ਮੈਲਬੌਰਨ ਵਿੱਚ ਪੰਜਾਬੀ ਜਨ-ਜੀਵਨ ਨਾਲ ਸਬੰਧਤ ਚੀਜ਼ਾਂ ਦਾ ਵਪਾਰ ਕਰਨ ਵਾਲੇ ਰਾਜਾ ਬੁੱਟਰ ਨੇ ਇਸ ਕਾਰੋਬਾਰ ਦੌਰਾਨ ਮਿਲੇ ਹੁੰਗਾਰੇ ਤੇ ਪੇਸ਼ ਆਉਂਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ।
ਮੈਲਬੌਰਨ ਦਾ ਵਸਨੀਕ ਰਾਜਾ ਬੁੱਟਰ ਸੰਨ 2016 ਤੋਂ ਸ਼ਹਿਰ ਦੇ ਪੱਛਮੀ ਹਿੱਸੇ ਕੈਰੋਲਿਨ ਸਪ੍ਰਿੰਗਜ਼ ਲਾਗੇ ਆਪਣੇ ਡੇਢ ਏਕੜ ਵਿੱਚ ਫੈਲੇ ਘਰ ਵਿੱਚੋਂ ਪੰਜਾਬੀ ਰਹਿਤਲ ਨਾਲ ਸਬੰਧਤ ਚੀਜ਼ਾਂ ਦਾ ਕਾਰੋਬਾਰ ਕਰ ਰਿਹਾ ਹੈ।

ਸ਼੍ਰੀ ਬੁੱਟਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ 'ਵੱਖਰੇ ਜਿਹੇ ਕੰਮ-ਕਾਰੋਬਾਰ' ਨੂੰ ਸ਼ੁਰੂ ਕਰਨ ਲਈ ਉਸਦਾ ਪੇਂਡੂ ਤੇ ਕਿਸਾਨੀ ਨਾਲ ਸਬੰਧਤ ਪਰਿਵਾਰਕ ਪਿਛੋਕੜ ਕੰਮ ਆਇਆ।
"ਇਹ ਸਾਰਾ ਕੰਮ-ਕਾਰ ਪੰਜਾਬੀ ਜਨਜੀਵਨ ਨਾਲ ਜੁੜਿਆ ਹੋਇਆ ਹੈ। ਸਾਡੀ ਕੰਪਨੀ ਮੰਜੇ, ਤੰਦੂਰ, ਲੱਕੜ ਦੇ ਖਿਡੌਣੇ, ਕਹੀਆਂ, ਤਸਲੇ, ਟੋਕਰੇ ਸਾਈਕਲ ਆਦਿ ਦਾ ਵਪਾਰ ਕਰਦੀ ਹੈ," ਉਸਨੇ ਦੱਸਿਆ।

ਸ੍ਰੀ ਬੁੱਟਰ ਨੇ ਦੱਸਿਆ ਕਿ ਭਾਈਚਾਰੇ ਵਿੱਚੋਂ ਇਨ੍ਹਾਂ ਚੀਜ਼ਾਂ ਦੀ ਨਿਰੰਤਰ ਉੱਠਦੀ ਮੰਗ ਕਰਕੇ ਹੀ ਉਨ੍ਹਾਂ ਇਸ ਕੰਮ ਨੂੰ ਵੱਡੇ ਪੱਧਰ 'ਤੇ ਕਰਨ ਬਾਰੇ ਸੋਚਿਆ।
"ਲੋਕ ਕਿਸੇ ਨਾ ਕਿਸੇ ਢੰਗ ਨਾਲ਼ ਆਪਣੇ ਵਿਰਸੇ-ਵਿਰਾਸਤ ਨਾਲ਼ ਜੁੜੇ ਰਹਿਣਾ ਚਾਹੁੰਦੇ ਹਨ ਜਿਸ ਕਰਕੇ ਇਸ ਸਮਾਨ ਦੀ ਭਾਰੀ ਮੰਗ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਢਾਬੇ ਆਦਿ ਉੱਤੇ ਸਜਾਵਟ ਲਈ ਵੀ ਇਹ ਸਾਮਾਨ ਅਕਸਰ ਵਰਤਿਆ ਜਾਂਦਾ ਹੈ।"

ਇਸ ਸਮਾਨ ਨੂੰ ਮੰਗਵਾਉਣ ਵਿੱਚ ਆਉਂਦੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 'ਐਕਸਾਈਜ਼ ਅਤੇ ਕਸਟਮ ਵਿਭਾਗ' ਵੱਲੋਂ ਲੱਕੜ ਤੇ ਮਿੱਟੀ ਨਾਲ ਸਬੰਧਤ ਚੀਜ਼ਾਂ ਲਈ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਪਿੱਛੋਂ ਹੀ ਉਨ੍ਹਾਂ ਦਾ ਇਹ ਸਾਮਾਨ ਸਮੁੰਦਰੀ ਜਹਾਜ਼ ਰਾਹੀਂ ਆਸਟ੍ਰੇਲੀਆ ਪਹੁੰਚਦਾ ਹੈ।
"ਇਸ ਪ੍ਰਕਿਰਿਆ ਦੌਰਾਨ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਉੱਤੇ ਖਰਾ ਉੱਤਰਨਾ ਬਹੁਤ ਜ਼ਰੂਰੀ ਹੈ। ਲੱਕੜ ਦੀ ਫਿਊਮੀਗੇਸ਼ਨ ਅਤੇ ਮਿੱਟੀ ਨੂੰ ਰੋਗਾਣੂ ਮੁਕਤ ਬਣਾਉਣ ਪਿੱਛੋਂ ਹੀ ਤੰਦੂਰ, ਮੰਜੇ, ਖਿਡੌਣੇ ਆਦਿ ਆਸਟ੍ਰੇਲੀਆ ਆ ਵਿੱਚ ਆ ਸਕਦੇ ਹਨ।"

ਸ੍ਰੀ ਬੁੱਟਰ ਨੇ ਕਿਹਾ ਕਿ ਇਸ ਕੰਮਕਾਰ ਨੂੰ ਸ਼ੁਰੂ ਕਰਨ ਪਿੱਛੋਂ ਉਹ ਆਸਟ੍ਰੇਲੀਆ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ-ਆਪ ਨੂੰ ਪੰਜਾਬੀ ਵਿਰਸੇ-ਵਿਰਾਸਤ ਨਾਲ਼ ਜੁੜਿਆ ਹੋਇਆ ਮਹਿਸੂਸ ਕਰਦੇ ਹਨ।
ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।






