ਅਮਨਦੀਪ ਦੇ ਕਹਿਣ ਅਨੁਸਾਰ ਜਦੋਂ ਉਸ ਨੂੰ ਮੁੱਖ ਕੋਚ ਵਜੋਂ ਚੁਣੇ ਜਾਣ ਬਾਰੇ ਪਤਾ ਚਲਿਆ ਤਾਂ ਉਸ ਸਮੇਂ ਉਸ ਨੂੰ ਬੇਅੰਤ ਹੈਰਾਨੀ ਭਰੀ ਖੁਸ਼ੀ ਹੋਈ ਸੀ।
ਮੁੱਖ ਕੋਚ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਤੱਕ ਦਾ ਸਫਰ ਅਮਨਦੀਪ ਵਾਸਤੇ ਬਹੁਤ ਰੋਚਕ ਸੀ ਅਤੇ ਇਸ ਮੁਕਾਮ ਤੱਕ ਪਹੁੰਚਣ ਵਿੱਚ ਉਸ ਨੂੰ ਕਈ ਸਾਲ ਲੱਗੇ।
ਅਮਨਦੀਪ ਨੇ ਏ ਐਫ ਐਲ ਨੂੰ ਬਚਪਨ ਵਿੱਚ ਉਦੋਂ ਖੇਡਣਾ ਸ਼ੁਰੂ ਕੀਤਾ ਸੀ ਜਦੋਂ ਉਸ ਦੇ ਇੱਕ ਰਿਸ਼ਤੇਦਾਰ ਭਰਾ ਨੇ ਇਸ ਨਾਲ ਜਾਣ ਪਹਿਚਾਣ ਕਰਵਾਈ ਸੀ। ਇਸ ਤੋਂ ਬਾਅਦ ਅਮਨਦੀਪ ਨੇ ਆਪਣੇ ਸਕੂਲ ਦੀ ਟੀਮ ਵਿੱਚ ਇਸ ਨੂੰ ਖੇਡਿਆ ਅਤੇ ਭਾਰਤੀ ਖਿੱਤੇ ਦੇ ਕਈ ਨੋਜਵਾਨਾਂ ਨੂੰ ਵੀ ਇਸ ਖੇਡ ਨੂੰ ਅਪਨਾਉਣ ਵਾਸਤੇ ਪ੍ਰੇਰਤ ਕੀਤਾ।
ਭਾਈਚਾਰੇ ਵਲੋਂ ਇਸ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਸਮੇਂ ਸਿਰਫ ਏ ਐਫ ਐਲ ਖੇਡਣ ਵਾਸਤੇ ਹੀ ਮੈਲਬਰਨ ਵਿੱਚ ਤਕਰੀਬਨ ਦੋ ਤੋਂ ਵੀ ਜਿਆਦਾ ਕਲੱਬ ਹੋਂਦ ਵਿੱਚ ਆ ਚੁੱਕੇ ਹਨ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਇਸ ਖੇਡ ਵਿੱਚ ਪ੍ਰਗਤੀ ਕਰ ਰਹੇ ਹਨ।
ਅਮਨਦੀਪ ਨੇ ਨਾ ਕੇਵਲ ਇਸ ਖੇਡ ਨੂੰ ਇਕ ਖਿਡਾਰੀ ਵਜੋਂ ਹੀ ਖੇਡਿਆ ਬਲਕਿ ਇਸ ਦੀ ਮੈਨੇਜਮੈਂਟ, ਐਡਮਿਨਿਸਟ੍ਰੇਸ਼ਨ ਅਤੇ ਕੋਚਿੰਗ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਬਰਕਾਰ ਰੱਖਿਆ ਅਤੇ ਇਸੀ ਦਾ ਨਤੀਜਾ ਹੀ ਹੈ ਕਿ ਅੱਜ ਅਮਨਦੀਪ ਇਸ ਖੇਡ ਦੇ ਮੁੱਖ ਕੋਚ ਵਜੋਂ ਨਿਯੁਕਤ ਕੀਤੇ ਗਏ ਹਨ।
‘ਇਹ ਖੇਡ ਦੋ ਖੇਡਾਂ ਦਾ ਮੇਲ ਹੈ। ਸਾਕਰ ਅਤੇ ਕਬੱਡੀ’, ਅਮਨਦੀਪ ਦੱਸਦੇ ਹਨ।

Says its big responsibility. Source: Amandeep
ਅਤੇ ਇਸੇ ਕਰ ਕੇ ਹੀ ਅਮਨਦੀਪ ਨੂੰ ਲਗਦਾ ਹੈ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਇਸ ਖੇਡ ਨੂੰ ਸਹਿਜੇ ਹੀ ਅਪਨਾਉਣ ਦੀ ਸਮਰਥਾ ਵਧੇਰੇ ਹੁੰਦੀ ਹੈ।
