ਕੁਲਦੀਪ ਸਿੰਘ ਰੰਧਾਵਾ ਪਿਛਲੇ 15 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਰਹਿ ਰਹੇ ਹਨ ਪਰ ਉਹ ਅਜੇ ਵੀ ਅਧਿਕਾਰਤ ਤੌਰ 'ਤੇ ਆਪਣੇ-ਆਪ ਨੂੰ ਆਸਟ੍ਰੇਲੀਅਨ ਨਹੀਂ ਕਹਾ ਸਕਦੇ।
ਪਰ ਹੁਣ ਸਰਕਾਰ ਵਲੋਂ ਲਿਆਂਦੀ ਨਿਯਮਾਂ ਵਿਚਲੀ ਤਬਦੀਲੀ ਉਨ੍ਹਾਂ ਨੂੰ ਰਾਸ ਆਵੇਗੀ।
"ਸਾਨੂੰ ਇਸ ਫੈਸਲੇ ਦੀ ਲੰਬੇ ਸਮੇਂ ਤੋਂ ਉਡੀਕ ਸੀ। ਸਾਨੂੰ ਖੁਸ਼ੀ ਹੈ ਕਿ ਹੁਣ ਨਿਊਜ਼ੀਲੈਂਡ ਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਰਹਿੰਦੇ ਦੂਜੇ ਲੋਕਾਂ ਵਾਂਗ ਹੋਰ ਸਹੂਲਤਾਂ ਤੇ ਨੌਕਰੀ ਦੇ ਵਧੀਆ ਮੌਕੇ ਮਿਲ ਸਕਣਗੇ," ਉਨ੍ਹਾਂ ਕਿਹਾ।
ਇਸ ਦੌਰਾਨ ਸ਼੍ਰੀ ਰੰਧਾਵਾ ਜੋ ਪਿਛਲੇ ਚਾਰ ਸਾਲ ਤੋਂ ਮੈਲਬੌਰਨ ਲਾਗੇ ਮੋਰਵੈਲ ਇਲਾਕੇ ਵਿੱਚ ਇੱਕ ਮੋਟਲ ਚਲਾ ਰਹੇ ਹਨ, ਨੇ ਅਲਬਨੀਜ਼ ਸਰਕਾਰ ਦਾ ਧੰਨਵਾਦ ਵੀ ਕੀਤਾ।
"ਇਹ ਫੈਸਲਾ ਵੈਸੇ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਦੇਰ ਆਏ-ਦਰੁਸਤ ਆਏ। ਬਹੁਤ ਸਾਰੇ ਲੋਕਾਂ ਨੂੰ ਬੜੀ ਬੇਸਬਰੀ ਨਾਲ਼ ਇਸਦੀ ਉਡੀਕ ਸੀ। ਅਸੀਂ ਆਸਟ੍ਰੇਲੀਅਨ ਸਰਕਾਰ ਦਾ ਇਸ ਉਸਾਰੂ ਕਦਮ ਲਈ ਧੰਨਵਾਦ ਕਰਦੇ ਹਾਂ।"
ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਰ ਓ'ਨੀਲ ਨੇ ਇਸ ਫੈਸਲੇ ਨੂੰ ਮਨੁੱਖੀ ਅਧਿਕਾਰਾਂ ਨਾਲ਼ ਜੋੜਕੇ ਐਲਾਨਿਆ ਹੈ:
"ਨਿਊਜ਼ੀਲੈਂਡ ਦੇ ਲੋਕਾਂ ਲਈ ਇਨ੍ਹਾਂ ਅਧਿਕਾਰਾਂ ਨੂੰ ਖੋਹਣਾ ਆਪਣੇ ਆਪ ਵਿੱਚ ਬੇਇਨਸਾਫ਼ੀ ਹੈ ਤੇ ਇਸ ਨੇ ਮਨੁੱਖੀ ਅਧਿਕਾਰਾਂ ਦੇ ਕੁਝ ਸੱਚਮੁੱਚ ਬੁਰੇ ਨਤੀਜੇ ਵੀ ਪੈਦਾ ਕੀਤੇ ਹਨ। ਨਿਊਜ਼ੀਲੈਂਡ ਦੀਆਂ ਉਹ ਔਰਤਾਂ ਲਈ ਜੋ ਇਸ ਵੀਜ਼ਾ ਜਾਲ ਵਿੱਚ ਫਸੀਆਂ ਹੋਈਆਂ ਹਨ, ਜੋ ਘਰੇਲੂ ਹਿੰਸਾ ਦੇ ਸਬੰਧਾਂ ਵਿੱਚ ਰਹਿਣ ਲਈ ਮਜਬੂਰ ਹਨ, ਉਨ੍ਹਾਂ ਲਈ ਰਿਹਾਇਸ਼ ਅਤੇ ਹੋਰ ਸਹਾਇਤਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ," ਉਨ੍ਹਾਂ ਕਿਹਾ।

ਜ਼ਿਕਰਯੋਗ ਹੈ ਕਿ 2001 ਵਿੱਚ ਹਾਵਰਡ ਸਰਕਾਰ ਨੇ ਨਿਊਜ਼ੀਲੈਂਡ ਦੇ ਲੋਕਾਂ ਲਈ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ਦੀ ਸ਼ੁਰੂਆਤ ਕੀਤੀ ਸੀ ਜੋ ਆਸਟ੍ਰੇਲੀਆ ਵਿੱਚ ਆਕੇ ਉਨ੍ਹਾਂ ਨੂੰ ਇੱਥੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ ਪਰ ਨਾਗਰਿਕਤਾ ਲੈਣਾ, ਸਥਾਈ ਨਿਵਾਸ ਜਾਂ ਪੀ ਆਰ ਤੋਂ ਬਾਅਦ ਹੀ ਸੰਭਵ ਸੀ।
ਨਿਊਜ਼ੀਲੈਂਡ ਦੇ ਲੋਕ ਨਾਗਰਿਕਤਾ ਤੋਂ ਬਿਨਾ ਆਸਟ੍ਰੇਲੀਆ ਦੀਆਂ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ। ਉਹ ਹੈਲਪ ਲੋਨ (HECS), ਐਨ ਡੀ ਆਈ ਐਸ (NDIS) ਅਤੇ Centrelink ਸਹਾਇਤਾ ਭੱਤਿਆਂ ਤੋਂ ਵੀ ਵਾਂਝੇ ਸਨ।
ਆਸਟ੍ਰੇਲੀਆ-ਨਿਊਜ਼ੀਲੈਂਡ ਪੰਜਾਬੀ ਕਲਚਰਲ ਐਸੋਸੀਏਸ਼ਨ ਜੋ ਤਕਰੀਬਨ 300 ਪਰਿਵਾਰਾਂ ਦੀ ਨੁਮਾਇੰਦਾ ਜੱਥੇਬੰਦੀ ਹੈ, ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਐਸੋਸੀਏਸ਼ਨ ਦੇ ਸੇਕ੍ਰੇਟਰੀ ਜਸਵੀਰ ਧਾਰਨੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ ਭਾਈਚਾਰੇ ਲਈ ਇੱਕ 'ਮੁਬਾਰਕ ਮੌਕਾ' ਹੈ ਜਿਸ ਤਹਿਤ ਹੁਣ ਆਸਟ੍ਰੇਲੀਆ ਵਸਦੇ ਨਿਊਜ਼ੀਲੈਂਡ ਵਾਸੀਆਂ ਨੂੰ ਆਸਟ੍ਰੇਲੀਅਨ ਲੋਕਾਂ ਦੇ ਬਰਾਬਰ ਦੇ ਅਧਿਕਾਰ, ਸਰਕਾਰੀ ਸਹੂਲਤਾਂ ਅਤੇ ਨੌਕਰੀਆਂ ਦੇ ਵੱਧ ਮੌਕੇ ਮਿਲ ਸਕਣਗੇ।
