱਲੜ ਜਹੇ ਮੁੰਡੇ, ਕੁੜੀ ਨੂੰ ਮਿਲਣਾ ਵੀ ਨਾ ਭੁੱਲਣਾ ਜੋ ਸੁਪਨਿਆਂ ਨਾਲ ਭਰਿਆ ਹੋਇਆ ਸੀ। ਉਸਦੇ ਖ਼ਾਬਾਂ ਵਾਲੇ ਦੇਸ਼ ਵੀ ਜ਼ਰੂਰ ਗੇੜਾ ਲਾ ਲੈਣਾ। ਵਕਤ ਨਾਲ ਤਾਲ ਮਿਲਾਉਂਦੇ-ਮਿਲਾਉਂਦੇ ਅਸੀਂ ਕਿੰਨੇ ਬੇਤਾਲੇ ਹੋ ਗਏ ਹਾਂ, ਇਹ ਉਸ ਅੱਲੜ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ।

ਇਸ ਘੜੀ ਵਿਚ, ਸਾਡੇ ਲਈ ਘਰ ਤੋਂ ਵੱਧ ਹੋਰ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੈ। ਸੋ ਰਲਮਿਲ ਘਰ ਨੂੰ ਸਾਫ ਕਰੋ। ਆਪਣੀਆਂ ਅਲਮਾਰੀਆਂ ਖੋਲ੍ਹੋ ਅਲਮਾਰੀਆਂ ਦੀ ਬਿਲਕੁਲ ਉਤਲੇ ਖਾਨਿਆਂ (ਸ਼ੈਲਫਾ) ਵਿੱਚ, ਬਹੁਤ ਪਹਿਲਾਂ ਕਿਸੇ ਪ੍ਰਾਜੈਕਟ ਲਈ ਖਰੀਦਿਆ ਕੋਈ ਸਾਮਾਨ ਪਿਆ ਤਾਂ ਉਸਨੂੰ ਕੱਢੋ।
ਇਹ ਪ੍ਰਾਜੈਕਟ ਕੁਝ ਵੀ ਹੋ ਸਕਦੇ ਹਨ, ਜਿਵੇਂ ਸਿਲਾਈ, ਕਢਾਈ, ਚਿੱਤਰਕਾਰੀ, ਬਾਗਬਾਨੀ, ਘਰ ਦੀ ਸਫਾਈ ਕਰਨਾ, ਨਵਾਂ ਬਗੀਚਾ ਲਾਉਣਾ ਜਾਂ ਪੁਰਾਣੇ ਨੂੰ ਨਵਿਆਉਣਾ ਜਾਂ ਪਿਛਲੇ ਵਿਹੜੇ ਵਿੱਚ ਲੱਕੜ-ਲੋਹੇ ਦੇ ਵੱਡੇ ਪ੍ਰਾਜੈਕਟ।
ਬੱਚਿਆਂ ਨੂੰ ਨਾਲ਼ ਲੈਕੇ ਆਪਣੇ ਇਲਾਕੇ ਅਤੇ ਮੌਸਮ ਮੁਤਾਬਕ ਤੁਸੀਂ ਗਰਮੀ ਜਾਂ ਸਰਦੀ ਦੀਆਂ ਸਬਜ਼ੀਆਂ ਲਾ ਸਕਦੇ ਹੋ। ਉਮੀਦ ਹੈ ਤੁਹਾਡੇ ਵਿਹੜੇ ਵਿੱਚ ਕੁਝ ਰੁੱਖ ਜਾਂ ਗਮਲਿਆਂ ਵਿਚ ਫੁੱਲ, ਬੂਟੇ ਹੋਣਗੇ।
ਜੇ ਤੁਹਾਨੂੰ ਹੁਣ ਤੱਕ ਮੌਕਾ ਨਹੀਂ ਮਿਲਿਆ ਫੁੱਲ, ਬੂਟੇ ਲਾਉਣ ਦਾ ਜਾਂ ਤੁਹਾਡੇ ਕੋਲ ਘੱਟ ਜਗ੍ਹਾ ਹੈ ਹੈ ਤਾਂ ਤੁਸੀਂ ਆਪਣੇ ਬੱਚਿਆਂ ਨਾਲ ਗਮਲਿਆਂ ਵਿੱਚ ਖੇਤੀ ਕਰਨ ਦੇ ਢੰਗ ਤਰੀਕਿਆਂ ਬਾਰੇ ਅਤੇ ਵਰਟੀਕਲ ਖੇਤੀ ਕਰਨ ਬਾਰੇ ਖੋਜ ਅਤੇ ਹੋਰ ਕੰਮ ਕਰ ਸਕਦੇ ਹੋ।