ਹੁਣ ਅਮਨਦੀਪ ਨੈਸ਼ਨਲ ਡਾਈਵਰਸਿਟੀ ਚੈਮਪੀਅਨਸ਼ਿਪ ਵਾਸਤੇ ਮੁੱਖ ਕੋਚ ਵਜੋਂ ਸੇਵਾਵਾਂ ਪ੍ਰਦਾਨ ਕਰਨਗੇ। ਇਹ ਖੇਡਾਂ ਸਿਡਨੀ ਵਿੱਚ ਮਿਤੀ 15 ਅਪ੍ਰੈਲ ਤੋਂ ਲੈ ਕਿ 19 ਅਪ੍ਰੈਲ ਤੱਕ ਹੋਣ ਜਾ ਰਹੀਆਂ ਹਨ।
ਇਹਨਾਂ ਖੇਡਾਂ ਦੀ ਪ੍ਰਮੁੱਖ ਖਿਚ ਹੈ ਕਿ ਇਸ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਖਿਡਾਰੀ ਵਿਭਿੰਨ ਸਭਿਆਚਾਰਕ ਪਿਛੋਕੜਾਂ ਤੋਂ ਹੋਣਗੇ। ਇਸ ਚੈਮਪਿਅਨਸ਼ਿਪ ਵਿੱਚ ਭਾਗ ਲੈਣ ਲਈ ਕਿਸੇ ਖਿਡਾਰੀ ਲਈ ਜਰੂਰੀ ਹੈ ਕਿ ਉਹ, ਜਾਂ ਉਸ ਦੇ ਮਾਤਾ ਪਿਤਾ ਵਿੱਚੋਂ ਕੋਈ ਇੱਕ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਇਆ ਹੋਵੇ।
ਅਮਨਦੀਪ ਦੱਸਦੇ ਹਨ ਕਿ ਇਸ ਚੈਮਪਿਅਨਸ਼ਿਪ ਵਿੱਚ ਚੰਗੇ ਖੇਡ ਖੇਡਣ ਵਾਲੇ ਗੁਰ ਸਿਖਾਉਣ ਦੇ ਨਾਲ ਨਾਲ, ਖਿਡਾਰੀਆਂ ਨੂੰ ਮੀਡੀਆ ਨਾਲ ਗਲਬਾਤ ਕਰਨ ਦੇ ਗੁਰ, ਸਮਸਿਆਵਾਂ ਨੂੰ ਹੱਲ ਕਰਨ ਦੇ ਗੁਰ, ਅਤੇ ਸਮੁੱਚੇ ਨਿਜੀ ਵਿਕਾਸ ਬਾਰੇ ਵੀ ਵਰਕਸ਼ਾਪਾਂ ਲਾ ਕਿ ਦੱਸਿਆ ਜਾਵੇਗਾ।
ਇਸ ਖੇਡ ਨੂੰ ਜਿਥੇ ਮੈਲਬਰਨ ਵਿੱਚ ਭਾਰਤੀ ਖਿਤੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰ ਮਿਲਿਆ ਹੈ, ਉੱਥੇ ਨਾਲ ਹੀ ਕੈਨਬਰਾ ਵਿੱਚ ਵੀ ਇਸ ਨੂੰ ਸਹਿਜੇ ਸਹਿਜੇ ਅਪਨਾਇਆ ਜਾ ਰਿਹਾ ਹੈ। ਸਿਡਨੀ ਦੇ ਸੁਪਰ ਸਿੱਖਸ ਕਲੱਬ ਨੇ ਇਸ ਖੇਡ ਨੂੰ ਖਾਸ ਤੋਰ ਤੇ ਸ਼ਾਮਲ ਕੀਤਾ ਹੈ ਅਤੇ ਆਉਣ ਵਾਲੀਆਂ ਸਿੱਖ ਖੇਡਾਂ ਵਿੱਚ ਵੀ ਇਸ ਨੂੰ ਵਿਸ਼ੇਸ਼ ਸਥਾਨ ਦਿਤਾ ਜਾ ਰਿਹਾ ਹੈ।
ਅਮਨਦੀਪ ਸਾਰੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ, ਇਸ ਖੇਡ ਨੂੰ ਖੇਡਣ ਤੋਂ ਅਲਾਵਾ ਵੀ ਕਈ ਹੋਰ ਪ੍ਰਕਾਰ ਨਾਲ ਇਸ ਦੀ ਮਦਦ ਕੀਤੀ ਜਾ ਸਕਦੀ ਹੈ; ਜਿਵੇਂ ਕਿ ਕਿਸੇ ਟੀਮ ਦੇ ਮੈਨੇਜਰ ਵਜੋਂ, ਟੀਮ ਦੇ ਕੋਚ ਵਜੋਂ ਜਾਂ ਫੇਰ ਗਰਾਉਂਡ ਵਿੱਚ ਸੇਵਾਦਾਰ ਆਦਿ।