ਇਹ ਉਸ ਸਫ਼ਰ ਦੀ ਕਹਾਣੀ ਹੈ ਜਦੋਂ ਚਾਰ ਭਾਰਤੀ ਨੌਜਵਾਨਾਂ ਨੇ 1996 ਵਿੱਚ ਦੋ ਬਜਾਜ ਚੇਤਕ ਸਕੂਟਰਾਂ 'ਤੇ ਆਸਟ੍ਰੇਲੀਆ ਆਉਣ ਦੀ ਵਿਓਂਤ ਨੂੰ ਅਮਲੀ ਜਾਮਾ ਪਹਿਨਾਇਆ।
ਦੁਬਈ ਰਹਿੰਦੇ ਓਂਕਾਰ ਸਿੰਘ ਸਿੱਧੂ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਤਿੰਨ ਦੋਸਤਾਂ ਦੁਆਰਾ ਕੀਤੀ ਇਹ ਯਾਦਗਾਰੀ ਯਾਤਰਾ ਕਾਫੀ ਰੋਮਾਂਚਕ ਸੀ।
“ਇਹ ਇੱਕ ਸ਼ਾਨਦਾਰ ਸਫ਼ਰ ਸੀ। ਅਸੀਂ ਆਸਟ੍ਰੇਲੀਆ ਪਹੁੰਚਣ ਲਈ ਲਗਭਗ 100 ਦਿਨ ਲਏ," ਉਨ੍ਹਾਂ ਕਿਹਾ।
“ਅਸੀਂ ਇਹ ਯਾਤਰਾ 4 ਜੂਨ 1996 ਨੂੰ ਪੰਜਾਬ, ਭਾਰਤ ਤੋਂ ਸ਼ੁਰੂ ਕੀਤੀ ਸੀ ਜਿਥੋਂ ਅਸੀਂ ਸਕੂਟਰਾਂ ਰਾਹੀਂ ਇੰਡੋਨੇਸ਼ੀਆ ਪਹੁੰਚੇ। ਓਥੋਂ ਅਸੀਂ ਆਪਣੇ ਸਕੂਟਰ ਬ੍ਰਿਸਬੇਨ ਸ਼ਿਪ ਰਾਹੀਂ ਭੇਜ ਦਿੱਤੇ ਅਤੇ ਖੁਦ 18 ਸਤੰਬਰ 1996 ਨੂੰ ਜਹਾਜ ਰਾਹੀਂ ਡਾਰਵਿਨ ਪਹੁੰਚੇ ਸੀ।“

ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਟਰੀ ਕਲੱਬ ਪੰਜਾਬ ਵੱਲੋਂ 'ਵਿਸ਼ਵ ਸ਼ਾਂਤੀ ਦਾ ਸੰਦੇਸ਼' ਫੈਲਾਉਣ ਲਈ 'ਝੰਡੀ ਤੇ ਸ਼ਾਬਾਸ਼ੇ' ਦੇਕੇ ਰਵਾਨਾ ਕੀਤਾ ਗਿਆ ਸੀ।
ਬਜਾਜ ਚੇਤਕ ਸਕੂਟਰਾਂ ਨੇ ਸਾਡਾ ਬਹੁਤ ਸਾਥ ਦਿੱਤਾ। ਅੱਠ ਮੁਲਕਾਂ ਦੇ 8,000 ਕਿਲੋਮੀਟਰ ਸਫ਼ਰ ਲਈ ਅਸੀਂ 15,000 ਰੁਪਏ ਦਾ ਪੈਟਰੋਲ ਖਰਚਿਆ।
“ਸਿਰਫ ਇੱਕ ਵਾਰ ਕਲੱਚ ਦੀ ਤਾਰ ਟੁੱਟੀ ਤੇ ਕੋਈ ਵੱਡਾ ਨੁਕਸ ਨਹੀਂ ਪਿਆ ਤੇ ਨਾ ਹੀ ਟਾਇਰ ਬਦਲਣ ਦੀ ਲੋੜ ਪਈ,” ਸ੍ਰੀ ਸਿੱਧੂ ਨੇ ਦੱਸਿਆ।
“ਸਾਡਾ ਸਥਾਨਕ ਲੋਕਾਂ ਨਾਲ਼ ਬਹੁਤ ਵਧੀਆ ਤਜ਼ੁਰਬਾ ਰਿਹਾ ਜਿੰਨ੍ਹਾਂ ਸਾਨੂੰ ਮਾਣ, ਸਤਿਕਾਰ, ਭੋਜਨ ਅਤੇ ਪਨਾਹ ਦਿੱਤੀ। ਸਾਡੀ ਜ਼ਿਆਦਾਤਰ ਰਿਹਾਇਸ਼ ਗੁਰਦੁਆਰਿਆਂ ਵਿੱਚ ਰਹੀ ਪਰ ਕਿਸੇ ਸ਼ਹਿਰ ਇਹ ਨਾ ਹੋਣ ਉੱਤੇ ਅਸੀਂ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਥਾਣਿਆਂ ਵਿੱਚ ਵੀ ਰਾਤ ਕੱਟਦੇ ਸੀ।”

