ਆਸਟ੍ਰੇਲੀਆ ਵਿੱਚ ਹੋ ਰਹੀ ਘਰੇਲੂ ਹਿੰਸਾ ਦੇ ਹਰ ਪੱਖ ‘ਤੇ ਰੋਸ਼ਨੀ ਪਾਉਣ ਦਾ ਯਤਨ ਕਰਨ ਵਾਲੀ ਲੜੀਵਾਰ ‘ਸੀ ਵ੍ਹੱਟ ਯੂ ਮੇਡ ਮੀ ਟੂ ਡੂ’ ਵਿੱਚ ਘਰੇਲੂ ਹਿੰਸਾ ਦੇ ਉਸ ਹਿੰਸਾਤਮਕ ਕੋਹੜ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ ਜੋ ਕਿ ਥੰਮਣ ਦਾ ਨਾਮ ਹੀ ਨਹੀਂ ਲੈ ਰਿਹਾ।
ਆਸਟ੍ਰੇਲੀਆ ਵਿੱਚ ਔਸਤਨ ਹਰ ਹਫਤੇ ਇੱਕ ਔਰਤ ਨੂੰ ਉਸ ਦੇ ਸਾਥੀ ਵਲੋਂ ਮਾਰ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰੇ ਕੇਸਾਂ ਵਿੱਚ ਤਾਂ ਪੀੜਤ ਇਸ ਬਾਰੇ ਕਿਸੇ ਨੂੰ ਦਸਦੇ ਵੀ ਨਹੀਂ ਹਨ।
ਇਸ ਲੜੀਵਾਰ ਦਾ ਸੰਚਾਲਨ ਖੋਜੀ ਪੱਤਰਕਾਰ ਜੈਸ ਹਿੱਲ ਕਰੇਗੀ, ਜਿਸਨੇ ਇਸ ਨਾਮ ਉੱਤੇ ਪਹਿਲਾਂ ਹੀ ਇੱਕ ਕਿਤਾਬ ਵੀ ਲਿਖੀ ਹੋਈ ਹੈ ਅਤੇ ਇਸਦਾ ਮੰਤਵ ਔਰਤਾਂ ਅਤੇ ਬੱਚਿਆਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਦੇ ਯਤਨ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਉਣਾ ਹੈ।
ਜੈਸ ਹਿੱਲ ਦਾ ਕਹਿਣਾ ਹੈ ਕਿ “ਲੱਖਾਂ ਲੋਕ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਜਾ ਰਹੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਇਸ ਨੂੰ ਰੋਕਿਆ ਜਾਵੇ”।
ਜੈਸ ਨੇ ਕਈ ਅਜਿਹੇ ਪੀੜਤਾਂ ਨਾਲ ਮੁਲਾਕਾਤਾਂ ਕੀਤੀਆਂ ਹਨ ਜਿਹਨਾਂ ਨੇ ਕੁੱਟ-ਮਾਰ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਕਸ਼ਟ ਸਹੇ ਹਨ। ਨਾਲ ਹੀ ਮਾਹਰਾਂ ਨਾਲ ਇਸਨੂੰ ਰੋਕਣ ਬਾਰੇ ਵੀ ਵਿਚਾਰਾਂ ਕੀਤੀਆਂ ਹਨ।
ਜੈਸ ਨੇ ਪੂਰੇ ਆਸਟ੍ਰੇਲੀਆ ਸਮੇਤ ਬਹੁਤ ਸਾਰੇ ਦੂਜੇ ਦੇਸ਼ਾਂ ਵਿੱਚ ਵੀ ਜਾਕੇ ਇਸ ਮਸਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ।