"ਸਾਡੇ ਨਾਲ਼ ਜੁੜੇ ਕਈ ਪਰਿਵਾਰਾਂ ਨੂੰ ਇਸ ਫੈਸਲੇ ਪਿੱਛੋਂ ਰਾਹਤ ਮਿਲੇਗੀ। ਅਸੀਂ ਉਨਾਂ ਦੀ ਇਹ ਮੰਗ ਸਮੇਂ-ਸਮੇਂ ਉੱਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਾਂਸਦ ਮੈਂਬਰਾਂ ਕੋਲ਼ ਚੁੱਕਦੇ ਰਹੇ ਹਾਂ ਅਤੇ ਸਾਨੂੰ ਖੁਸ਼ੀ ਹੈ ਕਿ ਸਥਾਨਿਕ ਲੇਬਰ ਸਰਕਾਰ ਨੇ ਸਬੰਧਿਤ ਲੋਕਾਂ ਦੀ ਬੇਹਤਰੀ ਲਈ ਇਹ ਫੈਸਲਾ ਲਿਆ ਹੈ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ-ਨਿਊਜ਼ੀਲੈਂਡ ਪੰਜਾਬੀ ਕਲਚਰਲ ਐਸੋਸੀਏਸ਼ਨ ਕਈ ਸਮਾਜ-ਸੇਵੀ ਕੰਮਾਂ ਨਾਲ਼ ਵੀ ਜੁੜੀ ਹੋਈ ਹੈ।
ਪਿਛਲੇ ਸਾਲ ਉਨ੍ਹਾਂ ਆਪਣੇ ਸਾਲਾਨਾ ਸਮਾਗਮ ਵਿੱਚ ਇਕੱਠੇ ਕੀਤੇ ਲੱਗਭਗ 27,000 ਡਾਲਰ ਮੈਲਬੌਰਨ ਦੇ ਬੱਚਿਆਂ ਦੇ ਹਸਪਤਾਲ ਲਈ ਦਾਨ ਵਜੋਂ ਦਿੱਤੇ ਸਨ।
ਦੱਸਣਯੋਗ ਹੈ ਕਿ ਨਿਊਜ਼ੀਲੈਂਡ ਜਾਣ ਵਾਲੇ ਆਸਟ੍ਰੇਲੀਅਨ ਲੋਕਾਂ ਨੂੰ ਉਥੇ ਪਹਿਲਾਂ ਹੀ ਇਸ ਕਿਸਮ ਦੇ ਅਧਿਕਾਰ ਮਿਲੇ ਹੋਏ ਹਨ - ਉਹ ਨਿਊਜ਼ੀਲੈਂਡ ਦੀ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ ਜੇਕਰ ਉਹ ਪੰਜ ਸਾਲਾਂ ਤੋਂ ਉਥੇ ਰਹਿੰਦੇ ਹੋਣ।
ਇਹ ਨਵੀਂ ਨਾਗਰਿਕਤਾ ਤਬਦੀਲੀ ਆਸਟ੍ਰੇਲੀਆ ਰਹਿੰਦੇ ਲਗਭਗ 350,000 ਨਿਊਜ਼ੀਲੈਂਡ ਵਾਸੀਆਂ 'ਤੇ ਸੰਭਾਵੀ ਅਸਰ ਪਾ ਸਕਦੀ ਹੈ, ਜੋ ਹੁਣ ਥੋੜੀ ਹੋਰ ਨਿਸ਼ਚਤਤਾ ਨਾਲ ਆਪਣੇ ਭਵਿੱਖ ਦੀ ਯੋਜਨਾ ਬਣਾ ਸਕਣਗੇ।
ਹੋਰ ਵੇਰਵੇ ਲਈ ਪੂਰੀ ਆਡੀਓ ਰਿਪੋਰਟ ਸੁਣੋ:
ਇਹ ਰਿਪੋਰਟ ਐਸ ਬੀ ਐਸ ਪੰਜਾਬੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਵੱਲੋਂ ਐਸ ਬੀ ਐਸ ਨਿਊਜ਼ ਦੀ ਮਹਿਨਾਜ਼ ਅੰਗੂਰੀ ਦੀ ਸਹਾਇਤਾ ਨਾਲ਼ ਤਿਆਰ ਕੀਤੀ ਗਈ ਹੈ।




