ਆਸਟ੍ਰੇਲੀਆਈ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਉਮੀਦ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਦੀ ਮਨਜ਼ੂਰੀ ਲਈ ਹੁਣ ਵਧੇਰੇ ਬੱਚਤ ਦੀ ਲੋੜ ਹੋਵੇਗੀ।
ਇਹ ਨਵੀਂਆਂ ਪਾਬੰਦੀਆਂ ਵਿਦਿਆਰਥੀ ਵੀਜ਼ਾ ਪ੍ਰਵਾਨਗੀ ਦਰਾਂ ਵਿੱਚ ਰਿਕਾਰਡ ਕਟੌਤੀ ਕੀਤੇ ਜਾਣ ਤੋਂ ਬਾਅਦ ਆਈਆਂ ਹਨ ਕਿਉਂਕਿ ਸਰਕਾਰ ਮਾਈਗ੍ਰੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਨੇ ਭਰਤੀ ਕਰਨ ਵਾਲੀਆਂ ਫਰਜ਼ੀ ਕ੍ਰਿਆਵਾਂ ਵਿਰੁੱਧ ਵੀ ਚੇਤਾਵਨੀ ਦਿੱਤੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ:
ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਘੱਟੋ-ਘੱਟ ਕਿੰਨੀ ਬੱਚਤ ਹੋਣੀ ਚਾਹੀਦੀ ਹੈ?
10 ਮਈ ਸ਼ੁੱਕਰਵਾਰ ਤੋਂ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਵੀਜ਼ੇ ਮਨਜ਼ੂਰ ਕਰਵਾਉਣ ਲਈ ਘੱਟੋ-ਘੱਟ $29,710 ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ।
ਵਿਦੇਸ਼ੀ ਵਿਦਿਆਰਥੀਆਂ ਲਈ ਵਧੇਰੇ ਬੱਚਤ ਦੀ ਲੋੜ ਕਿਉਂ ਹੈ?
ਬੱਚਤ ਲੋੜਾਂ ਵਿੱਚ ਕੀਤਾ ਗਿਆ ਵਾਧਾ ਰਿਕਾਰਡ ਮਾਈਗ੍ਰੇਸ਼ਨ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹੈ।
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨਿਰਯਾਤ ਉਦਯੋਗਾਂ ਵਿੱਚੋਂ ਇੱਕ ਅੰਤਰਰਾਸ਼ਟਰੀ ਸਿੱਖਿਆ ਹੈ।

ਪਰ ਸਰਕਾਰ ਮਾਈਗ੍ਰੇਸ਼ਨ ਨੂੰ ਲੈ ਕੇ ਦਬਾਅ ਹੇਠ ਹੈ ਕਿਉਂਕਿ ਆਸਟਰੇਲੀਆ 'ਚ ਚੱਲ ਰਹੇ ਰਿਹਾਇਸ਼ੀ ਸੰਕਟ ਅਤੇ ਕਿਰਾਏ ਦੀਆਂ ਵਧਦੀਆਂ ਕੀਮਤਾਂ ਨਾਲ ਸੰਘਰਸ਼ ਕਰ ਰਿਹਾ ਹੈ।

ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਕਿਹਾ, "ਅਸੀਂ ਪਰਵਾਸ ਦੇ ਪੱਧਰਾਂ ਨੂੰ ਮਹੱਤਵਪੂਰਨ ਤੌਰ 'ਤੇ ਘਟਾ ਰਹੇ ਹਾਂ - ਅਸੀਂ ਜੰਗ ਜਾਂ ਮਹਾਂਮਾਰੀ ਤੋਂ ਬਾਅਦ, ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਰਵਾਸ ਦੀ ਸੰਖਿਆ ਨੂੰ ਸਭ ਤੋਂ ਜਿਆਦਾ ਘਟਾ ਰਹੇ ਹਾਂ।"
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਰ ਸ਼ਰਤਾਂ ਕਿਹੜੀਆਂ ਹਨ?
ਸਰਕਾਰ ਨੇ ਦਸੰਬਰ 2023 ਵਿੱਚ, ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਸਖ਼ਤ ਪਾਬੰਦੀਆਂ ਦੀ ਸ਼ੁਰੂਆਤ ਕਰਦੇ ਹੋਏ ਆਪਣੀ ਮਾਈਗ੍ਰੇਸ਼ਨ ਰਣਨੀਤੀ ਜਾਰੀ ਕੀਤੀ ਸੀ।
ਇਸ ਰਣਨੀਤੀ ਦੇ ਤਹਿਤ, ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਵਧਾਇਆ ਗਿਆ ਸੀ, ਜਿਸ ਨਾਲ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਹੁਣ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟ ਸਿਸਟਮ 5.5 ਤੋਂ ਵੱਧਾ ਕੇ ਹੁਣ 6.0 ਅੰਕ ਪ੍ਰਾਪਤ ਕਰਨ ਦੀ ਲੋੜ ਹੈ।
ਅਸਥਾਈ ਗ੍ਰੈਜੂਏਟ ਵੀਜ਼ਾ ਲਈ ਲੋੜੀਂਦੇ ਘੱਟੋ-ਘੱਟ ਟੈਸਟ ਸਕੋਰ 6.0 ਤੋਂ 6.5 ਹੋ ਗਏ ਹਨ।
ਸਰਕਾਰ ਉਹਨਾਂ ਸੈਟਿੰਗਾਂ ਨੂੰ ਖਤਮ ਕਰਨ ਲਈ ਵੀ ਕਦਮ ਚੁੱਕ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਉਹਨਾਂ ਦੇ ਸਟੇਅ ਨੂੰ ਲੰਮਾ ਕਰਨ ਦਾ ਮੌਕਾ ਮਿਲਦਾ ਸੀ।
ਯੂਨੀਵਰਸਿਟੀਆਂ ਨੂੰ ਧੋਖਾਧੜੀ ਵਾਲੀ ਭਰਤੀ ਬਾਰੇ ਚੇਤਾਵਨੀ ਕਿਉਂ ਦਿੱਤੀ ਜਾ ਰਹੀ ਹੈ?
ਕਈ ਸਿੱਖਿਆ ਪ੍ਰਦਾਨ ਕਰਨ ਵਾਲੇ ਅਦਾਰਿਆਂ ਨੂੰ ਧੋਖਾਧੜੀ ਦੁਆਰਾ ਵਿਦਿਆਰਥੀ ਦਾਖਲ ਕੀਤੇ ਜਾਣ ਕਾਰਨ ਵੀ ਚੇਤਾਵਨੀ ਦਿੱਤੀ ਗਈ ਹੈ।
ਇੱਕ ਬਿਆਨ ਵਿੱਚ, ਓ'ਨੀਲ ਨੇ ਕਿਹਾ ਕਿ 34 ਸਿੱਖਿਆ ਪ੍ਰਦਾਨ ਕਰਨ ਵਾਲਿਆਂ ਨੂੰ "ਝੂਠੇ ਜਾਂ ਸ਼ੋਸ਼ਣਕਾਰੀ ਭਰਤੀ ਅਭਿਆਸਾਂ" ਲਈ ਚੇਤਾਵਨੀ ਪੱਤਰ ਭੇਜੇ ਗਏ ਹਨ।

ਬਿਆਨ ਦੇ ਅਨੁਸਾਰ, ਪ੍ਰਦਾਤਾਵਾਂ ਕੋਲ "ਉਨ੍ਹਾਂ ਦੇ ਵਿਵਹਾਰ ਵਿੱਚ ਮਹੱਤਵਪੂਰਨ ਸੁਧਾਰ" ਜਾਂ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੇ ਜਾਣ ਦੇ ਜੋਖਮ ਤੋਂ ਬਚਣ ਲਈ ਛੇ ਮਹੀਨੇ ਹੋਣਗੇ।
ਇਹਨਾਂ ਪ੍ਰਦਾਤਾਵਾਂ ਨੂੰ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਕਰਨ 'ਤੇ ਪਾਬੰਦੀ ਲੱਗੇਗੀ, ਅਤੇ ਇਹਨਾਂ ਕਾਰਵਾਈਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੋ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
