Key Points
- ਆਸਟ੍ਰੇਲੀਆ ਦੇ ਰਾਜਾਂ ਅਤੇ ਪ੍ਰਦੇਸ਼ਾਂ ਨੇ 2022-23 ਲਈ ਆਪਣੇ ਹੁਨਰਮੰਦ ਵੀਜ਼ਾ ਨਾਮਜ਼ਦਗੀ ਪ੍ਰੋਗਰਾਮ ਖੋਲ੍ਹ ਦਿੱਤੇ ਹਨ।
- ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਪੱਛਮੀ ਆਸਟ੍ਰੇਲੀਆ ਵਿੱਚ 'ਸਬਕਲਾਸ' 491ਅਤੇ 190 ਦੀਆਂ ਸੀਟਾਂ ਵਿੱਚ ਚੋਖ਼ਾ ਵਾਧਾ ਵੇਖਣ ਨੂੰ ਮਿਲਿਆ ਹੈ।
- ਸਕਿਲਡ ਧਾਰਾ ਅਧੀਨ ਵੀਜ਼ਾ ਸਥਾਨ 79,600 ਤੋਂ ਵੱਧ ਕੇ 109,900 ਹੋ ਗਏ ਹਨ ਜਦੋਂ ਕਿ ਪਰਿਵਾਰਕ ਧਾਰਾ ਦੀਆਂ ਸੀਟਾਂ ਨੂੰ 77,300 ਤੋਂ ਘਟਾ ਕੇ 50,000 ਕਰ ਦਿੱਤਾ ਗਿਆ ਹੈ।
- ਇੱਕ ਮਾਈਗ੍ਰੇਸ਼ਨ ਏਜੰਟ ਦਾ ਮੰਨਣਾ ਹੈ ਕਿ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਸਥਾਈ ਨਿਵਾਸ ਲਈ ਇੱਕ ਚੰਗੀ ਖ਼ਬਰ ਹੈ।
ਹਰ ਸਾਲ ਆਸਟ੍ਰੇਲੀਅਨ ਸਰਕਾਰ ਬਜਟ ਦੇ ਨਾਲ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਆਕਾਰ ਤੈਅ ਕਰਦੀ ਹੈ।
ਰਾਜਾਂ ਅਤੇ ਪ੍ਰਦੇਸ਼ਾਂ ਨੂੰ ਸਰਕਾਰ ਤੋਂ ਕੋਟਾ ਪ੍ਰਾਪਤ ਹੁੰਦਾ ਹੈ, ਜਿਸ ਦੇ ਆਧਾਰ 'ਤੇ ਉਹ 'ਵੀਜ਼ਾ ਸਬਕਲਾਸ 190' ਅਤੇ 'ਵੀਜ਼ਾ ਸਬਕਲਾਸ 491' ਲਈ ਹੁਨਰਮੰਦ ਅਤੇ ਕਾਰੋਬਾਰੀ ਪ੍ਰਵਾਸੀਆਂ ਨੂੰ ਨਾਮਜ਼ਦ ਕਰਦੇ ਹਨ।
ਮੈਲਬੌਰਨ ਸਥਿਤ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਸਰਕਾਰ ਦਾ 2022-23 ਦਾ ਮਾਈਗ੍ਰੇਸ਼ਨ ਪ੍ਰੋਗਰਾਮ ਹੁਨਰਮੰਦ ਪ੍ਰਵਾਸੀਆਂ ਲਈ ਬਹੁਤ ਸਕਾਰਾਤਮਕ ਸਾਬਿਤ ਹੋਵੇਗਾ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਹੁਨਰਮੰਦ ਵੀਜ਼ਾ ਅਲਾਟਮੈਂਟ ਵਿੱਚ ਭਾਰੀ ਵਾਧਾ ਹੋਇਆ ਹੈ।
