ਪਿਛਲੇ ਸਾਲ ਦੇ ਮੁਕਾਬਲੇ ਸਾਲ 2019-20 ਵਿੱਚ ਆਸਟ੍ਰੇਲੀਆ 'ਸਕਿੱਲਡ ਇੰਡਿਪੈਂਡੈਂਟ' ਵੀਜ਼ਾ ਲਈ ਜਾਰੀ ਕੀਤੇ ਗਏ ਸੱਦਾ ਪੱਤਰਾਂ ਵਿੱਚ 66% ਦੀ ਕਮੀ ਦਰਜ ਕੀਤੀ ਗਈ ਹੈ।
2018-19 ਵਿੱਚ ਸਕਿੱਲਡ ਇੰਡਿਪੈਂਡੈਂਟ ਵੀਜ਼ਾ (ਸਬ ਕਲਾਸ 189) ਲਈ ਜਾਰੀ ਕੀਤੇ 22,920 ਸੱਦੇ ਦੀ ਤੁਲਨਾ ਵਿੱਚ ਪਿਛਲੇ ਵਿੱਤੀ ਸਾਲ ਵਿੱਚ ਸਿਰਫ 7,720 ਸੱਦੇ ਜਾਰੀ ਕੀਤੇ ਗਏ ਹਨ।
ਸਕਿੱਲਡ ਇੰਡਿਪੈਂਡੈਂਟ ਵੀਜ਼ਾ (ਸਬਕਲਾਸ 189) ਇੱਕ ਸਥਾਈ ਰੈਜ਼ੀਡੈਂਸੀ ਵੀਜ਼ਾ ਹੈ ਜੋ ਵੀਜ਼ਾ ਧਾਰਕ ਨੂੰ ਆਸਟ੍ਰੇਲੀਆ ਵਿੱਚ ਕਿਤੇ ਵੀ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ।
ਹਾਲਾਂਕਿ, ਨਵੰਬਰ 2019 ਵਿੱਚ ਨਵੇਂ ਖੇਤਰੀ ਵੀਜ਼ਾ ਲਾਗੂ ਕੀਤੇ ਜਾਣ ਤੋਂ ਬਾਅਦ, 2019-20 ਵਿੱਚ ਜਾਰੀ ਕੀਤੇ ਗਏ ਖੇਤਰੀ ਵੀਜ਼ਾ ਗਿਣਤੀ ਵਿੱਚ ਇੱਕ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।

2018-19 ਵਿੱਚ, ਸਕਿੱਲਡ ਰੀਜਨਲ (ਆਰਜ਼ੀ) ਵੀਜ਼ਾ (ਸਬ ਕਲਾਸ 489) ਲਈ ਮਹਿਜ਼ 120 ਸੱਦੇ ਜਾਰੀ ਕੀਤੇ ਗਏ ਸਨ, ਜਦੋਂ ਕਿ 2019-20 ਵਿੱਚ ਸਕਿੱਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) ਵਿੱਚ ਪਰਿਵਾਰ-ਦੁਆਰਾ ਪ੍ਰਯੋਜਿਤ ਕੀਤੇ ਜਾਣ ਕਰਕੇ 1780 ਸੱਦੇ ਜਾਰੀ ਕੀਤੇ ਗਏ ਹਨ।
ਵੱਡੇ ਪੱਧਰ ਉੱਤੇ ਦੇਖੀਏ ਤਾਂ 2018-19 ਵਿੱਚ ਜਾਰੀ ਕੀਤੀ 23,040 ਦੀ ਸੱਦਾ ਗਿਣਤੀ ਤੋਂ ਇੱਕ ਵੱਡੀ ਗਿਰਾਵਟ ਆਈ ਜੋ ਕਿ 2019-20 ਵਿੱਚ ਦੋ ਤਿਹਾਈ ਰਹਿੰਦਿਆਂ ਹੁਣ 9,500 ਉੱਤੇ ਆ ਟਿਕੀ ਹੈ।

ਐਡੀਲੇਡ ਦੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਸ੍ਰੀ ਮਾਰਕ ਗਲਾਜ਼ਬਰੂਕ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ, “ਇਹ ਗਿਣਤੀ ਆਸਟ੍ਰੇਲੀਆ ਦੇ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਗਿਰਾਵਟ ਨੂੰ ਦਰਸਾਉਂਦੀ ਹੈ।
