ਦੀਪ ਸਿੱਧੂ ਨੂੰ ਹਰਿਆਣਾ ਸੂਬੇ ਦੇ ਕਰਨਾਲ ਸ਼ਹਿਰ ਨੇੜਿਓਂ ਗ੍ਰਿਫਤਾਰ ਕਰਕੇ ਸੱਤ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਪੁਲਿਸ ਪਿਛਲੇ ਮਹੀਨੇ ਕਿਸਾਨ ਟਰੈਕਟਰ ਰੈਲੀ ਦੌਰਾਨ ਰਾਜਧਾਨੀ ਦੇ ਲਾਲ ਕਿਲ੍ਹੇ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਹੋਈ ਕਥਿਤ ਹਿੰਸਾ ਵਿੱਚ ਦੀਪ ਸਿੱਧੂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਡੀ ਸੀ ਪੀ ਸਪੈਸ਼ਲ ਸੈੱਲ ਨੇ ਮੀਡੀਆ ਨੂੰ ਦੱਸਿਆ, “ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਉਹ ਫਰਾਰ ਹੋਣ ਪਿੱਛੋਂ ਆਪਣੀ ਵਾਰ-ਵਾਰ ਜਗ੍ਹਾ ਬਦਲ ਰਿਹਾ ਸੀ। ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਟੀਮ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਅਤੇ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਹੋਈ ਹਿੰਸਾ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਹੈ।
"ਉਸ ਦੀਆਂ ਤਸਵੀਰਾਂ ਜਨਤਕ ਖੇਤਰ ਵਿੱਚ ਹਨ। ਅਸੀਂ ਉਸਦੀ ਗ੍ਰਿਫਤਾਰੀ 'ਤੇ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਹੋਰ ਜਾਂਚ ਕੀਤੀ ਜਾ ਰਹੀ ਹੈ," ਚਿੰਨਮਯ ਬਿਸਵਾਲ, ਦਿੱਲੀ ਪੁਲਿਸ।
ਪੁਲਿਸ ਰਿਪੋਰਟਾਂ ਅਨੁਸਾਰ, ਦੀਪ ਸਿੱਧੂ ਅਤੇ ਉਸਦੇ ਸਾਥੀਆਂ ਦੁਆਰਾ ਭੜਕਾਈ ਹਿੰਸਾ ਵਿੱਚ 140 ਤੋਂ ਵੀ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਅਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ।
ਦੀਪ ਸਿੱਧੂ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਕਥਿਤ ਤੌਰ 'ਤੇ ਗਾਇਬ ਹੋ ਗਿਆ ਸੀ ਪਰ ਉਹ ਲਗਾਤਾਰ ਸੋਸ਼ਲ ਮੀਡਿਆ ਜ਼ਰੀਏ 'ਲਾਈਵ' ਵੀਡੀਓ ਅਪਲੋਡ ਕਰਦਾ ਰਿਹਾ ਹੈ।
ਪਿਛਲੇ ਹਫ਼ਤੇ ਇੱਕ ਵੀਡੀਓ ਵਿੱਚ ਉਸਨੇ ਕਿਸਾਨ ਯੂਨੀਅਨ ਨੇਤਾਵਾਂ ਨੂੰ ਲਾਲ ਕਿਲ੍ਹੇ ਦੀ ਕਥਿਤ ਘਟਨਾ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਲਾਲ ਕਿਲ੍ਹੇ ‘ਤੇ ਵਿਰੋਧ ਕਰਨਾ ਉਨ੍ਹਾਂ ਦਾ ਲੋਕਤੰਤਰੀ ਅਧਿਕਾਰ ਹੈ।
ਪਿਛਲੇ ਹਫਤੇ ਫੇਸਬੁੱਕ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੇ ਤਕਰੀਬਨ 1.5 ਮਿਲੀਅਨ ਵੀਊਜ਼, 31 ਹਜ਼ਾਰ ਟਿੱਪਣੀਆਂ ਅਤੇ 16 ਹਜ਼ਾਰ ਸ਼ੇਅਰ ਦਰਜ ਕੀਤੇ ਹਨ।