"30,000 ਤੋਂ ਵੱਧ ਸਥਾਨਾਂ ਦੇ ਨਾਲ, ਹੁਨਰਮੰਦ ਵੀਜ਼ਾ ਅਲਾਟਮੈਂਟ ਪਿਛਲੇ ਸਾਲ ਦੇ ਮਾਈਗ੍ਰੇਸ਼ਨ ਯੋਜਨਾ ਦੇ ਪੱਧਰਾਂ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ," ਉਨ੍ਹਾਂ ਕਿਹਾ।
ਇਮੀਗ੍ਰੇਸ਼ਨ ਅਪਡੇਟਸ 'ਤੇ ਝਾਤ ਪਾਉਂਦੇ ਹੋਏ ਰਣਬੀਰ ਦਾ ਕਹਿਣਾ ਹੈ ਕਿ, "ਆਸਟ੍ਰੇਲੀਆ ਵਿੱਚ ਅਸਥਾਈ ਵੀਜ਼ਾ ਧਾਰਕਾਂ ਅਤੇ ਆਫਸ਼ੋਰ ਉਮੀਦਵਾਰਾਂ ਲਈ ਨਾਮਜ਼ਦਗੀਆਂ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਇਹ ਇੱਕ ਵਧੀਆ ਸਮਾਂ ਹੈ।"
“ਕੋਵਿਡ-19 ਮਹਾਂਮਾਰੀ ਤੋਂ ਆਸਟਰੇਲੀਆ ਦੀ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਇਸ ਸਾਲ ਦਾ ਸਰਕਾਰੀ ਮਾਈਗ੍ਰੇਸ਼ਨ ਪ੍ਰੋਗਰਾਮ, ਹੁਨਰ ਧਾਰਾ ਵਿੱਚ 109,900 ਸਥਾਨਾਂ ਅਤੇ ਪਰਿਵਾਰਕ ਧਾਰਾ ਵਿੱਚ 50,000 ਸਥਾਨ ਪ੍ਰਦਾਨ ਕਰੇਗਾ, ਜਦੋਂ ਕਿ ਕੁੱਲ 160,000 ਸਥਾਨ ਪਹਿਲਾਂ ਵਾਂਗ ਹੀ ਰਹਿਣਗੇ", ਉਨ੍ਹਾਂ ਕਿਹਾ।

ਵਿਕਟੋਰੀਆ ਸੂਬੇ ਵਿੱਚ ਰਹਿੰਦੇ ਰਾਹੁਲ ਧਵਨ, ਜੋ ਕਿ ਇੱਕ ਹੁਨਰਮੰਦ ਵੀਜ਼ਾ ਬਿਨੈਕਾਰ ਹਨ, ਇਸ ਸੂਚੀ ਵਿੱਚ ਵਧੇ ਵੀਜ਼ੇ ਦੇ ਸਥਾਨਾਂ ਤੋਂ ਖੁਸ਼ ਹਨ, ਪਰ ਉਹ ਇਹ ਵੀ ਕਹਿੰਦੇ ਹਨ ਕਿ ਮਾਪਦੰਡ ਬਹੁਤ ਅਸਪਸ਼ਟ ਹਨ।
"ਮੈਂ ਇੱਕ ਨਵਿਆਉਣਯੋਗ ਊਰਜਾ ਇੰਜੀਨੀਅਰ ਹਾਂ ਜੋ ਪਿਛਲੇ ਦੋ ਸਾਲਾਂ ਤੋਂ ਮੈਲਬੌਰਨ ਵਿੱਚ ਕੰਮ ਕਰ ਰਿਹਾ ਹਾਂ, ਪਰ ਮੈਨੂੰ ਅਜੇ ਵੀ ਯਕੀਨ ਨਹੀਂ ਹੈ ਕਿ ਨਾਮਜ਼ਦਗੀਆਂ ਨੂੰ ਕਿਵੇਂ ਤਰਜੀਹ ਦਿੱਤੀ ਜਾਵੇਗੀ।"