“ਇਹ ਸਕਿੱਲਡ ਵੀਜ਼ਾ ਦੇ ਆਸਵੰਦ ਲੋਕਾਂ ਲਈ ਇੱਕ ਨਿਰਾਸ਼ਾਜਨਕ ਮੰਜ਼ਿਰ ਹੈ, ਖ਼ਾਸਕਰ ਉਨ੍ਹਾਂ ਲਈ ਜੋ ਇਸ ਪ੍ਰਵਾਸ ਵੀਜ਼ਾ ਲਈ ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਲਈ ਮੇਹਨਤ ਕਰ ਰਹੇ ਹਨ।"
ਇਸ ਦੇ ਉਲਟ, ਰਾਜ ਅਤੇ ਪ੍ਰਦੇਸ਼ ਸਰਕਾਰ ਵੱਲੋਂ ਨਾਮਜ਼ਦ ਵੀਜ਼ਾ ਸਬ-ਕਲਾਸਾਂ ਲਈ ਸਾਲ 2019- 20 ਵਿੱਚ ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ ਵਿੱਚ ਇੱਕ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।
ਸਾਲ 2018-19 ਵਿੱਚ 17,350 ਦੇ ਮੁਕਾਬਲੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਨੇ 1 ਜੁਲਾਈ 2019 ਤੋਂ ਜੂਨ 2020 ਦੇ ਅੰਤ ਤਕ 25,589 ਵੀਜ਼ਾ ਲਈ ਸੱਦੇ ਜਾਰੀ ਕੀਤੇ ਹਨ।
ਇਕੱਲੇ ਜੂਨ 2020 ਵਿੱਚ, ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ 3,481 ਸੱਦੇ ਜਾਰੀ ਕੀਤੇ ਗਏ ਸਨ। 
ਸਰਹੱਦ ਬੰਦ ਹੋਣ ਪਿੱਛੋਂ ਅਤੇ ਕੋਵਿਡ-19 ਦਾ ਇਮੀਗ੍ਰੇਸ਼ਨ 'ਤੇ ਕੀ ਅਸਰ ਪਏਗਾ?
ਹਾਲਾਂਕਿ 2020-21 ਦੇ ਮਾਈਗ੍ਰੇਸ਼ਨ ਪ੍ਰੋਗਰਾਮ ਦੀ ਯੋਜਨਾਬੰਦੀ ਦਾ ਵੇਰਵਾ ਅਜੇ ਸਾਹਮਣੇ ਨਹੀਂ ਆਇਆ ਹੈ, ਗ੍ਰਹਿ ਵਿਭਾਗ ਨੇ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨੂੰ ਪੁਸ਼ਟੀ ਕੀਤੀ ਹੈ ਕਿ ਮੌਜੂਦਾ 2019-20 ਪ੍ਰਵਾਸ ਪ੍ਰੋਗਰਾਮ ਨਾਮਜ਼ਦਗੀਆਂ ਜਾਰੀ ਰਹਿਣਗੀਆਂ।
ਮਾਈਗ੍ਰੇਸ਼ਨ ਪ੍ਰੋਗਰਾਮ ਹੁਣ ਸਾਲਾਨਾ 160,000 ਦੇ ਉਪਲਬਧ ਸਥਾਨਾਂ ਦੀ ਗਿਣਤੀ ਦੇ ਹਿਸਾਬ ਨਾਲ਼ ਨਿਰਧਾਰਤ ਕੀਤਾ ਜਾਂਦਾ ਹੈ।
ਕੁਝ ਮਾਈਗ੍ਰੇਸ਼ਨ ਏਜੰਟਾਂ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਹੈ ਕਿ ਜੁਲਾਈ 2020 ਵਿੱਚ ਵੀਜ਼ਾ ਸੱਦੇ ਇਹ ਦੌਰ ਸੰਕੇਤ ਕਰਦਾ ਹੈ ਕਿ ਨਿਯਮਤ ਪ੍ਰਕਿਰਿਆ ਜਾਰੀ ਹੈ।
ਹਾਲਾਂਕਿ, ਰਾਜਾਂ ਅਤੇ ਪ੍ਰਦੇਸ਼ਾਂ ਨੇ ਆਪਣੇ ਪ੍ਰਵਾਸ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਪ੍ਰਵਾਸੀ ਕੋਟੇ ਨੂੰ ਅਜੇ ਨਿਰਧਾਰਤ ਨਹੀਂ ਕੀਤਾ ਗਿਆ ਹੈ।