ਹੁਣ ਵਕਤ ਹੈ ਉਨ੍ਹਾਂ ਕਿਤਾਬਾਂ ਨੂੰ ਪੜ੍ਹਨ ਦਾ ਜੋ ਬਹੁਤ ਪਹਿਲਾਂ ਖਰੀਦੀਆਂ ਸੀ ਪਰ ਪੜ੍ਹ ਨਹੀਂ ਸਕੇ। ਉਹ ਕਵਿਤਾਵਾਂ ਜਾਂ ਕਹਾਣੀਆਂ ਨੂੰ ਲਿਖਣ ਦਾ ਜਿੰਨ੍ਹਾਂ ਲਈ ਕਦੇ ਸਮਾਂ ਹੀ ਨਹੀਂ ਮਿਲਿਆ। ਉਹ ਫਿਲਮਾਂ, ਨਾਟਕ ਅਤੇ ਦਸਤਾਵੇਜ਼ੀ ਫਿਲਮਾਂ ਵੇਖਣ ਦਾ ਜੋ ਬਹੁਤ ਸਮੇਂ ਤੋਂ ਲਾਈਨ ਵਿੱਚ ਲੱਗੀਆਂ ਹੋਈਆਂ ਹਨ।
ਹੋਰ ਨੀ ਤਾਂ ਆਪਣੇ ਕਰੀਅਰ ਨੂੰ 'ਪਾਣੀ ਦਾ ਛਿੱਟਾ' ਲਾਵੋ - ਆਪਣਾ ਬਾਇਓ-ਡਾਟਾ ਬੇਹਤਰ ਬਣਾਓ ਜੋ ਕਾਫੀ ਸਮੇਂ ਤੋਂ ਪਹਿਲਾਂ ਹੀ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।
ਫੋਨ /ਕੈਮਰੇ ਵਿੱਚੋਂ ਫੋਟੋਆਂ ਨੂੰ ਛਾਂਟੋ, ਹਾਰਡ ਡਰਾਈਵਜ਼ ਨੂੰ ਸਾਫ਼ ਕਰੋ, ਨਵੇਂ ਗੀਤ ਡਾਊਨਲੋਡ ਕਰੋ।
ਆਪਣੇ ਬੱਚਿਆਂ ਦੀ, ਆਪਣੀ ਤੇ ਆਪਣੇ ਪਤੀ/ਪਤਨੀ ਦੀ ਪਸੰਦ ਦਾ ਖਾਣਾ ਬਣਾਓ। ਬੱਚਿਆਂ ਨੂੰ ਖਾਣਾ ਬਣਾਉਣਾ ਸਿਖਾਓ।
ਪਾਠ, ਸਿਮਰਨ, ਮੈਡੀਟੇਸ਼ਨ ਕਰੋ। ਅਤੇ ਸਭ ਤੋਂ ਵੱਧ ਬੱਚਿਆਂ ਨਾਲ ਖੇਡੋ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰੋ।
ਮੁੱਕਦੀ ਗੱਲ.... ਖਾਲੀ ਮੱਤ ਬੈਠੋ ਮੀਆਂ ਕੁਛ ਤੋਂ ਕੀਆ ਕਰੋ, ਔਰ ਨਹੀਂ ਤੋ ਪਜਾਮਾ ਹੀ ਉਧੇੜ ਕੇ ਸੀਆ ਕਰੋ।
ਆਪਣੇ-ਆਪ ਨੂੰ ਮਿਲੋ, ਆਪਣੇ ਮਨ ਦੇ 'ਭੂਤ' ਨੂੰ ਆਹਰੇ ਲਾਵੋ ਅਤੇ ਇਸਨੂੰ ਦੱਸੋ ਕਿ ‘ਅਭੀ ਨਹੀਂ ਤੋ ਕਭੀ ਨਹੀਂ'। ਮੇਰਾ ਇਹ ਮੰਨਣਾ ਕਿ ਇੰਝ ਇਹ ਔਖਾ ਸਮਾਂ ਥੋੜ੍ਹੀ ਆਸਾਨੀ ਨਾਲ ਲੰਘ ਜਾਵੇਗਾ। ਨਾਲ਼ੇ, ਸਭ ਤੋਂ ਵੱਧ ਜ਼ਰੂਰੀ ਗੱਲ, ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖੋ। ਨਿਯਮਾਂ ਦੀ ਪਾਲਣਾ ਕਰੋ ਕਿਓਂਕਿ ਇਹ ਤੁਹਾਡੇ ਫਾਇਦੇ ਲਈ ਬਣਾਏ ਗਏ ਹਨ - ਗੱਲ ਭਾਵੇਂ ਸਮਾਜਿਕ-ਦੂਰੀਆਂ ਦੀ ਹੀ ਕਿਉਂ ਨਾ ਹੋਵੇ।

ਇਹ ਵਿਚਾਰ ਪੰਜਾਬੀ ਲੇਖਿਕਾ ਹਰਪ੍ਰੀਤ ਕੌਰ ਵੱਲੋਂ ਸਾਂਝੇ ਕੀਤੇ ਗਏ ਹਨ। ਉਹ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀ ਸਰਹੱਦ 'ਤੇ ਵਸੇ ਸ਼ਹਿਰ ਅਲਬਰੀ/ਵੰਡੋਂਗਾ ਵਿੱਚ ਇੱਕ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ,ਬੱਚਿਆਂ ਨੂੰ ਧਿਆਨ ਵਿੱਚ ਰੱਖਕੇ ਕਈ ਮਿਆਰੀ ਕਿਤਾਬਾਂ ਲਿਖੀਆਂ ਅਤੇ ਸੰਪਾਦਨ ਕੀਤੀਆਂ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਸਬੰਧਿਤ ਪੇਸ਼ਕਾਰੀਆਂ / ਇਹ ਵੀ ਜਾਣੋ:

ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਹੋ ਰਿਹਾ ਹੈ ਪੰਜਾਬੀ ਦਾ ਪ੍ਰਚਾਰ ਅਤੇ ਪਸਾਰਾ