ਦੀਪ ਸਿੱਧੂ ਦੀ ਗ੍ਰਿਫਤਾਰੀ ਦੇ ਚਲਦਿਆਂ ਭਾਈਚਾਰੇ ਵਿੱਚ ਸੋਸ਼ਲ ਮੀਡੀਆ ਉੱਤੇ ਰਲਵੇਂ-ਮਿਲਵੇਂ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ।

eep Sidhu is a Punjabi film star known for his lead role in the movie “Jora 10 Numbaria” Source: Supplied
ਜੇ ਕੁਝ ਵੱਲੋਂ ਉਸਦੀ "ਨੌਜਵਾਨ ਸਿੱਖ ਆਗੂ" ਵਜੋਂ ਸਿਫਤ ਕੀਤੀ ਗਈ ਤਾਂ ਹੋਰਾਂ ਨੇ ਉਸ ਦੀਆਂ ਕਾਰਵਾਈ ਦੀ ਨਿੰਦਿਆ ਕੀਤੀ ਅਤੇ ਦੋਸ਼ ਲਾਇਆ ਕਿ ਉਹ ਅੰਦੋਲਨ ਨੂੰ ਬਦਨਾਮ ਕਰਨ ਦੀ 'ਸਾਜਿਸ਼' ਦਾ ਹਿੱਸਾ ਹੈ।
26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕਈ ਹੋਰ ਜਗਾਹ ਹੋਈ ਹਿੰਸਾ ਤੋਂ ਬਾਅਦ ਉਸਦੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨਾਲ ਖਿਚਾਈਆਂ ਪੁਰਾਣੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਪਿਛਲੇ ਐਤਵਾਰ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਵਿਖੇ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੀ ਪ੍ਰਬੰਧਕ ਮਨਵੀਰ ਕੌਰ ਨੇ 26 ਜਨਵਰੀ ਦੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
“ਇਸ ਵਿਰੋਧ ਪ੍ਰਦਰਸ਼ਨ ਦੌਰਾਨ ਦੀਪ ਸਿੱਧੂ ਦੇ ਰੋਲ ਨੇ ਸਾਡੇ ਭਾਈਚਾਰੇ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ। ਪਰ ਮੈਨੂੰ ਲਗਦਾ ਹੈ ਕਿ ਸਾਨੂੰ ਉਸ ਨੂੰ ਦੇਸ਼ ਵਿਰੋਧੀ ਨਹੀਂ ਕਹਿਣਾ ਚਾਹੀਦਾ, ਖ਼ਾਸਕਰ ਓਦੋਂ ਜਦੋਂ 25 ਅਤੇ 26 ਨੂੰ ਵਾਪਰੀਆਂ ਘਟਨਾਵਾਂ ਅਤੇ ਇਸ ਪਿਛਲੇ ਕਾਰਨਾਂ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ, " ਉਨ੍ਹਾਂ ਕਿਹਾ।
ਦੀਪ ਸਿੱਧੂ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾਣ 'ਤੇ ਸਿਡਨੀ ਵਿੱਚ ਸਿੱਖ ਭਾਈਚਾਰੇ ਦੇ ਨੁਮਾਇੰਦੇ ਅਮਰ ਸਿੰਘ ਨੇ ਕਿਹਾ, "ਅਸੀਂ ਭਾਰਤ ਵਿੱਚ ਸਿੱਖ ਕਾਰਕੁਨਾਂ ਅਤੇ ਪੱਤਰਕਾਰਾਂ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ ਕਰਦੇ ਹਾਂ।"
“ਇੱਕ ਲੋਕਤੰਤਰੀ ਰਾਸ਼ਟਰ ਵਜੋਂ, ਭਾਰਤ ਨੂੰ ਆਪਣੇ ਨਾਗਰਿਕਾਂ ਅਤੇ ਕਿਸਾਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਦੁਨੀਆ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ," ਉਨ੍ਹਾਂ ਕਿਹਾ।
