53-ਸਾਲਾ ਮਲਕੀਤ ਸਿੰਘ ਆਕਲੈਂਡ ਦੇ ਇਲਾਕੇ ਪਾਪਾਕੁਰਾ ਦੇ ਵਸਨੀਕ ਹਨ।
ਉਹ 1998 ਵਿੱਚ ਭਾਰਤ ਤੋਂ ਨਿਊਜ਼ੀਲੈਂਡ ਪਰਵਾਸ ਕਰਕੇ ਆਏ ਸਨ।
ਉਨ੍ਹਾਂ ਦਾ ਪਰਿਵਾਰ ਪਿੰਡ ਬੌੜ੍ਹ, ਤਹਿਸੀਲ ਖਮਾਣੋ, ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ਼ ਸਬੰਧ ਰੱਖਦਾ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਕੋਈ 'ਹੰਢੇ ਹੋਏ' ਪ੍ਰਬਤਾਰੋਹੀ ਨਹੀਂ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਮਾਊਂਟ ਐਵਰੈਸਟ ਨੂੰ ਸਰ ਕਰਨ ਦਾ ਇਰਾਦਾ ਧਾਰਿਆ ਸੀ।
"ਮੇਰਾ ਮੁੱਖ ਮਕਸਦ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਨਿਸ਼ਾਨ ਸਾਹਿਬ ਝੁਲਾਉਣ ਦਾ ਸੀ। ਇਸ ਪਹਾੜ ਨੂੰ ਸਰ ਕਰਨ ਵਿੱਚ ਮੁਸ਼ਕਿਲਾਂ ਤਾਂ ਬਹੁਤ ਆਈਆਂ ਪਰ ਗੁਰੂਆਂ ਦੀ ਅਪਾਰ ਬਖਸ਼ਿਸ਼ ਸਦਕਾ ਮੈਨੂੰ ਇਹ ਕਾਰਜ ਸੰਪੂਰਨ ਕਰਨ ਦਾ ਮੌਕਾ ਮਿਲਿਆ," ਉਨ੍ਹਾਂ ਕਿਹਾ।
"ਮੈਂ ਆਪਣੇ ਪੁਰਾਣੇ ਸਕੂਲ ਪੀ ਪੀ ਐਸ ਨਾਭਾ ਅਤੇ ਪੀ ਏ ਯੂ ਲੁਧਿਆਣਾ ਦੇ 1988 ਬੈਚ ਦੇ ਸਾਰੇ ਮਿੱਤਰਾਂ-ਬੇਲੀਆਂ ਦਾ ਖਾਸ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਪ੍ਰੇਰਣਾ ਦਿੱਤੀ ਅਤੇ ਦੁਆਵਾਂ ਵਿੱਚ ਯਾਦ ਰੱਖਿਆ।"

ਮਲਕੀਤ ਸਿੰਘ ਨੇ ਸਲਾਹ ਦਿੰਦਿਆਂ ਕਿਹਾ ਕਿ ਅਗਰ ਕੋਈ ਇਸ ਪਹਾੜੀ ਨੂੰ ਸਰ ਕਰਨ ਦਾ ਇਰਾਦਾ ਰੱਖਦਾ ਹੈ ਤਾਂ ਫਿੱਟਨੈੱਸ ਅਤੇ ਤਿਆਰੀ ਬਹੁਤ ਲੋੜ੍ਹੀਂਦੀ ਹੈ।
"ਮੈਂ ਰੱਬ ਆਸਰੇ ਇਸ ਪਹਾੜ ਨਾਲ਼ ਆਢਾ ਲਾ ਲਿਆ ਸੀ। ਮੁਸ਼ਕਿਲਾਂ ਬਹੁਤ ਆਈਆਂ, ਮੇਰੀ ਭੁੱਖ ਖਤਮ ਹੋ ਗਈ ਸੀ। ਡੀਹਾਈਡਰੇਸ਼ਨ ਅਤੇ ਥਕਾਵਟ ਕਾਰਨ ਮੈਨੂੰ ਇੱਕ ਵਾਰ ਤਾਂ ਬੇਸ ਕੈਂਪ ਤੋਂ ਹਸਪਤਾਲ ਵੀ ਲਿਜਾਣਾ ਪਿਆ ਸੀ। ਸੋ ਮੇਰੀ ਸਲਾਹ ਹੋਵੇਗੀ ਕਿ ਪੂਰੀ ਤਿਆਰੀ ਨਾਲ਼ ਹੀ ਇਹ ਮੋਰਚਾ ਫ਼ਤਹਿ ਕਰਨ ਬਾਰੇ ਸੋਚਿਆ ਜਾਣਾ ਚਾਹੀਦਾ ਹੈ," ਉਨ੍ਹਾਂ ਕਿਹਾ।
ਮਲਕੀਤ ਸਿੰਘ ਨੇ ਦੱਸਿਆ ਕਿ ਆਪਣੇ ਇਸ ਇਰਾਦੇ ਨੂੰ ਪੁਗਾਉਣ ਲਈ ਉਨ੍ਹਾਂ ਨੂੰ ਤਕਰੀਬਨ ਡੇਢ ਲੱਖ ਡਾਲਰ (NZD) ਦੀ ਰਕਮ ਖ਼ਰਚਣੀ ਪਈ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।







