40 ਸਾਲਾਂ ਤੋਂ ਵੱਧ ਸਮੇਂ ਤੋਂ ਮੈਲਬੌਰਨ ਰਹਿ ਰਹੇ ਰਿਟਾਇਰਡ ਅਕਾਦਮਿਕ ਡਾਕਟਰ ਪ੍ਰਬੋਧ ਮਲਹੋਤਰਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਉਹ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।
ਪੰਜਾਬ ਵਿੱਚ ਜਲੰਧਰ ਨੇੜੇ ਪੈਂਦੇ ਸ਼ਾਹਕੋਟ ਦੇ ਜੰਮੇ ਪਲੇ ਸ਼੍ਰੀ ਮਲਹੋਤਰਾ ਨੇ ਐਸ ਬੀ ਐਸ ਪੰਜਾਬੀ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਮੈਕਗ੍ਰਾਥ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਪਣੀ ਇਹ ਖਵਾਇਸ਼ ਪੂਰੀ ਹੁੰਦੀ ਨਜ਼ਰ ਆਈ।
ਬ੍ਰੈਸਟ ਕੈਂਸਰ ਦੀ ਜਾਗਰੂਕਤਾ ਅਤੇ ਫ਼ੰਡ ਇਕੱਠੇ ਕਰਨ ਦੀ ਮੁਹਿੰਮ ਤਹਿਤ ਸ਼੍ਰੀ ਮਲਹੋਤਰਾ ਨੇ ਇਹ ਯਾਤਰਾ 13 ਨਵੰਬਰ ਤੋਂ ਮੈਲਬੌਰਨ ਦੇ ਐਮ ਸੀ ਜੀ ਤੋਂ ਸ਼ੁਰੂ ਕੀਤੀ ਹੈ।
ਰੋਜ਼ 25-30 ਕਿਲੋਮੀਟਰ ਤੁਰਨ ਦੇ ਟੀਚੇ ਦੇ ਨਾਲ ਉਹ ਵੰਡੋਂਗ, ਬ੍ਰੌਡਫੋਰਡ, ਸੀਮੌਰ ,ਨਗਾਮਬੀ, ਮੁਰੂਪਨਾ, ਸ਼ੈਪਰਟਨ, ਵੇਂਗਾਰੱਟਾ ,ਬੀਚਵਰਥ , ਜਿੰਦਾਬਾਈਨ,ਕੈਨਬਰਾ, ਗੌਲਬਰਨ ਵਰਗੇ ਕਸਬਿਆਂ ਤੋਂ ਲੰਘਦੇ ਹੋਏ 4 ਜਨਵਰੀ 2023 ਨੂੰ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕੇਟ ਟੀਮਾਂ ਵਿੱਚਕਾਰ ਪਿੰਕ ਟੈਸਟ ਮੈਚ ਲਈ ਸਿਡਨੀ ਕ੍ਰਿਕੇਟ ਗਰਾਉਂਡ ਪਹੁੰਚਣਗੇ।
ਸ਼੍ਰੀ ਮਲਹੋਤਰਾ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚੋਂ ਵੀ ਇਸ ਖਾਸ ਸੈਰ ਰਾਹੀਂ ਉਹਨਾਂ ਨੇ ਲੰਘਣਾ ਹੈ, ਉਹਨਾਂ ਰਾਜਾਂ (ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੈਨਬਰਾ ) 'ਚ ਆਉਂਦੀਆਂ ਸਾਰੀਆਂ ਕਾਉਂਸਿਲਾਂ ਤੋਂ ਖਾਸ ਇਜਾਜ਼ਤ ਲੈਣੀ ਪਈ ਅਤੇ ਨਾਲ ਹੀ ਸੜਕਾਂ ਦੇ ਮਹਿਕਮੇ ਅਤੇ ਪੁਲਿਸ ਤੋਂ ਵੀ ਇਜਾਜ਼ਤਾਂ ਲੈਣੀਆਂ ਪਈਆਂ ਸਨ।
ਸੈਰ ਕਰਨ ਦੇ ਸ਼ੌਕੀਨ ਡਾ ਪ੍ਰਬੋਧ ਪਿਛਲੇ 30-35 ਸਾਲਾਂ ਤੋਂ ਇੱਕ ਵਰਜਿਸ਼ ਦੇ ਤੌਰ ਤੇ ਪੈਦਲ ਚੱਲਦੇ ਸਨ ਪਰ ਹੁਣ ਉਹ ਇੱਕ ਮਕਸਦ ਤਹਿਤ ਚੱਲ ਰਹੇ ਹਨ।
ਸਾਬਕਾ ਆਸਟ੍ਰੇਲੀਅਨ ਕ੍ਰਿਕੇਟਰ ਗਲੈਨ ਮੈਕਗ੍ਰਾਥ ਦੀ ਪਤਨੀ ਜੇਨ ਮੈਕਗ੍ਰਾਥ ਦੇ ਕੈਂਸਰ ਨਾਲ ਪੀੜਿਤ ਹੋਣ ਤੋਂ ਬਾਅਦ ਹੋਂਦ 'ਚ ਆਈ ਇਹ ਸੰਸਥਾ ਇਸ ਸਮੇਂ 185 ਨਰਸਾਂ ਨੂੰ ਫੰਡ ਦੇ ਰਹੀ ਹੈ ਜੋ ਛਾਤੀ ਦੇ ਕੈਂਸਰ ਦਾ ਅਨੁਭਵ ਕਰ ਰਹੇ ਕਿਸੇ ਵੀ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫ਼ਤ ਜ਼ਰੂਰੀ ਸਰੀਰਕ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੀਆਂ ਹਨ ਅਤੇ ਮੈਕਗ੍ਰਾਥ ਫਾਊਂਡੇਸ਼ਨ ਦਾ ਉਦੇਸ਼ 2025 ਤੱਕ 250 ਨਰਸਾਂ ਨੂੰ ਫੰਡ ਦੇਣਾ ਹੈ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਸੈਰ ਲਈ ਦ੍ਰਿੜ੍ਹਤਾ, ਉਦਾਰਤਾ ਅਤੇ ਤਾਕਤ ਦੀ ਲੋੜ ਹੁੰਦੀ ਹੈ। ਇਸ ਸਫ਼ਰ ਲਈ ਉਹਨਾਂ ਨੇ ਆਪਣੇ ਖਰਚੇ 'ਤੇ ਇੱਕ ਵੈਨ ਦਾ ਪ੍ਰਬੰਧ ਕੀਤਾ ਹੈ, ਜਿਸ ਵਿੱਚ ਉਹਨਾਂ ਦੇ ਸੌਣ ਦਾ ਪ੍ਰਬੰਧ ਹੈ।
ਸ਼੍ਰੀ ਮਲਹੋਤਰਾ ਦੇ ਇਸ ਉੱਧਮ ਤਹਿਤ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇੱਥੇ ਜਾਕੇ ਮੱਦਦ ਕੀਤੀ ਜਾ ਸਕਦੀ ਹੈ।
71 ਸਾਲ ਦੀ ਉਮਰ ਵਿੱਚ ਇਸ ਲੰਬੀ ਸੈਰ ਲਈ ਸ਼੍ਰੀ ਮਲਹੋਤਰਾ ਨੇ ਖੁੱਦ ਨੂੰ ਕਿਵੇਂ ਤਿਆਰ ਕੀਤਾ ਅਤੇ ਇਸ ਯਾਤਰਾ ਨੂੰ ਸਿਰੇ ਚੜਾਉਣ ਪਿੱਛੇ ਉਹਨਾਂ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਸੁਨਣ ਲਈ ਉੱਪਰ ਦਿੱਤੇ ਪੌਡਕਾਸਟ ਲਿੰਕ ਤੇ ਕਲਿੱਕ ਕਰੋ।





