ਯੂਨਾਇਟੇਡ ਸਟੇਟਸ ਦੀ ਜੋਹਨਸ ਹੋਪਕਿਨਸ ਯੂਨਿਵਰਸਿਟੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਸੰਸਾਰ ਭਰ ਵਿੱਚ ਕਰੋਨਾਵਾਇਰਸ ਦੇ ਤਕਰੀਬਨ 10 ਮਿਲੀਅਨ ਕੇਸ ਸਾਹਮਣੇ ਆ ਚੁੱਕੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ ਮੁਤਾਬਕ ਇਹ ਸੰਖਿਆ ਹਰ ਸਾਲ ਹੋਣ ਵਾਲੇ ਤੀਬਰ ਇੰਨਫਲੂਐਂਜ਼ਾ ਦੇ ਕੇਸਾਂ ਦਾ ਦੁੱਗਣਾ ਬਣਦਾ ਹੇ।
ਅਤੇ ਇਸ ਮਹਾਂਮਾਰੀ ਕਾਰਨ ਅੱਧਾ ਮਿਲੀਅਨ ਲੋਕਾਂ ਦੀ ਜਾਨ ਵੀ ਚਲੀ ਗਈ ਹੈ।
ਸਾਰੇ ਕੇਸਾਂ ਦਾ ਅੱਧ ਸਿਰਫ ਯੂ ਐਸ ਅਤੇ ਯੂਰਪ ਵਿੱਚ ਹੀ ਦਰਜ ਕੀਤਾ ਗਿਆ ਹੈ। ਪਰ ਨਾਲ ਹੀ ਮੱਧ ਅਤੇ ਦੱਖਣੀ ਅਮਰੀਕਾ ਦੇ ਖੇਤਰਾਂ ਵਿੱਚ ਇਸ ਦਾ ਪਸਾਰ ਹਾਲੇ ਵੀ ਤੇਜੀ ਨਾਲ ਵਧ ਰਿਹਾ ਹੈ। ਪਿਛਲੇ ਹਫਤਾਅੰਤ ਨੂੰ ਸੰਸਾਰ ਭਰ ਦੇ ਮੁਖੀਆਂ ਨੇ ਮਿਲ ਕੇ ਇਸ ਮਹਾਂਮਾਰੀ ਦੀ ਟੈਸਟਿੰਗ ਅਤੇ ਇਲਾਜ ਵਾਸਤੇ ਲੌੜੀਂਦੀ ਮਾਲੀ ਮਦਦ ਇਕੱਠੀ ਕਰਨ ਲਈ ਇੱਕ ਸੰਸਾਰਕ ਪੱਧਰ ਦਾ ਫੰਡਰੇਜ਼ਰ ਸ਼ੁਰੂ ਕੀਤਾ ਹੈ। ਇਹਨਾਂ ਵਿੱਚ ਸ਼ਾਮਲ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਹੀ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਯੂਨਾਇਟੇਡ ਸਟੇਟਸ ਦੇ ਚੋਟੀ ਦੇ ਸਿਹਤ ਅਧਿਕਾਰੀਆਂ ਅਤੇ ਨਿਯੂ ਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਨੇ ਤਾਂ ਭਾਰੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਦੇਸ਼ ਦੇ ਦਰਜਨਾਂ ਰਾਜਾਂ ਵਿੱਚ ਇਸ ਮਹਾਂਮਾਰੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਯੂ ਐਸ ਦੇ ਸਿਹਤ ਅਤੇ ਮਾਨਵੀ ਹੱਕਾਂ ਦੇ ਸਕੱਤਰ ਐਲਿਕਸ ਅਜ਼ਾਰ ਨੇ ਲੋਕਾਂ ਨੂੰ ਹਰ ਸਾਵਧਾਨੀ ਵਰਤਣ ਲਈ ਅਪੀਲ ਕੀਤੀ ਹੈ।
ਪਰ ਨਿਯੂ-ਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਜੋ ਕਿ ਯੂ ਐਸ ਸਰਕਾਰ ਦੇ ਆਲੋਚਕਾਂ ਵਿੱਚੋਂ ਹਨ, ਨੇ ਕਿਹਾ ਹੈ ਕਿ ਸ਼੍ਰੀ ਅਜ਼ਾਰ ਅਤੇ ਵਾਈ੍ਹਟ ਹਾਊਸ ਹਮੇਸ਼ਾਂ ਹੀ ਇਸ ਮਹਾਂਮਾਰੀ ਦੇ ਫੈਲਾਅ ਤੋਂ ਇਨਕਾਰੀ ਰਿਹਾ ਹੈ।
