ਹੋਮ ਅਫੇਯਰ ਮੰਤਰੀ ਪੀਟਰ ਡਟਨ ਨੇ ਸਵੀਕਾਰ ਕੀਤਾ ਹੈ ਕਿ ਓਹਨਾ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਸਬੰਧੀ ਵੱਖਰੇ ਵਿਕਲਪਾਂ ਬਾਰੇ ਪ੍ਰਚਾਰ ਕੀਤਾ ਸੀ, ਪਰੰਤੂ ਉਹਨਾਂ ਕਿਹਾ ਕਿ ਉਹ ਇਮੀਗ੍ਰੇਸ਼ਨ ਦੇ ਮੌਜੂਦਾ 190,000 ਸਤਰ ਨਾਲ ਸਹਿਮਤ ਹਨ।
ਇਸ ਤੋਂ ਪਹਿਲਾਂ ਮੀਡਿਆ ਵਿੱਚ ਛਾਪੀਆਂ ਖ਼ਬਰਾਂ ਮੁਤਾਬਿਕ, ਓਹਨਾ ਨੇ ਆਸਟ੍ਰੇਲੀਆ ਦੀ ਸਲਾਨਾ ਇਮੀਗ੍ਰੇਸ਼ਨ ਵਿੱਚ 20,000 ਦੀ ਕਮੀ ਕਰਣ ਦੀ ਵਕਾਲਤ ਕੀਤੀ ਸੀ।
ਪ੍ਰਧਾਨ ਮੰਤਰੀ ਮੈਕਲਮ ਤਰਨਬੁੱਲ ਨੇ ਕਿਹਾ ਕਿ ਇਹ ਖ਼ਬਰ 'ਪੂਰਾ ਝੂਠ' ਹੈ ਅਤੇ ਦ ਆਸਟ੍ਰੇਲੀਅਨ ਅਖਬਾਰ ਵਿੱਚ ਇਸ ਨੂੰ ਲਿਖਣ ਵਾਲੇ ਪੱਤਰਕਾਰਾਂ ਨੂੰ ਓਹਨਾ ਨੂੰ ਖਬਰ ਦੇਣ ਵਾਲੇ ਸੂਤਰਾਂ ਦੀ ਭਰੋਸੇਯੋਗਤਾ ਤੇ ਵਿਚਾਰ ਕਰਣ ਲਈ ਕਿਹਾ।
ਵੁੱਧਵਾਰ ਨੂੰ ਸ਼੍ਰੀ ਡਟਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਸਹਿਮਤ ਹਨ ਪਰੰਤੂ ਉਹਨਾਂ ਇਮੀਗ੍ਰੇਸ਼ਨ ਵਿੱਚ ਬਦਲਾਅ ਲਈ ਵੱਖਰੇ ਵਿਕਲਪਾਂ ਦਾ ਪ੍ਰਚਾਰ ਕਰਣ ਦੀ ਗੱਲ ਸਵੀਕਾਰ ਕੀਤੀ।
ਉਹਨਾਂ ਕਿਹਾ ਕਿ ਕੋਈ ਵੀ ਇਮੀਗ੍ਰੇਸ਼ਨ ਮੰਤਰੀ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਤਰ ਵਿੱਚ ਬਦਲਾਅ ਲਈ ਵੱਖਰੇ ਵਿਕਲਪਾਂ ਦੀ ਤਲਾਸ਼ ਕਰੇਗਾ।
ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ ਕਿ ਅਜਿਹਾ ਕੋਈ ਪ੍ਰਸਤਾਵ ਕੈਬਿਨੇਟ ਮੀਟਿੰਗ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਵਿੱਚ ਰਸਮੀ ਤੌਰ ਤੇ ਨਹੀਂ ਵਿਚਾਰਿਆ ਗਿਆ।
