ਨਿਊ ਸਾਊਥ ਵੇਲਜ਼ ਨੇ ਆਪਣੇ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਨਵੀਆਂ ਸ਼ਰਤਾਂ ਸ਼ਾਮਲ ਕੀਤੀਆਂ ਹਨ ਜਿਸ ਵਿੱਚ ਘੱਟੋ-ਘੱਟ ਅੰਕਾਂ ਤੋਂ ਇਲਾਵਾ ਕੰਮ ਵਿੱਚ ਤਜਰਬੇ ਦੀ ਸ਼ਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮੁੱਖ ਤੌਰ ਉੱਤੇ ਇਹ ਐਲਾਨ 'ਸਕਿਲਡ ਨੌਮੀਨੇਟਡ ਸਬਕਲਾਸ 190' ਵੀਜ਼ਾ ਅਤੇ 'ਸਕਿਲਡ ਵਰਕ ਰੀਜਨਲ ਸਬਕਲਾਸ 491' ਵੀਜ਼ੇ ਲਈ ਕੀਤਾ ਗਿਆ ਹੈ।
ਨਿਊ ਸਾਊਥ ਵੇਲਜ਼ ਰਾਜ ਨਾਮਜ਼ਦਗੀ ਲਈ ਯੋਗ ਹੋਣ ਲਈ ਬਿਨੈਕਾਰਾਂ ਨੂੰ 'ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਟੈਂਡਰਡ ਕਲਾਸੀਫਿਕੇਸ਼ਨ ਔਫ ਉਕਯੂਪੇਸ਼ਨਸ' ਯੂਨਿਟ ਸਮੂਹ ਅਨੁਸਾਰ ਘੱਟੋ-ਘੱਟ ਅੰਕਾਂ ਤੋਂ ਇਲਾਵਾ ਤਜ਼ਰਬੇ ਦੀ ਸ਼ਰਤ ਨੂੰ ਵੀ ਪੂਰਾ ਕਰਨਾ ਪਵੇਗਾ।
ਉਪਰੋਕਤ ਪ੍ਰੋਗਰਾਮ ਇੱਕ ਹੁਨਰ-ਆਧਾਰਿਤ ਵਰਗੀਕਰਨ ਹੈ ਅਤੇ ਇਸਦੀ ਵਰਤੋਂ ਵੱਖੋ-ਵੱਖਰੇ ਕਿੱਤਿਆਂ ਨੂੰ ਸ਼੍ਰੇਣੀਬੱਧ ਕਰਨ ਲਈ ਕੀਤੀ ਜਾਂਦੀ ਹੈ।
ਮੈਲਬੌਰਨ ਤੋਂ ਮਾਈਗ੍ਰੇਸ਼ਨ ਮਾਹਰ ਨੇਹਾ ਸਿੰਘ ਦੇ ਅਨੁਸਾਰ, ਨਵੀਆਂ ਵੀਜ਼ਾ ਸ਼ਰਤਾਂ ਉਨ੍ਹਾਂ ਬਿਨੈਕਾਰਾਂ ਨੂੰ ਪ੍ਰਭਾਵਤ ਕਰਨਗੀਆਂ ਜੋ ਆਈਟੀ, ਅਕਾਉਂਟਸ ਅਤੇ ਇੰਜੀਨੀਅਰਿੰਗ ਸਟ੍ਰੀਮ ਦੇ ਨਾਲ-ਨਾਲ ਸ਼ੈੱਫ ਅਤੇ ਰਸੋਈਏ ਦੀ ਸ਼੍ਰੇਣੀ ਅਧੀਨ ਅਪਲਾਈ ਕਰ ਰਹੇ ਹਨ।
ਇਨ੍ਹਾਂ ਬਦਲਾਵਾਂ ਦਾ ਪ੍ਰਾਇਮਰੀ ਸਕੂਲ ਅਧਿਆਪਕਾਂ, 'ਅਰਲੀ ਚਾਇਲਡਹੁਡ' ਅਧਿਆਪਕਾਂ, ਨਰਸਾਂ, ਦਾਈਆਂ ਅਤੇ ਜਨਰਲ ਪ੍ਰੈਕਟੀਸ਼ਨਰਾਂ ਉਤੇ ਕੋਈ ਪ੍ਰਭਾਵ ਨਹੀਂ ਹੋਵੇਗਾ।
