ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡ-19 ਨਾਲ ਜੁੜੀਆਂ ਹੋਈਆਂ ਧੋਖਾਧੜੀਆਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
ਆਸਟ੍ਰੇਲੀਆ ਦੀ ਸਰਕਾਰ ਨੇ ਚਿੰਤਾ ਜਤਾਈ ਹੈ ਕਿ ਇਸ ਸਮੇਂ ਦੌਰਾਨ ਕਈ ਅਜਿਹੇ ਸੁਨੇਹੇ, ਈਮੇਲਾਂ ਅਤੇ ਫੋਨ ਕਾਲਾਂ ਦੁਆਰਾ ਲੋਕਾਂ ਦਾ ਪੈਸਾ ਅਤੇ ਨਿਜੀ ਜਾਣਕਾਰੀ ਲੁੱਟੀ ਜਾ ਸਕਦੀ ਹੈ।
ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਨਜ਼ਿਊਮਰ ਕਮਿਸ਼ਨ ਦੀ ਡੇਲਿਆ ਰਿਕਾਰਡ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਨਿਜੀ ਜਾਣਕਾਰੀ ਨੂੰ ਬਚਾਕੇ ਰੱਖਣਾ ਹੋਵੇਗਾ।
ਇਹ ਚਿਤਾਵਨੀ ਉਦੋਂ ਜਾਰੀ ਕੀਤੀ ਗਈ ਹੈ ਜਦੋਂ ਆਸਟ੍ਰੇਲੀਆ ਦੀ ਟੀਕਾਕਰਣ ਮੁਹਿੰਮ ਪੂਰੇ ਜੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ।
ਇਹ ਵੈਕਸੀਨ ਗੈਰ-ਲਾਜ਼ਮੀ ਹੈ ਅਤੇ ਆਸਟ੍ਰੇਲੀਆ ਦੇ ਨਾਗਰਿਕਾਂ, ਸਥਾਈ ਨਿਵਾਸੀਆਂ ਸਮੇਤ ਬਹੁਤ ਸਾਰੇ ਹੋਰ ਵੀਜ਼ਾ ਧਾਰਕਾਂ ਨੂੰ ਬਿਲਕੁਲ ਮੁਫਤ ਲਗਾਈ ਜਾਣੀ ਹੈ।
ਇਸ ਸਮੇਂ ਹਸਪਤਾਲਾਂ ਵਿੱਚ ਬਣੇ ਹੋਏ ਕੇਂਦਰਾਂ ਦੁਆਰਾ ਕਮਜ਼ੋਰ ਅਤੇ ਲੋੜਵੰਦ ਆਸਟ੍ਰੇਲੀਅਨ ਲੋਕਾਂ ਨੂੰ ਇਹ ਟੀਕਾ ਲਗਾ ਦਿੱਤਾ ਗਿਆ ਹੈ ਤੇ ਹੁਣ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਵਾਰੀ ਹੈ।
ਉਮੀਦ ਹੈ ਕਿ ਅਕਤੂਬਰ 2021 ਤੱਕ ਇਹ ਟੀਕਾ ਆਸਟ੍ਰੇਲੀਆ ਦੀਆਂ ਫਾਰਮੇਸੀਆਂ ਵਿੱਚ ਵੀ ਉਪਲਬਧ ਬਣਾਇਆ ਜਾਵੇਗਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਦਾ ਲਾਭ ਲੈ ਸਕਣ।
15 ਮਾਰਚ ਤੋਂ ਖੇਤਰੀ ਇਲਾਕਿਆਂ ਵਿੱਚ 5 ਵੱਡੇ ਕੇਂਦਰਾਂ ਦੇ ਨਾਲ ਨਾਲ 99 ਹੋਰ ਛੋਟੇ ਕੇਂਦਰ ਵੀ ਸਥਾਪਤ ਕੀਤੇ ਜਾਣਗੇ - ਇਹਨਾਂ ਵਿੱਚੋਂ ਪ੍ਰਮੁੱਖ ਹੋਣਗੇ ਨਿਊਕਾਸਲ, ਵੂਲੋਂਗੋਂਗ, ਵਾਗਾ-ਵਾਗਾ, ਕੋਫਸ ਹਾਰਬਰ ਅਤੇ ਡੱਬੋ ਹਸਪਤਾਲ ਵਿਚਲੇ ਕੇਂਦਰ।
ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਮੂਹਰਲੀ ਕਤਾਰ ਦੇ ਸਾਰੇ ਕਰਮਚਾਰੀਆਂ ਨੂੰ ਇਹ ਟੀਕਾ ਜਲਦ ਤੋਂ ਜਲਦ ਲਗਾਏ ਜਾਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਹਨਾਂ ਪੰਜਾਂ ਵੱਡੇ ਕੇਂਦਰਾਂ ਤੋਂ ਦਵਾਈ ਅੱਗੇ ਖੇਤਰੀ ਕੇਂਦਰਾਂ ਵਿੱਚ ਪਹੁੰਚਾਈ ਜਾਵੇਗੀ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡੀਜ਼ ਬਰਜੈਕਲਿਅਨ ਨੇ ਵੀ ਕਿਹਾ ਹੈ ਕਿ ਸਰਕਾਰ ਅਗਲੇ ਤਿੰਨ ਹਫਤਿਆਂ ਦੌਰਾਨ 35 ਹਜ਼ਾਰ ਫਰੰਟ ਲਾਈਨ ਕਾਮਿਆਂ ਨੂੰ ਟੀਕਾ ਲਗਾਉਣ ਲਈ ਪੂਰੀ ਤਰਾਂ ਨਾਲ ਤਿਆਰ ਹੈ, ਜਿਸ ਦਾ ਦੀਪਕ ਭੋਨਾਗਰੀ ਵਰਗੇ ਕਈ ਡਾਕਟਰਾਂ ਵਲੋਂ ਸਵਾਗਤ ਕੀਤਾ ਗਿਆ ਹੈ।
ਨਿਊ ਸਾਊਥ ਵੇਲਜ਼ ਸਿਹਤ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਰਾਜ ਵਿੱਚ ਕੋਈ ਸਥਾਨਕ ਕਰੋਨਾਵਾਇਰਸ ਦਾ ਕੇਸ ਦਰਜ ਨਹੀਂ ਹੋਇਆ ਹੈ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਹਾਲ ਵਿੱਚ ਹੀ ਦੋ ਬਜ਼ੁਰਗਾਂ ਨੂੰ ਲਾਏ ਟੀਕਿਆਂ ਨਾਲ ਕੁੱਝ ਉਤਸੁਕਤਾ ਪੈਦਾ ਹੋ ਗਈ ਸੀ।
ਕੂਈਨਜ਼ਲੇਂਡ ਦੇ ਇਹਨਾਂ ਦੋਹਾਂ ਬਜ਼ੁਰਗਾਂ ਨੂੰ ਲੋੜ ਨਾਲੋਂ ਜਿਆਦਾ ਮਾਤਰਾ ਵਿੱਚ ਦਵਾਈ ਦਿੱਤੀ ਗਈ ਸੀ।
ਵਿਕਟੋਰੀਆ ਦੇ ਇੱਕ ਹਸਪਤਾਲ ਨੇ ਟੀਕੇ ਦੀਆਂ 150 ਖੁਰਾਕਾਂ ਨੂੰ ਕੂੜੇ ਵਿੱਚ ਪਾ ਦਿੱਤਾ ਹੈ ਕਿਉਂਕਿ ਇਹਨਾਂ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ ਗਿਆ ਸੀ।
ਫਾਈਜ਼ਰ ਟੀਕੇ ਦੇ ਇੱਕ ਪੈਕ ਵਿੱਚ ਛੇ ਖੁਰਾਕਾਂ ਹੁੰਦੀਆਂ ਹਨ ਅਤੇ ਇਹਨਾਂ ਨੂੰ ਮਨਫੀ 70 ਡਿਗਰੀ ‘ਤੇ ਸੰਭਾਲਣਾ ਹੁੰਦਾ ਹੈ।
ਵਿਕਟੋਰੀਆ ਵਿੱਚ ਕੋਵਿਡ-19 ਦੇ ਦੋ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਰਾਜ ਵਿੱਚ ਬੰਦਸ਼ਾਂ ਨੂੰ ਹੋਰ ਨਰਮ ਕਰ ਦਿੱਤਾ ਗਿਆ ਹੈ।
ਕੋਵਿਡ-19 ਨਾਲ ਸਬੰਧਤ ਸਿਹਤ ਅਤੇ ਮੱਦਦ ਬਾਰੇ ਜਾਣਕਾਰੀ ਲੈਣ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾ ਸਕਦੇ ਹੋ।
ਟੀਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਫੈਡਰਲ ਸਿਹਤ ਵਿਭਾਗ ਨੂੰ 1800 020 080 ਤੇ 24 ਘੰਟੇ ਸੱਤੋ ਦਿਨ ਫੋਨ ਕਰ ਸਕਦੇ ਹੋ।
ਧੋਖਾਧੜੀ ਬਾਰੇ ਰਿਪੋਰਟ ਕਰਨ ਲਈ ਸਕੈਮਵਾਚ.ਗਵ.ਏਯੂ/ਰਿਪੋਰਟ-ਏ-ਸਕੈਮ ਤੇ ਜਾਓ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