ਹਰ ਸਾਲ ਰਾਜਾਂ ਅਤੇ ਪ੍ਰਦੇਸ਼ਾਂ ਨੂੰ ਸਰਕਾਰ ਕੋਲੋਂ ਕੋਟਾ ਨਿਰਧਾਰਤ ਕੀਤਾ ਜਾਂਦਾ ਹੈ, ਜਿਸਦੇ ਅਧਾਰ ਤੇ ਰਾਜ ਅਤੇ ਪ੍ਰਦੇਸ਼ ਵੱਖ-ਵੱਖ ਵੀਜ਼ਾ ਪ੍ਰੋਗਰਾਮਾਂ ਲਈ ਕਾਬਿਲ ਪ੍ਰਵਾਸੀਆਂ ਨੂੰ ਨਾਮਜ਼ਦ ਕਰਦੇ ਹਨ।
ਹਾਲਾਂਕਿ, ਇਸ ਸਾਲ, ਗ੍ਰਹਿ ਵਿਭਾਗ ਨੇ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲੇ ਪ੍ਰੋਗਰਾਮ ਤੱਕ ਆਪਣੇ ਪ੍ਰੋਗਰਾਮਾਂ 'ਤੇ ਰੋਕ ਲਗਾਉਣ ਕਿਉਂਕਿ 2020-21 ਲਈ ਅਜੇ ਕੋਟਾ ਨਿਰਧਾਰਤ ਕਰਨਾ ਬਾਕੀ ਹੈ।
ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਕਿ ਸਰਕਾਰ ਅਜੇ ਵੀ 2020-21 ਲਈ ਮਾਈਗ੍ਰੇਸ਼ਨ ਪ੍ਰੋਗਰਾਮ 'ਤੇ ਕੰਮ ਕਰ ਰਹੀ ਹੈ ਅਤੇ ਇਹ ਪ੍ਰਵਾਸ ਆਸਟ੍ਰੇਲੀਆ ਦੀ ਆਰਥਿਕ ਬਹਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਹ ਕੋਵਿਡ-19 ਪਿੱਛੋਂ ਪੈਦਾ ਹੋਏ ਸੰਕਟ ਜਵਾਬਦੇਹੀ ਵੀ ਹੈ।
ਬੁਲਾਰੇ ਨੇ ਕਿਹਾ, "ਪਰਵਾਸ ਆਸਟ੍ਰੇਲੀਆ ਦੀ ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਮੇਲ-ਜੋਲ ਵਿੱਚ ਮਹੱਤਵਪੂਰਣ ਯੋਗਦਾਨ ਪਾਉਂਦਾ ਹੈ।"
“ਸਰਕਾਰ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਇਹ ਯਕੀਨੀ ਬਣਾਉਣ 'ਤੇ ਧਿਆਨ ਦੇ ਰਹੀ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਪਿੱਛੋਂ ਸਾਡੀ ਰਾਸ਼ਟਰੀ ਆਰਥਿਕ ਬਹਾਲੀ ਲਈ ਲੋੜੀਂਦੇ ਹੁਨਰਮੰਦ ਕਾਮੇ ਮੁਹੱਈਆ ਹੋਣ।"
ਡਿਸਕਲੇਮਰ: ਇਹ ਜਾਣਕਾਰੀ ਕੋਈ ਸਲਾਹ ਨਹੀਂ ਹੈ। ਜੇ ਤੁਸੀਂ ਆਪਣੀ ਨਿੱਜੀ ਸਥਿਤੀ ਨਾਲ ਸੰਬੰਧਿਤ ਪੂਰੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
Click this link to read the full story story in English
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।