ਅੰਤਰਰਾਸ਼ਟਰੀ ਗਾਇਕਾ ਅਤੇ ਹਾਲੀਵੁਡ ਅਦਾਕਾਰਾ ਰਿਹਾਨਾ ਦੁਆਰਾ ਕਿਸਾਨ ਅੰਦੋਲਨ ਨੂੰ ਸਮਰਥਨ ਦੇਣਾ ਇਸ ਵੇਲ਼ੇ ਸੁਰਖੀਆਂ ਵਿੱਚ ਹੈ।
ਮੰਗਲਵਾਰ ਨੂੰ ਉਸਨੇ ਟਵਿੱਟਰ ’ਤੇ ਕਿਸਾਨਾਂ ਦੇ ਸਮੱਰਥਨ ਵਿੱਚ ਜੋ ਟਵੀਟ ਕੀਤਾ ਉਸਦੀ ਵਿਦੇਸ਼ ਹੀ ਨਹੀਂ ਸਗੋਂ ਭਾਰਤ ਵਿੱਚ ਵੀ ਚਰਚਾ ਛਿੜੀ ਹੋਈ ਹੈ।
ਰਿਹਾਨਾ ਨੇ ਮੰਗਲਵਾਰ ਰਾਤ ਨੂੰ ਸੀਐਨਐਨ ਦੀ ਕਿਸਾਨ ਅੰਦੋਲਨ ਨਾਲ਼ ਸਬੰਧਿਤ ਇੱਕ ਰਿਪੋਰਟ ਨੂੰ ਟਵੀਟ ਕਰਦਿਆਂ ਲਿਖਿਆ,"ਅਸੀਂ ਇਸ ਬਾਰੇ ਕੋਈ ਗੱਲ ਕਿਉਂ ਨਹੀਂ ਕਰ ਰਹੇ’?! #FarmersProtest"
ਰਿਹਾਨਾ ਦੇ ਇਸ ਟਵੀਟ ਦਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਜਵਾਬ ਦਿੱਤਾ ਗਿਆ।
ਉਸਨੇ ਨਾ ਸਿਰਫ ਟਵੀਟ ਦੀ ਅਲੋਚਨਾ ਕੀਤੀ ਬਲਕਿ ਰਿਹਾਨਾ ਨੂੰ 'ਮੂਰਖ' ਦੱਸਿਆ।
ਉਸਨੇ ਲਿਖਿਆ ਕਿ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਕਿਉਂਕਿ, "ਉਹ ਕਿਸਾਨ ਨਹੀਂ, ਅੱਤਵਾਦੀ ਹਨ, ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ ਤਾਂ ਜੋ ਚੀਨ ਸਾਡੇ ਸੰਵੇਦਨਸ਼ੀਲ ਦੇਸ਼ ’ਤੇ ਕਬਜ਼ਾ ਕਰ ਸਕੇ ਤੇ ਅਮਰੀਕਾ ਵਾਂਗ ਇਸ ਨੂੰ ਆਪਣੀ ਕਾਲੋਨੀ ਬਣ ਸਕੇ।
"ਚੁੱਪਚਾਪ ਬੈਠੋ ਬੇਵਕੂਫ਼, ਅਸੀਂ ਤੁਹਾਡੇ ਜਿਹੇ ਨਕਲੀ ਲੋਕਾਂ ਵਾਂਗ ਆਪਣਾ ਦੇਸ਼ ਨਹੀਂ ਵਿਕਣ ਦੇਵਾਂਗੇ।"
ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਰਿਹਾਨਾ ਦੇ ਟਵੀਟ ਦਾ ਸਮੱਰਥਨ ਕੀਤਾ ਹੈ ਪਰ ਇਸ ਦੌਰਾਨ ਉਸਦੀ ਅਦਾਕਾਰ ਕੰਗਨਾ ਰਣੌਤ ਨਾਲ਼ ਮੁੜ 'ਟਵਿਟਰ ਜੰਗ' ਸ਼ੁਰੂ ਹੋ ਗਈ ਹੈ।
ਉਨ੍ਹਾਂ ਵਿਚਾਲੇ ਦਸੰਬਰ ਵਿੱਚ ਬਿਲਕਿਸ ਬਾਨੋ ਅਤੇ ਕਿਸਾਨ ਪ੍ਰਦਸ਼ਨ ਵਿੱਚ ਸ਼ਾਮਿਲ ਇੱਕ ਪੰਜਾਬੀ ਬੇਬੇ ਦੀ ਫੋਟੋ ਦੇ ਇਸਤੇਮਾਲ ਨੂੰ ਲੈਕੇ ਟਵੀਟਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ।
ਹੁਣ ਦੋਵਾਂ ਵਿਚਾਲੇ ਟਵਿਟਰ ’ਤੇ ਨਵੀਂ ਕਿੰਤੂ-ਪਰੰਤੂ ਉਦੋਂ ਮੁੜ ਸ਼ੁਰੂ ਹੋਈ ਜਦੋਂ ਰਿਹਾਨਾ ਨੇ ਇਕ ਟਵੀਟ ਕਰਕੇ ਦਿੱਲੀ ਸਰਹੱਦ ’ਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਨੇੜੇ ਇੰਟਰਨੈਟ ਬੰਦ ਹੋਣ ’ਤੇ ਸਵਾਲ ਉਠਾਇਆ ਸੀ।
ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਤੋਂ ਪ੍ਰਭਾਵਿਤ ਦੋਸਾਂਝ ਨੇ ਆਪਣੇ ਹਾਲੀਆ ਟਰੈਕ ਕੌਮਾਂਤਰੀ ਪੌਪ ਸਟਾਰ ਨੂੰ ਸਮਰਪਿਤ ਕੀਤਾ।
ਇਸ ਗੀਤ ਦਾ ਸਿਰਲੇਖ ‘ਰੀਰੀ’ (ਰਿਹਾਨਾ) ਰੱਖਿਆ ਗਿਆ ਹੈ, ਜੋ ਗ੍ਰੈਮੀ ਐਵਾਰਡ ਜੇਤੂ ਕਲਾਕਾਰ ਦਾ ਉਪਨਾਮ ਹੈ।
ਦਿਲਜੀਤ ਦੇ ਯੂਟਿਊਬ ਚੈਨਲ ’ਤੇ ਕੱਲ ਰਿਲੀਜ਼ ਕੀਤੇ ਗਏ ਆਡੀਓ ਗੀਤ ਨੂੰ ਰਾਜ ਰਣਜੋਧ ਨੇ ਲਿਖਿਆ ਹੈ।
ਇਸ ਗੀਤ ’ਚ ਦਿਲਜੀਤ ਨੇ ਰਿਹਾਨਾ ਦੇ ਦੇਸ਼ ਬਾਰਬੇਡੋਸ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਰਿਹਾਨਾ ਦੀ ਖ਼ੂਬਸੂਰਤੀ, ਪਹਿਰਾਵੇ ਤੇ ਉਸ ਦੀਆਂ ਅੱਖਾਂ ਦੀ ਤਾਰੀਫ਼ ਕੀਤੀ ਗਈ ਹੈ।
ਗੀਤ ਦੇ ਬੋਲਾਂ ’ਚ ਦਿਲਜੀਤ ਨੇ ‘ਪਰੀ’ ਨੂੰ ਧਰਤੀ ’ਤੇ ਭੇਜਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਉਸ ਨੇ ਗਾਇਕਾ ਨੂੰ ਪਟਿਆਲਾ ਸੂਟ ਤੇ ਝਾਂਜਰ ਤੋਹਫ਼ੇ ਵਜੋਂ ਦੇਣ ਦੀ ਗੱਲ ਵੀ ਆਖੀ ਹੈ।
ਸਮੁਚੇ ਘਟਨਾਕ੍ਰਮ ਦੇ ਚਲਦਿਆਂ ਅੰਤਰਰਾਸ਼ਟਰੀ ਮਸ਼ਹੂਰੀ ਪ੍ਰਾਪਤ ਵਾਤਾਵਰਨ ਪ੍ਰੇਮੀ ਗ੍ਰੇਟਾ ਥੰਬਰਗ ਨੇ ਵੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕੀਤਾ ਗਿਆ ਹੈ।
ਇਸ ਦੌਰਾਨ ਕਈ ਬਾਲੀਵੁੱਡ ਅਤੇ ਭਾਰਤੀ ਕ੍ਰਿਕਟ ਸਿਤਾਰਿਆਂ ਨੇ ਰਿਹਾਨਾ ਦੇ ਵਿਰੋਧ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੋਸ਼ਲ ਮੀਡਿਆ ਉੱਤੇ ਬਹਿਸ ਵਧਦੀ ਦੇਖ ਬੁੱਧਵਾਰ ਸ਼ਾਮ ਤੱਕ ਭਾਰਤ ਦੇ ਵਿਦੇਸ਼ ਮੰਤਰਾਲਾ ਵੱਲੋਂ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ ਅਤੇ ਕੌਮਾਂਤਰੀ ਹਸਤੀਆਂ ਵੱਲੋਂ ਕਿਸਾਨਾਂ ਨਾਲ ਪ੍ਰਗਟਾਈ ਹਮਾਇਤ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਅਤੇ ਪ੍ਰਾਪੇਗੰਡਾ ਦੱਸਿਆ ਗਿਆ ਗਿਆ।
ਭਾਰਤ ਦੀਆਂ ਬਾਲੀਵੁੱਡ ਅਤੇ ਖੇਡ ਜਗਤ ਨਾਲ ਜੁੜੀਆਂ ਕਈ ਹਸਤੀਆਂ ਨੇ ਸਰਕਾਰ ਵੱਲੋਂ ਜਾਰੀ ਹੈਸ਼ਟੈਗ #IndiaAgainstPropaganda, #IndiaTogether ਦੇ ਨਾਲ ਟਵੀਟ ਕੀਤੇ ਜਿਸ ਵਿੱਚ ਵਿਦੇਸ਼ ਮੰਤਰਾਲਾ ਦੇ ਬਿਆਨ ਨੂੰ ਟੈਗ ਵੀ ਕੀਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