ਐਸ ਬੀ ਐਸ ਨੇ ਵਿਸ਼ੇਸ਼ ਉਪਰਾਲਾ ਕਰਦੇ ਹੋਏ ਕਈ ਜਾਣਕਾਰੀਆਂ ਨੂੰ ਪ੍ਰਸਾਰਤ ਕਰਨ ਦੇ ਨਾਲ-ਨਾਲ ਆਨ-ਲਾਈਨ ਵੀ ਪਾਇਆ ਹੈ ਤਾਂ ਕਿ ਘਰੇਲੂ ਹਿੰਸਾ ਦੇ ਹਰ ਪੱਖ ਨੂੰ ਚੰਗੀ ਤਰਾਂ ਸਮਝਿਆ ਜਾ ਸਕੇ।
“ਘਰੇਲੂ ਹਿੰਸਾ, ਜਬਰਦਸਤੀ ਅਤੇ ਧੱਕਾ ਕਰਨ ਦਾ ਉਹ ਰੂਪ ਹੈ ਜਿਸ ਦਾ ਅਸਰ ਨਿਜੀ ਅਤੇ ਪਰਿਵਾਰਕ ਪੱਖ ਉੱਤੇ ਬਹੁਤ ਮਾੜਾ ਪੈਂਦਾ ਹੈ। ਇਸ ਮਸਲੇ ਨੂੰ ਇਸ ਸਮੇਂ ਵੀ ਚੰਗੀ ਤਰਾਂ ਵਿਚਾਰਿਆ ਨਹੀਂ ਜਾ ਰਿਹਾ। ਪੁਲਿਸ, ਅਦਾਲਤਾਂ ਅਤੇ ਪਰਿਵਾਰਕ ਕਾਨੂੰਨ ਮਿਲ ਕੇ ਵੀ ਇਸ ਨੂੰ ਰੋਕ ਨਹੀਂ ਪਾ ਰਹੇ ਹਨ ਅਤੇ ਅਜਿਹੇ ਕਾਰਨਾਂ ਕਰਕੇ ਹੀ ਜੁਲਮ ਕਰਨ ਵਾਲਿਆਂ ਨੂੰ ਹੋਰ ਬਲ ਵੀ ਮਿਲਦਾ ਹੈ।"
ਇਸ ਲੜੀਵਾਰ ਨੂੰ ਸ਼ੁਰੂ ਕਰਦੇ ਹੋਏ ਐਸ ਬੀ ਐਸ ਅਦਾਰਾ ਇਹ ਆਸ ਕਰਦਾ ਹੈ ਕਿ ਘਰਾਂ, ਪੁਲਿਸ ਸਟੇਸ਼ਨਾਂ, ਅਤੇ ਪਾਰਲੀਆਮੈਂਟਾਂ ਵਿੱਚ ਇਸ ਮਸਲੇ ਉੱਤੇ ਕੋਈ ਸਿਰਜਨਾਤਮਕ ਗੱਲਬਾਤ ਸ਼ੁਰੂ ਹੋ ਸਕੇਗੀ। ‘ਸੀ ਵ੍ਹੱਟ ਯੂ ਮੇਡ ਮੀ ਡੂ’ ਦੁਆਰਾ ਇੱਕ ਵੱਡੇ ਬਦਲਾਅ ਦੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਲੜੀਵਾਰ ਵਿੱਚ ਕਈ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਹਨਾਂ ਦੇ ਮੈਂਬਰ ਬਹੁਤ ਸਹਿਮੇ ਹੋਏ ਹਨ। ਨਾਲ ਹੀ ਇਸ ਵਿੱਚ ਫਿੱਲ ਕਲੀਅਰੀ ਵਰਗੇ ਕਈ ਨਾਮਵਰ ਮਾਹਰਾਂ ਦੇ ਵਿਚਾਰ ਵੀ ਸਾਂਝੇ ਕੀਤੇ ਜਾਣਗੇ ਜਿਸ ਦੀ ਭੈਣ ਨੂੰ ਉਸਦੇ ਪਹਿਲਾਂ ਰਹਿ ਚੁੱਕੇ ਸਾਥੀ ਵਲੋਂ ਜਾਨੋਂ ਮਾਰ ਦਿੱਤਾ ਗਿਆ ਸੀ।
ਜੈਸ ਉਸ ਸਵਾਲ ਉੱਤੇ ਵੀ ਭਰਪੂਰ ਚਾਨਣਾ ਪਾਏਗੀ ਜੋ ਕਿ ਸੱਤ ਸਾਲਾਂ ਦੀ ਇਸ ਮਸਲੇ ਉੱਤੇ ਕੀਤੀ ਖੋਜ ਦੌਰਾਨ ਅਕਸਰ ਹੀ ਉਸ ਕੋਲੋਂ ਪੁੱਛਿਆ ਜਾਂਦਾ ਰਿਹਾ ਹੈ ਕਿ “ਉਹ ਚਲੀ ਕਿਉਂ ਨਹੀਂ ਜਾਂਦੀ?”