"ਇਸ ਨੂੰ ਮੇਰੇ ਨਾਲ ਕਦੇ ਨਹੀਂ ਵਿਚਾਰਿਆ ਗਿਆ," ਮਿਸ ਬਿਸ਼ਪ ਨੇ ਕਿਹਾ।
ਆਸਟ੍ਰੇਲੀਆ ਦੀ ਸਥਾਈ ਮਾਈਗ੍ਰੇਸ਼ਨ ਦੀ ਹੱਦ ਸਾਲ 2011 ਜਦੋਂ ਅਜੇ ਟੋਨੀ ਐਬਟ ਪ੍ਰਧਾਨ ਮੰਤਰੀ ਨਹੀਂ ਬਣੇ ਸੀ, ਤੋਂ 190,000 ਮਿਥੀ ਗਈ ਹੈ।
ਤਕਰੀਬਨ ਹਰ ਸਾਲ 190,000 ਪ੍ਰਵਾਸੀਆਂ ਨੂੰ ਇਸ ਪ੍ਰੋਗਰਾਮ ਹੇਠ ਵੀਜ਼ੇ ਦਿੱਤੇ ਜਾਂਦੇ ਹਨ। ਬੀਤੇ ਸਾਲ 183,000 ਵੀਜ਼ੇ ਦਿੱਤੇ ਗਏ ਸਨ।
ਸ਼੍ਰੀ ਡਟਨ ਨੇ ਕਿਹਾ ਕਿ ਇਸ ਸਾਲ ਦੇ ਅੰਕੜੇ ਆਉਂਦੇ ਕੁਝ ਮਹੀਨਿਆਂ ਵਿੱਚ ਉਪਲਬਧ ਹੋਣਗੇ, ਤੇ ਉਹਨਾਂ ਇਸ਼ਾਰਾ ਕੀਤਾ ਕਿ ਇਹ ਇਸ ਸਾਲ ਵੀ 190,000 ਤੋਂ ਘੱਟ ਹੀ ਹੋਣਗੇ।
ਸਲਾਨਾ 190,000 ਦੀ ਹੱਦ ਵਿੱਚ ਸਥਾਈ ਸਕਿਲਡ ਵੀਜ਼ੇ, ਪਰਿਵਾਰਿਕ ਵੀਜ਼ੇ ਅਤੇ ਸ਼ਰਨਾਰਥੀ ਵੀਜ਼ੇ ਸ਼ਾਮਿਲ ਹਨ।
ਪਰੰਤੂ ਆਂਕੜੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੀ ਪੂਰੀ ਕਹਾਣੀ ਬਿਆਨ ਨਹੀਂ ਕਰਦੇ।
ਆਸਟ੍ਰੇਲੀਆ ਦੀ ਨੇਟ ਓਵਰਸੀਜ਼ ਮਾਈਗ੍ਰੇਸ਼ਨ ਅੰਕੜਿਆਂ ਵਿੱਚ ਇੱਥੇ ਆਉਣ ਵਾਲੇ ਵਿਦਿਆਰਥੀਆਂ, ਅਰਜ਼ੀ ਕਾਮੇ ਅਤੇ ਟੂਰਿਸਟਾਂ ਦੀ ਗਿਣਤੀ ਦਰਜ ਹੁੰਦੀ ਹੈ। ਇਸ ਵਿੱਚ ਆਸਟ੍ਰੇਲੀਆ ਤੋਂ ਹੋਰਨਾਂ ਮੁਲਕਾਂ ਨੂੰ ਪ੍ਰਵਾਸ ਕਾਰਨ ਵਾਲਿਆਂ ਦੀ ਗਿਣਤੀ ਵੀ ਰੱਖੀ ਜਾਂਦੀ ਹੈ।
ਹੋਮ ਅਫੇਯਰ ਵਿਭਾਗ ਮੁਤਾਬਿਕ, ਇਸ ਵਿੱਤੀ ਵਰ੍ਹੇ ਦੇ ਅਖੀਰ ਤੱਕ ਕੁੱਲ 511,900 ਨਵੇਂ ਵਿਅਕਤੀ ਆਸਟ੍ਰੇਲੀਆ ਵਿੱਚ ਪਹੁੰਚਣਗੇ
ਅਤੇ 286,200 ਵਿਅਕਤੀ ਆਸਟ੍ਰੇਲੀਆ ਤੋਂ ਬਾਹਰਲੇ ਮੁਲਕਾਂ ਨੂੰ ਪਰਤਣਗੇ, ਜੋ ਕਿ ਆਸਟ੍ਰੇਲੀਆ ਦੀ ਨੇਟ ਮਾਈਗ੍ਰੇਸ਼ਨ ਦੀ ਗਿਣਤੀ 225,700 ਤੇ ਲੈ ਜਾਵੇਗਾ।