ਭਾਰਤ ਦੀ ਚੋਟੀ ਦੀ ਆਈ ਟੀ ਕੰਪਨੀ ਵਿਪਰੋ, ਸਾਈਬਰ ਸੁਰੱਖਿਆ ਦੇ ਖਤਰਿਆਂ ਨਾਲ ਨਿਬਟਣ ਲਈ ਵਿਕਟੋਰੀਆ ਵਿੱਚ ਨਿਵੇਸ਼ ਕਰਨ ਲਈ ਮੂਹਰੇ ਆਈ ਹੈ।
ਇਕਨੋਮਿਕ ਡਿਵੈਲਪਮੈਂਟ ਮੰਤਰੀ ਟਿਮ ਪਾਲਾਸ ਨੇ ਇਸ ਬਾਰੇ ਘੋਸ਼ਣਾ ਕਰਦੇ ਹੋਏ ਕਿਹਾ ਕਿ ‘ਵਿਪਰੋ ਲਿਮਟਿਡ’ ਦੱਖਣੀ ਮੈਲਬਰਨ ਵਿੱਚ 1.5 ਮਿਲਿਅਨ ਡਾਲਰਾਂ ਦਾ ਇੱਕ ਅਹਿਮ ਨਿਵੇਸ਼ ‘ਸਾਈਬਰ ਡਿਫੈਂਸ ਸੈਂਟਰ’ ਦੀ ਸਥਾਪਤੀ ਲਈ ਕਰਨ ਜਾ ਰਹੀ ਹੈ, ਜਿਸ ਦੁਆਰਾ ਅਦਾਰਿਆਂ ਨੂੰ ਸਾਈਬਰ ਹਮਲਿਆਂ ਤੋਂ ਬਚਾਇਆ ਜਾ ਸਕੇਗਾ।
ਵਿਕਟੋਰੀਆ ਦੀ ਸਰਕਾਰ ਦੇ ਉਪਰਾਲੇ ਨਾਲ ਕੀਤੇ ਇਸ ਨਿਵੇਸ਼ ਨਾਲ 100 ਦੇ ਕਰੀਬ ਨਵੀਆਂ ਨੌਕਰੀਆਂ ਹੋਂਦ ਵਿੱਚ ਆਉਣਗੀਆਂ ਜਿਨਾਂ ਵਿੱਚ ਵਿਕਟੋਰੀਆ ਸੂਬੇ ਦੀਆਂ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਲਈ ਇੰਟਰਨਸ਼ਿੱਪ ਵੀ ਸ਼ਾਮਲ ਹੋਵੇਗੀ।
ਇਸ ਸਥਾਪਤ ਕੀਤੇ ਜਾਣ ਵਾਲੇ ਨਵੇਂ ਸੈਂਟਰ ਦੁਆਰਾ ਕਈ ਵਿਭਾਗਾਂ ਜਿਵੇਂ ਵਿੱਤੀ ਸੇਵਾਵਾਂ, ਦੂਰ-ਸੰਚਾਰ, ਊਰਜਾਂ ਅਤੇ ਸਹੂਲਤਾਂ ਦੇ ਨਾਲ ਨਾਲ ਕਈ ਹੋਰ ਸਰਕਾਰੀ ਮਹਿਕਮਿਆਂ ਨੂੰ ਸੇਵਾ ਪ੍ਰਦਾਨ ਕੀਤੀ ਜਾਵੇਗੀ।
ਵਿਪਰੋ ਵਲੋਂ ਸਥਾਪਤ ਕੀਤੇ ਜਾਣ ਵਾਲੇ ਇਸ ਸਾਈਬਰ ਸਿਕਿਓਰਿਟੀ ਸੈਂਟਰ ਦੀ ਸਥਾਪਤੀ ਨਾਲ ਭਾਰਤ ਅਤੇ ਵਿਕਟੋਰੀਆ ਸੂਬੇ ਦੇ ਸਬੰਧ ਹੋਰ ਵੀ ਮਜਬੂਤ ਹੋਣਗੇ। ਇਹ ਉਪਰਾਲਾ ‘10 ਯੀਅਰ ਇੰਡੀਆ ਸਟਰੇਟਜੀ – ਅਵਰ ਸ਼ੇਅਰਡ ਫਿਊਚਰ’ ਵਾਲੇ ਘੋਸ਼ਤ ਕੀਤੇ ਹੋਏ ਉਪਰਾਲੇ ਅਧੀਨ ਕੀਤਾ ਜਾ ਰਿਹਾ ਹੈ।
ਇਕਨੋਮਿਕ ਡਿਵੈਲਪਮੈਂਟ ਮੰਤਰੀ ਟਿਮ ਪਾਲਾਸ ਨੇ ਕਿਹਾ, ‘ਮੈਲਬਰਨ, ਆਸਟ੍ਰੇਲੀਆ ਦਾ ਪ੍ਰਮੁੱਖ ਤਕਨੀਕੀ ਸ਼ਹਿਰ ਹੈ ਅਤੇ ਅਸੀਂ ਭਾਰਤ ਦੀ ਚੋਟੀ ਦੀ ਆਈ ਟੀ ਕੰਪਨੀ ਵਿਪਰੋ ਵਲੋਂ ਕੀਤੇ ਜਾ ਰਹੇ ਪੁਨਰ ਨਿਵੇਸ਼ ਦਾ ਸਵਾਗਤ ਕਰਦੇ ਹਾਂ’।