ਇਸੀ ਤਰਾਂ ਤਾਮਿਕਾ ਮੂਲੇਅ ਅਤੇ ਉਸ ਦੇ ਪੁੱਤਰ ਦੀ ਦਰਦਨਾਕ ਕਹਾਣੀ ਸਦਾ ਲਈ ਦਿਮਾਗਾਂ ਵਿੱਚ ਛਪ ਜਾਣ ਵਾਲੀ ਹੈ।
ਇਸ ਲੜੀ ਉੱਤੇ ਦੋ ਸਾਲਾਂ ਲਈ ਕੰਮ ਕਰਨ ਵਾਲੀ ਨਿਰਮਾਤਾ ਅਤੇ ਨਿਰਦੇਸ਼ਕ ਟੋਸਕਾ ਲੂਬੀ ਦਾ ਕਹਿਣਾ ਹੈ, “ਅਸੀਂ ਇਸ ਲੜੀਵਾਰ ਨੂੰ ਹਰ ਪੱਖੋਂ ਮਜ਼ਬੂਤੀ ਨਾਲ ਤਿਆਰ ਕਰਦੇ ਹੋਏ, ਪੇਸ਼ ਕਰਨ ਦਾ ਯਤਨ ਕੀਤਾ ਹੈ।
"ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਸ ਖੇਤਰ ਅਤੇ ਰੂਪ ਵਿੱਚ ਵੀ ਘਰੇਲੂ ਹਿੰਸਾ ਹੋ ਰਹੀ ਹੋਵੇ, ਉਸ ਨੂੰ ਚੰਗੀ ਤਰਾਂ ਉਜਾਗਰ ਕੀਤਾ ਜਾਵੇ।
"ਉਮੀਦ ਕਰਦੇ ਹਾਂ ਕਿ ਇਸ ਲੜੀਵਾਰ ਨਾਲ ਇੱਕ ਦੇਸ਼ ਵਿਆਪੀ ਬਹਿਸ ਛਿੜੇਗੀ ਜਿਸ ਨਾਲ ਠੋਸ ਸਿਆਸੀ ਕਦਮ ਚੁੱਕੇ ਜਾਣਗੇ ਅਤੇ ਇਸ ਦਾ ਅਸਰ ਇਸ ਪ੍ਰਸਾਰਣ ਤੋਂ ਬਾਅਦ ਲੰਬੇ ਸਮੇਂ ਤੱਕ ਬਣਿਆ ਰਹੇਗਾ”।
‘ਸੀ ਵ੍ਹੱਟ ਯੂ ਮੇਡ ਮੀ ਡੂ’ ਨਾਮੀ ਲੜੀਵਾਰ ਨੂੰ ‘ਡੋਮੈਸਟਿਕ ਐਂਡ ਫੈਮਿਲੀ ਪਰਿਵੈਂਨਸ਼ਨ ਮੰਥ’ ਜਾਂ ਘਰੇਲੂ ਹਿੰਸਾ ਦੀ ਰੋਕਥਾਮ ਲਈ ਮਨਾਏ ਜਾਣ ਵਾਲੇ, ਮਈ ਮਹੀਨੇ ਦੌਰਾਨ ਨਸ਼ਰ ਕੀਤਾ ਜਾਵੇਗਾ। ਇਸ ਲੜੀਵਾਰ ਦੇ ਸੱਬ-ਟਾਈਟਲ, ਪੰਜਾਬੀ ਸਮੇਤ ਹੋਰ ਕਈ ਭਾਸ਼ਾਵਾਂ ਜਿਵੇਂ ਹਿੰਦੀ, ਚੀਨੀ, ਅਰਬੀ, ਵਿਅਤਨਾਮੀ ਅਤੇ ਕੋਰੀਅਨ ਵਿੱਚ ਵੀ ਉਪਲੱਬਧ ਹੋਣਗੇ। ਇਸ ਦੇ ਨਾਲ ਹੀ ਦੇਖਣ ਤੋਂ ਅਸਮਰਥ ਲੋਕਾਂ ਲਈ ਇਸ ਜਾਣਕਾਰੀ ਸੁਣਕੇ ਹਾਸਲ ਕਰਨ ਦਾ ਵੀ ਖਾਸ ਇੰਤਜ਼ਾਮ ਕੀਤਾ ਜਾ ਰਿਹਾ ਹੈ।
