"ਕੋਵਿਡ-19 ਦੀਆਂ ਬੰਦਸ਼ਾਂ ਨੇ ਸਾਨੂੰ ਨਿਵੇਕਲੇ ਤਰੀਕੇ ਅਪਨਾਉਣ ਲਈ ਸੋਚਣ ਤੇ ਮਜ਼ਬੂਰ ਕਰ ਦਿੱਤਾ ਕਿ ਕਿਸ ਤਰਾਂ ਅਸੀਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਬਾਕੀ ਦੇ ਸਕੂਲਾਂ ਅਤੇ ਕਾਲਜਾਂ ਵਾਂਗ ਆਨ-ਲਾਈਨ ਪੜਾ ਸਕਦੇ ਹਾਂ" ਇਹ ਆਖਣਾ ਹੈ ਸਿਡਨੀ ਦੇ ਗੁਰੂ ਨਾਨਕ ਪੰਜਾਬੀ ਸਕੂਲ ਦੇ ਸੁੱਖਰਾਜ ਸਿੰਘ ਸੰਧੂ ਦਾ।
ਉਨ੍ਹਾਂ ਕਿਹਾ ਕਿ ਜਿੱਥੇ ਆਨ-ਲਾਈਨ ਪੜਾਉਣ ਦਾ ਇਹ ਲਾਭ ਹੈ ਕਿ ਅਸੀਂ ਸਕੂਲ ਨਾ ਆ ਸਕਣ ਵਾਲਿਆਂ ਨੂੰ ਵੀ ਪੰਜਾਬੀ ਨਾਲ ਜੋੜ ਸਕਦੇ ਹਾਂ, ਉੱਥੇ ਨਾਲ ਹੀ ਆਪਣੇ ਪੜਾਏ ਜਾਣ ਵਾਲੇ ਸਰੋਤਾਂ ਨੂੰ ਭਵਿੱਖ ਵਾਸਤੇ ਵੀ ਸੰਭਾਲ ਕੇ ਰੱਖ ਸਕਦੇ ਹਾਂ ਅਤੇ ਪਰਿੰਟਿੰਗ ਦੀ ਵਰਤੋਂ ਘਟਾਉਂਦੇ ਹੋਏ ਵਾਤਾਵਰਣ ਦੀ ਸੰਭਾਲ ਵੀ ਕਰ ਸਕਦੇ ਹਾਂ।
ਖਾਸ ਨੁੱਕਤੇ:
ਕੋਵਿਡ-19 ਬੰਦਸ਼ਾਂ ਕਾਰਨ ਸਿਖਿਆ ਪ੍ਰਣਾਲੀ ਆਨ-ਲਾਈਨ ਹੋਣ ਲਈ ਮਜਬੂਰ। ਸਾਧਨਾਂ ਅਤੇ ਮਾਲੀ ਮਦਦ ਦੀ ਘਾਟ ਦੇ ਬਾਵਜੂਦ ਵੀ ਭਾਈਚਾਰਕ ਸਕੂਲ ਪੰਜਾਬੀ ਨੂੰ ਆਨ-ਲਾਈਨ ਪੜਾਉਣ ਲਈ ਦ੍ਰਿੜ। ਸਕੂਲ ਪ੍ਰਬੰਧਕਾਂ ਵਲੋਂ ਮਾਪਿਆਂ ਨੂੰ ਇਸ ਉੱਦਮ ਵਿੱਚ ਸਾਥ ਦੇਣ ਦੀ ਅਪੀਲ।

Classroom teaching to online Source: SBS Punjabi
ਗੁਰੂ ਨਾਨਕ ਪੰਜਾਬੀ ਸਕੂਲ ਦੇ ਤਕਨੀਕੀ ਮਾਹਰ ਗੁਰਿੰਦਰ ਸਿੰਘ ਨੇ ਕਿਹਾ, "ਅਸੀਂ ਬਹੁਤ ਸਾਰੇ ