ਹੋਮ ਅਫੇਯਰ ਮੰਤਰੀ ਪੀਟਰ ਡਟਨ ਨੇ ਪਿਛਲੇ ਸਾਲ ਆਪਣੇ ਕੈਬਿਨੇਟ ਸਾਥੀਆਂ ਅੱਗੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਵਿੱਚ ਕਮੀ ਕਰਣ ਦਾ ਪ੍ਰਸਤਾਵ ਰੱਖਿਆ ਸੀ, ਪਰੰਤੂ ਇਸਨੂੰ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਖਜਾਨਚੀ ਸਕਾਟ ਮੌਰਿਸਨ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਸੀ।
ਐਸ ਬੀ ਐਸ ਨਿਊਜ਼ ਨੇ ਸ਼੍ਰੀ ਡਟਨ ਦੇ ਦਫਤਰ ਨੂੰ ਸੰਪਰਕ ਕੀਤਾ ਹੈ।
ਸਾਲ 2011 ਤੋਂ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਪਰਵਾਸ ਲਈ ਸਲਾਨਾ 190,000 ਵਿਜ਼ਿਆ ਦੀ ਸੀਮਾ ਮਿੱਥੀ ਗਈ ਹੈ।
ਇਸ ਵਿੱਚ ਅਰਜ਼ੀ ਵੀਜ਼ਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਨਹੀਂ ਹਨ ਪਰ ਇਹ ਸਕਿਲਡ ਵੀਜ਼ੇ, ਪਰਿਵਾਰਿਕ ਮਾਈਗ੍ਰੇਸ਼ਨ ਅਤੇ ਆਸਟ੍ਰੇਲੀਆ ਦੇ ਮਾਨਵੀ ਅਧਾਰ ਤੇ ਸ਼ਰਨਾਰਥੀਆਂ ਨੂੰ ਦਿੱਤੇ ਜਾਂਦੇ ਵੀਜ਼ਿਆਂ ਦਾ ਜੋੜ ਹੈ।
ਆਮ ਤੌਰ ਤੇ ਹਰ ਸਾਲ ਦਿੱਤੇ ਜਾਂਦੇ ਵੀਜ਼ਿਆਂ ਦੀ ਗਿਣਤੀ ਇਸ ਮਿੱਥੀ ਹੱਦ ਤੱਕ ਪਹੁੰਚ ਜਾਂਦੀ ਹੈ। ਸਾਲ 2016-17 ਦੌਰਾਨ ਕੇਵਲ 183,000 ਪ੍ਰਵਾਸੀਆਂ ਨੂੰ ਹੀ ਆਸਟ੍ਰੇਲੀਆ ਦੀ ਪੱਕੀ ਇਮੀਗ੍ਰੇਸ਼ਨ ਨੀਤੀ ਤਹਿਤ ਵੀਜ਼ੇ ਦਿੱਤੇ ਗਏ ਸਨ।
ਸ਼੍ਰੀ ਡਟਨ ਦਾ ਇਮੀਗ੍ਰੇਸ਼ਨ ਚ ਕਟੌਤੀ ਦਾ ਪ੍ਰਸਤਾਵ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਵੱਲੋਂ ਰੱਖੇ ਪ੍ਰਸਤਾਵ ਦੇ ਮੁਕਾਬਲੇ ਕਾਫੀ ਨਿੰਮ੍ਹਾ ਹੈ। ਸ਼੍ਰੀ ਐਬਟ ਨੇ ਸਾਲਾਨਾ ਇਮੀਗ੍ਰੇਸ਼ਨ ਵਿੱਚ 80,000 ਦੀ ਕਮੀ ਕਰਕੇ ਇਸਨੂੰ 110,000 ਕਰਣ ਦਾ ਸੁਝਾਅ ਦਿੱਤਾ ਸੀ।
ਖਜਾਨਚੀ ਮੋਰੀਸਨ ਨੇ ਸ਼੍ਰੀ ਐਬਟ ਦੇ ਪ੍ਰਸਤਾਵ ਨੂੰ ਉਸ ਵੇਲੇ ਜਨਤਕ ਤੌਰ ਤੇ ਖਾਰਿਜ ਕਰ ਦਿੱਤਾ ਸੀ। ਓਹਨਾ ਕਿਹਾ ਸੀ ਕਿ ਇਸ ਕਦਮ ਦੇ ਨਾਲ ਆਸਟ੍ਰੇਲੀਆ ਦੇ ਬਜਟ ਨੂੰ ਟੈਕਸ ਵਿੱਚ ਕਮੀ ਹੋਣ ਕਰਕੇ $4 ਤੋਂ $5 ਬਿਲੀਅਨ ਦਾ ਨੁਕਸਾਨ ਹੋਵੇਗਾ।
"ਸਕਿਲਡ ਪ੍ਰਵਾਸੀਆਂ ਦੇ ਤੌਰ ਤੇ ਆਉਣ ਵਾਲੇ ਲੋਕ ਟੈਕਸ ਅਦਾ ਕਰਦੇ ਹਨ," ਉਹਨਾਂ ਫਰਵਰੀ ਮਹੀਨੇ ਵਿੱਚ ਕਿਹਾ ਸੀ।
"ਉਹ ਅਸਲ ਵਿੱਚ ਮੁਲਕ ਦੇ ਅਰਥਚਾਰੇ ਵਿੱਚ ਹਿੱਸਾ ਪਾਉਂਦੇ ਹਨ।"
ਸ਼੍ਰੀ ਡਟਨ ਨੇ ਪਿਛਲੇ ਦਿਨੀਂ ਸਕਾਈ ਨਿਊਜ਼ ਤੇ ਬੋਲਦਿਆਂ ਕਿਹਾ ਕਿ ਲੋਕ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਵਧਦੀ ਜਨਸੰਖਿਆ ਬਾਰੇ ਚਿੰਤਿਤ ਹਨ, ਪਰੰਤੂ ਓਹਨਾ ਇਮੀਗ੍ਰੇਸ਼ਨ ਵਿੱਚ ਕਟੌਤੀ ਕਰਣ ਦਾ ਪ੍ਰਸਤਾਵ ਰੱਖਣ ਤੋਂ ਇਨਕਾਰ ਕੀਤਾ ਸੀ।