‘ਸੀ ਵ੍ਹੱਟ ਯੂ ਮੇਡ ਮੀ ਡੂ’ ਦਾ ਪਹਿਲਾ ਭਾਗ ਬੁੱਧਵਾਰ 5 ਮਈ ਨੂੰ ਸ਼ਾਮ 8.30 ਵਜੇ ਐਸ ਬੀ ਐਸ ਔਨ-ਡਿਮਾਂਡ ‘ਤੇ ਪੇਸ਼ ਹੋਵੇਗਾ। ਇਸ ਦੇ ਅਗਲੇ ਭਾਗ ਆਉਣ ਵਾਲੇ ਹਫਤਿਆਂ ਦੌਰਾਨ ਪੇਸ਼ ਕੀਤੇ ਜਾਣਗੇ ਅਤੇ ਇਸ ਦਾ ਇੱਕ ਹੋਰ ਪ੍ਰਸਾਰਣ ਨਾਲੋ ਨਾਲ, ਐਨ ਆਈ ਟੀਵੀ ‘ਤੇ ਵੀ ਪੇਸ਼ ਕੀਤਾ ਜਾਂਦਾ ਰਹੇਗਾ।
ਇਹਨਾਂ ਭਾਗਾਂ ਨੂੰ ਦੁਬਾਰਾ ਹਰ ਐਤਵਾਰ 9 ਮਈ ਤੋਂ, ਸ਼ਾਮ 9.30 ਵਜੇ ਐਸ ਬੀ ਵਾਈਸਲੈਂਡ ‘ਤੇ ਵੀ ਪੇਸ਼ ਕੀਤਾ ਜਾਵੇਗਾ।
ਜੇ ਕਰ ਇਸ ਜਾਣਕਾਰੀ ਨਾਲ ਕਿਸੇ ਨੂੰ ਕੋਈ ਮਾਨਸਿਕ ਦਬਾਅ ਮਹਿਸੂਸ ਹੋਇਆ ਹੈ ਜਾਂ ਜੇ ਤੁਸੀਂ ਕਿਸੇ ਹੋਰ ਵਾਸਤੇ ਫਿਕਰਮੰਦ ਹੋ ਤਾਂ, 1800 737 732 ਤੇ ਫੋਨ ਕਰ ਸਕਦੇ ਹੋ ਜਾਂ 1800ਰਿਸਪੈਕਟ.ਔਰਗ.ਏਯੂ ‘ਤੇ ਵੀ ਜਾ ਸਕਦੇ ਹੋ। ਉਹਨਾਂ ਮਰਦਾਂ ਜੋ ਕਿ ਗੁੱਸੇ, ਰਿਸ਼ਤਿਆਂ ਜਾਂ ਪਰਿਵਾਰਕ ਹਿੰਸਾ ਵਰਗੇ ਮਸਲਿਆਂ ਤੋਂ ਪ੍ਰੇਸ਼ਾਨ ਹਨ, ਉਹ 1300 766 491 ਤੇ ਫੋਨ ਕਰ ਸਕਦੇ ਹਨ, ਜਾਂ ਐਨਟੀਵੀ.ਔਰਗ.ਏਯੂ ‘ਤੇ ਜਾ ਸਕਦੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