ਪਿਛਲੇ ਸਾਲਾਂ ਵਿੱਚ, ਹੁਨਰਮੰਦ ਪ੍ਰਵਾਸ ਦੁਆਰਾ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਬਿਨੈਕਾਰ ਆਪਣੇ ਨਾਮਜ਼ਦ ਕਿੱਤੇ ਵਿੱਚ ਕੰਮ ਕਰਨ ਲਈ ਪਾਬੰਦ ਸਨ, ਪਰ ਵਿਕਟੋਰੀਆ ਦੀ ਰਾਜ ਸਰਕਾਰ ਨੇ ਯੋਗਤਾ ਨੂੰ ਸੌਖਾ ਕਰਦੇ ਹੋਏ ਆਪਣੇ ਹੀ ਕਿੱਤੇ ਵਿੱਚ ਕੰਮ ਕਰਨ ਵਾਲੀ ਪਾਬੰਦੀ ਨੂੰ ਇਸ ਸਾਲ ਹਟਾ ਦਿੱਤਾ ਹੈ।
ਸ੍ਰੀ ਧਵਨ ਦਾ ਮੰਨਣਾ ਹੈ ਕਿ ਉੱਚ ਅੰਕਾਂ ਵਾਲੇ ਯੋਗ ਬਿਨੈਕਾਰਾਂ ਲਈ ਇਹ ਇੱਕ ਵਧੀਆ ਮੌਕਾ ਹੈ।
ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ,"ਹਾਲਾਂਕਿ ਇਹ ਯੋਗ ਹੁਨਰਮੰਦ ਬਿਨੈਕਾਰਾਂ ਲਈ ਚੰਗੀ ਖ਼ਬਰ ਹੈ ਪਰ ਨਰਮ ਮਾਪਦੰਡ ਮੁਕਾਬਲੇ ਨੂੰ ਵੀ ਵਧਾਏਗਾ।"

ਹੁਨਰਮੰਦ ਖੇਤਰੀ ਨਾਮਜ਼ਦਗੀਆਂ ਨੂੰ ਦਿੱਤੀ ਜਾਵੇਗੀ ਤਰਜੀਹ
ਅਲਾਟਮੈਂਟਾਂ ਦੀਆਂ ਤਰਜੀਹਾਂ ਬਾਰੇ ਗੱਲ ਕਰਦੇ ਹੋਏ, ਮਾਈਗ੍ਰੇਸ਼ਨ ਏਜੰਟ ਰਣਬੀਰ ਕਹਿੰਦੇ ਹਨ ਕਿ ਹੁਨਰਮੰਦ ਖੇਤਰੀ ਨਾਮਜ਼ਦਗੀਆਂ ਨੂੰ ਤਰਜੀਹ ਦਿੱਤੀ ਜਾਵੇਗੀ, ਉਸ ਤੋਂ ਬਾਅਦ ਸਬਕਲਾਸ 190 (ਹੁਨਰਮੰਦ ਨਾਮਜ਼ਦ) ਅਤੇ ਫਿਰ ਸਬਕਲਾਸ 189 (ਹੁਨਰਮੰਦ ਸੁਤੰਤਰ) ਦੀ ਵਾਰੀ ਆਵੇਗੀ।
ਉਨ੍ਹਾਂ ਨੇ ਦੱਸਿਆ ਕਿ “ਇਹ ਸਿਰਫ਼ ਇੱਕ ਅੰਤਰਿਮ ਵੰਡ ਹੈ ਜਦਕਿ ਹੋਰ ਜਾਣਕਾਰੀ ਹਜੇ ਆਉਣੀ ਬਾਕੀ ਹੈ।"
ਹੁਨਰਮੰਦ ਕਾਮਿਆਂ ਦੀ ਗੰਭੀਰ ਘਾਟ ਨੂੰ ਹੱਲ ਕਰਨ ਦੇ ਸਾਧਨ ਵਜੋਂ, ਫੈਡਰਲ ਸਰਕਾਰ ਮਾਈਗ੍ਰੇਸ਼ਨ 'ਤੇ ਸਾਲਾਨਾ ਸੀਮਾ ਨੂੰ ਹਟਾਉਣ 'ਤੇ ਵੀ ਵਿਚਾਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੁਨਰ ਅਤੇ ਸਿਖਲਾਈ ਮੰਤਰੀ ਬ੍ਰੈਂਡਨ ਓ'ਕੌਨਰ ਨੇ ਆਸਟ੍ਰੇਲੀਆ 'ਚ ਕਾਮਿਆਂ ਦੀ ਘਾਟ ਨੂੰ ਹੱਲ ਕਰਨ ਲਈ ਸਥਾਈ ਨਿਵਾਸ ਦੀ ਵਚਨਬੱਧਤਾ ਬਾਰੇ ਵੀ ਗੱਲ ਕੀਤੀ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।