ਯੂ ਐਸ ਵਿੱਚ ਕਰੋਨਾਵਾਇਰਸ ਦੇ ਦੋ ਮਿਲੀਅਨ ਕੇਸ ਦਰਜ ਕੀਤੇ ਗਏ ਹਨ ਅਤੇ ਇਹਨਾਂ ਵਿੱਚੋਂ 1 ਲੱਖ 25 ਹਜ਼ਾਰ ਮੌਤਾਂ ਵੀ ਹੋ ਗਈਆਂ ਹਨ, ਜੋ ਕਿ ਸੰਸਾਰ ਭਰ ਦੇ ਸਭ ਤੋਂ ਜਿਆਦਾ ਕੇਸ ਬਣਦੇ ਹਨ।
ਚੀਨ ਨੇ ਵੀ ਕੋਵਿਡ-19 ਦੇ ਮੁੜ ਵਾਪਸ ਆਉਣ ਕਾਰਨ ਐਤਵਾਰ ਤੋਂ ਭਾਰੀ ਬੰਦਸ਼ਾਂ ਲਗਾ ਦਿੱਤੀਆਂ ਹਨ। ਹੈਬੀਅ ਸੂਬੇ ਦੇ ਇਲਾਕੇ ਐਂਕਸ਼ਿਨ ਦੇ ਅੱਧਾ ਮਿਲੀਅਨ ਲੋਕਾਂ ਨੂੰ ਬਾਹਰ ਅੰਦਰ ਜਾਣ ਤੋਂ ਵਰਜ ਦਿੱਤਾ ਗਿਆ ਹੈ।
ਪਿਛਲੇ ਕੁੱਝ ਦਿਨਾਂ ਦੌਰਾਨ ਇਜ਼ਰਾਈਲ ਵਿੱਚ ਵੀ ਇਸ ਮਹਾਂਮਾਰੀ ਦੇ ਕੇਸ ਕਾਫੀ ਤੇਜ਼ੀ ਨਾਲ ਵਧੇ ਹਨ। ਪ੍ਰਧਾਨ ਮੰਤਰੀ ਬੈਜਾਮਿਨ ਨਿਤਿਆਨੇਹੂ ਨੇ ਕਿਹਾ ਹੈ ਕਿ ਸਰਕਾਰ ਇਸ ਦੀ ਰੋਕਥਾਮ ਲਈ ਵਿਚਾਰਾਂ ਕਰ ਰਹੀ ਹੈ।
ਭਾਰਤ ਵਿੱਚ ਵੀ ਕਰੋਨਾਵਾਇਰਸ ਦੇ ਤਕਰੀਬਨ ਅੱਧਾ ਮਿਲੀਅਨ ਕੇਸ ਦਰਜ ਕੀਤੇ ਜਾ ਚੁੱਕੇ ਹਨ। ਅੰਦਰੂਨੀ ਮਾਮਲਿਆਂ ਦੇ ਮੰਤਰੀ ਅਮਿੱਤ ਸ਼ਾਹ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਸੰਸਾਰ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਇਸ ਮਹਾਂਮਾਰੀ ਨਾਲ ਕਾਫੀ ਕਾਰਗਰ ਤਰੀਕੇ ਨਾਲ ਨਜਿੱਠਿਆ ਹੈ।
ਬਰਿਟਿਸ਼ ਹੋਮ ਸੈਕਟਰੀ ਪਰੀਤੀ ਪਟੇਲ ਨੇ ਉੱਥੋਂ ਦੇ ਲੋਕਾਂ ਨੂੰ ਸਮਾਜਕ ਦੂਰੀਆਂ ਵਾਲੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਸਤੇ ਨਿੰਦਿਆ ਹੈ। ਨਾਲ ਹੀ ਉਹਨਾਂ ਨੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਅਤੇ ਹੋਰ ਜਸ਼ਨਾਂ ਆਦਿ ਦੀ ਵੀ ਅਲੋਚਨਾਂ ਕੀਤੀ ਹੈ
ਇਸੀ ਦੌਰਾਨ ਬਰਿਟਿਸ਼ ਡਾਕਟਰਾਂ ਦੀ ਇੱਕ ਯੂਨਿਅਨ ਨੇ ਉੱਥੋਂ ਦੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾਵਾਇਰਸ ਮਹਾਂਮਾਰੀ ਦੇ ਸਾਫ ਅਤੇ ਸਪਸ਼ਟ ਨਿਰਦੇਸ਼ ਜਾਰੀ ਕਰਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੀ ਗੌਰ ਕਰੇ। ਬਰਿਟਿਸ਼ ਮੈਡੀਕਲ ਐਸੋਸ਼ਿਏਸ਼ ਦੇ ਮੁਖੀ ਡਾ ਚਾਂਦ ਨਾਗਪਾਲ ਨੇ ਕਿਹਾ ਹੈ ਚੁੱਕੀਆਂ ਹੋਈਆਂ ਬੰਦਸ਼ਾਂ ਦੁਬਾਰਾ ਲਾਗੂ ਕਰਨੀਆਂ ਚਾਹੀਦੀਆਂ ਹਨ ਅਤੇ ਸੈਰ ਸਪਾਟੇ ਵਾਲੇ ਸਥਾਨਾਂ ਉੱਤੇ ਇਸ ਦੇ ਫੈਲਾਅ ਨੂੰ ਰੋਕਣਾ ਚਾਹੀਦਾ ਹੈ।