ਵਿਪਰੋ, ਇੱਕ ਪ੍ਰਮੁੱਖ ਗਲੋਬਲ ਇੰਫੋਰਮੇਸ਼ਨ ਟੈਕਨੋਲੋਜੀ, ਸਲਾਹ-ਮਸ਼ਵਰਾ ਅਤੇ ਕਾਰੋਬਾਰੀ ਪ੍ਰਕਿਰਿਆਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਹੈ ਅਤੇ ਵਿੱਤੀ ਰੈਂਕਿੰਗ ਵਿੱਚ ਭਾਰਤ ਦੀਆਂ ਚੋਟੀ ਦੀਆਂ ਪੰਜ ਕੰਪਨੀਆਂ ਵਿੱਚ ਸ਼ਾਮਲ ਹੈ। ਇਸ ਕੰਪਨੀ ਦੇ ਛੇ ਮਹਾਂਦੀਪਾਂ ਵਿਚਲੇ ਅਦਾਰਿਆਂ ਵਿੱਚ ਤਕਰੀਬਨ 1 ਲੱਖ 75 ਹਜਾਰ ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਮੈਲਬਰਨ ਵਿੱਚ ਵੀ ਇਹ ਕੰਪਨੀ ਪਿਛਲੇ 15 ਸਾਲਾਂ ਤੋਂ ਕਾਰਜਸ਼ੀਲ ਹੈ।
ਵਿਪਰੋ ਨੇ ਮੈਲਬਰ ਦੀਆਂ ਕਈ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਸਿੱਖਿਅਕ ਅਦਾਰਿਆਂ ਨਾਲ ਭਾਈਚਾਰੀ ਪਾਉਂਦੇ ਹੋਏ ਆਰਟੀਫੀਸ਼ਅਲ ਇੰਟੈਲੀਜੈਂਸ ਦੇ ਖੇਤਰਾਂ ਵਿੱਚ ਕਾਰਜ ਅਰੰਭੇ ਹੋਏ ਹਨ।
ਵਿਪਰੋ ਕੰਪਨੀ ਦੇ ਸੀਨੀਅਰ ਵਾਈਸ ਪਰੈਜ਼ੀਡੈਂਟ ਰਾਜਾ ਯੁਕਿਲ ਨੇ ਕਿਹਾ, ‘ਮੈਲਬਰਨ ਵਿੱਚ ਕੰਪਨੀ ਵਲੋਂ ਸਾਈਬਰ ਸੁਰੱਖਿਆ ਖੇਤਰ ਵਿੱਚ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਨਾਲ ਜਿੱਥੇ ਕੰਪਨੀ ਦੀ ਵਚਨਬੱਧਤਾ ਸਾਹਮਣੇ ਆਉਂਦੀ ਹੈ ਉੱਥੇ ਨਾਲ ਹੀ ਸਥਾਈ ਟੈਲੇਂਟ ਨੂੰ ਬਲ ਮਿਲਦਾ ਹੈ’।
ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਮੋਸ਼ਨ ਗਲੋਬਲ ਰਿਪੋਰਟ ਵਿੱਚ ‘ਸੈਵਿਲਜ਼ ਟੈਕ ਸਿਟੀਜ਼’ ਵਲੋਂ ਪੁਸ਼ਟੀ ਕੀਤੀ ਗਈ ਸੀ ਕਿ ਮੈਲਬਰਨ ਆਸਟ੍ਰੇਲੀਆ ਦਾ ਪ੍ਰਮੁੱਖ ਤਕਨੀਕੀ ਸ਼ਹਿਰ ਹੈ।
ਵਿਕਟੋਰੀਆ ਦੇ ਪ੍ਰਫੁੱਲਤ ਹੋ ਰਹੇ ਤਕਨੀਕ ਅਤੇ ਆਈ ਟੀ ਸੈਕਟਰ ਦੇ 19 ਹਜਾਰ ਤੋਂ ਵੀ ਜਿਆਦਾ ਕਾਰੋਬਾਰਾਂ ਵਿੱਚ 137,900 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਸ ਤੋਂ 36.6 ਬਿਲਿਅਨ ਡਾਲਰਾਂ ਦਾ ਸਲਾਨਾ ਮਾਲੀਆ ਪੈਦਾ ਹੁੰਦਾ ਹੈ।
ਇਸ ਸੂਬੇ ਵਿੱਚ ਵਿਸ਼ਵ-ਪ੍ਰਸਿਧ ਸਾਈਬਰ ਸੁਰੱਖਿਆ ਵਾਤਾਵਰਣ ਗਠਿਤ ਕੀਤਾ ਹੋਇਆ ਹੈ ਜਿਸ ਵਿੱਚ ਓਸ਼ੀਆਨਾ ਸਾਈਬਰ ਸਿਕਿਓਰਿਟੀ ਸੈਂਟਰ, ਅਤੇ ਸੀ ਐਸ ਆਈ ਆਰ ਓ ਦਾ ਡਾਟਾ-61 ਵਰਗੀਆਂ ਕਈ ਕੰਪਨੀਆਂ ਭਰਪੂਰ ਯੋਗਦਾਨ ਪਾ ਰਹੀਆਂ ਹਨ।
Listen to SBS Punjabi Monday to Friday at 9 pm. Follow us on Facebook and Twitter.