ਮੈਲਬੌਰਨ ਤੋਂ ਸਿੱਖ ਨੁਮਾਇੰਦੇ ਹਰਪ੍ਰੀਤ ਸਿੰਘ 'ਖਾਲਸਾ' ਨੇ ਕਿਹਾ ਕਿ ਉਹ ਹਾਲ ਹੀ ਵਿਚ ਹੋਈਆਂ ਗ੍ਰਿਫਤਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਹੋਏ “ਪੁਲਿਸ ਦੇ ਜ਼ੁਲਮ” ਬਾਰੇ ਚਿੰਤਤ ਹਨ।
“ਦੀਪ ਸਿੱਧੂ ਅਤੇ ਹੋਰ ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ ਦੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ। ਅੰਦਰੂਨੀ ਮਤਭੇਦ ਹੋਣ ਦੇ ਬਾਵਜੂਦ, ਸਾਨੂੰ ਸਾਰਿਆਂ ਨੂੰ, ਕਿਸਾਨ ਯੂਨੀਅਨਾਂ ਸਮੇਤ, ਬੇਇਨਸਾਫੀ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ," ਉਨ੍ਹਾਂ ਕਿਹਾ।
"ਦੁਨੀਆ ਦੇਖ ਰਹੀ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ। ਪ੍ਰਦਰਸ਼ਨਕਾਰੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਨੋਦੀਪ ਕੌਰ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਨਾਲ ਜਿਸ ਤਰ੍ਹਾਂ ਦਾ ਅਣ-ਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ ਉਸ ਬਾਰੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਜੁਆਬਦੇਹ ਬਣਾਉਣਾ ਚਾਹੀਦਾ ਹੈ।"
ਯੂਨਾਈਟਿਡ ਸਿੱਖਸ ਸੰਸਥਾ ਦੇ ਆਸਟ੍ਰੇਲੀਅਨ ਚੈਪਟਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਸਬੰਧੀ ਮੀਡੀਆ ਵੱਲੋਂ ਕੋਈ ਮੁਕੱਦਮਾ ਨਹੀਂ ਚੱਲ ਰਿਹਾ ਅਤੇ ਦੀਪ ਸਿੱਧੂ ਨੂੰ ਆਪਣਾ ਕੇਸ ਪੇਸ਼ ਕਰਨ ਅਤੇ ਇਨਸਾਫ ਦੀ ਮੰਗ ਕਰਨ ਲਈ ਸਾਰੇ ਯੋਗ ਸਰੋਤ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।
“ਹਰ ਨਾਗਰਿਕ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਮਾਨਤਾ ਅਤੇ ਸਤਿਕਾਰ ਹੋਣਾ ਚਾਹੀਦਾ ਹੈ। ਹਰੇਕ ਵਿਅਕਤੀ ਨੂੰ ਸੁਣਨ, ਨੁਮਾਇੰਦਗੀ ਕਰਨ ਅਤੇ ਕਾਨੂੰਨੀ ਰਾਹ ਅਪਣਾਉਣ ਦਾ ਅਧਿਕਾਰ ਹੈ। ਇਹ ਕਿਸੇ ਵੀ ਲੋਕਤੰਤਰ ਦਾ ਮੂਲ ਅਧਾਰ ਹੈ," ਉਨ੍ਹਾਂ ਕਿਹਾ।
ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਇਸ ਵੇਲੇ ਸਰਹੱਦੀ ਖੇਤਰ ਵਿੱਚ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਲੋਕ ਜਮਾਂ ਹੋਏ ਹਨ ਜਿੰਨ੍ਹਾਂ ਦੀ ਅਗਵਾਈ ਕਿਸਾਨ ਅਤੇ ਮਜ਼ਦੂਰ ਸੰਗਠਨਾਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