ਸ਼੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਵਿੱਚ ਲੁਧਿਆਣਾ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਤੇ ਸੜਕ-ਮਾਰਗ ਰਾਹੀਂ ਨੇਪਾਲ, ਭੂਟਾਨ, ਬਰਮਾ, ਥਾਈਲੈਂਡ, ਮਲੇਸ਼ੀਆ ਹੁੰਦੇ ਹੋਏ ਇੰਡੋਨੇਸ਼ੀਆ ਪਹੁੰਚੇ।
"ਅਸੀਂ ਆਪਣੇ ਸਕੂਟਰਾਂ ਨੂੰ ਇੰਡੋਨੇਸ਼ੀਆ ਤੋਂ ਸਮੁੰਦਰੀ ਜ਼ਹਾਜ਼ ਰਾਹੀਂ ਬ੍ਰਿਸਬੇਨ ਪੋਰਟ 'ਤੇ ਪਹੁੰਚਦਾ ਕੀਤਾ ਅਤੇ ਖੁਦ ਹਵਾਈ ਜਹਾਜ਼ ਰਾਹੀਂ ਡਾਰਵਿਨ ਆਏ ਸੀ। ਇਥੋਂ ਬੱਸ ਫੜ੍ਹਕੇ ਅਸੀਂ ਬ੍ਰਿਸਬੇਨ ਪਹੁੰਚੇ ਪਰ ਐਕਸਾਈਜ਼ ਅਤੇ ਕਸਟਮਜ਼ ਵਿਭਾਗ ਵੱਲੋਂ ਸਾਡੇ ਸਕੂਟਰ ਜ਼ਬਤ ਕਰ ਲਏ ਗਏ ਸਨ,” ਸ੍ਰੀ ਸਿੱਧੂ ਨੇ ਦੱਸਿਆ।
“ਭਾਵੇਂ ਅਸੀਂ ਉਨ੍ਹਾਂ ਨੂੰ ਵਾਪਸ ਲੈਣ ਦੇ ਇੱਛੁਕ ਸਨ, ਪਰ ਇਸ ਪ੍ਰਕਿਰਿਆ ਨਾਲ਼ ਜੁੜੇ ਕਾਨੂੰਨੀ ਖਰਚਿਆਂ ਦੇ ਮੱਦੇਨਜ਼ਰ ਸਾਨੂੰ ਇਹ ਵਿਚਾਰ ਛੱਡਣਾ ਪਿਆ।”

ਇਸ ਸਫ਼ਰ ਦੌਰਾਨ ਆਪਣੀ ਡਾਇਰੀ ਅਤੇ ਕੈਮਰੇ ਰਾਹੀਂ ਸਾਂਭੀਆਂ ਯਾਦਾਂ ਨੂੰ ਸ੍ਰੀ ਸਿੱਧੂ ਨੇ ਇੱਕ ਕਿਤਾਬ ਦਾ ਰੂਪ ਦਿੱਤਾ ਹੈ ਜਿਸ ਦਾ ਨਾਂ ਉਨ੍ਹਾਂ 'ਸਕੂਟਰਾਂ ਵਾਲ਼ੇ ਸਰਦਾਰ' ਰੱਖਿਆ ਹੈ।
ਆਸਟ੍ਰੇਲੀਆ ਪਹੁੰਚਣ ਪਿੱਛੋਂ ਉਨ੍ਹਾਂ ਬ੍ਰਿਸਬੇਨ, ਸਿਡਨੀ, ਮੈਲਬੌਰਨ ਤੇ ਗਰਿਫਿਥ ਵਿੱਚ ਕੁਝ ਸਾਲ ਰਿਹਾਇਸ਼ ਰੱਖੀ ਅਤੇ ਫਿਰ ਆਪਣੀ ਜ਼ਿੰਦਗੀ ਦੇ ਅਗਲੇ ਸਫ਼ਰ ਲਈ ਰਵਾਨਗੀ ਪਾਈ।
ਇਸ ਸਬੰਧੀ ਓਂਕਾਰ ਸਿੰਘ ਸਿੱਧੂ ਨਾਲ਼ ਕੀਤੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ:







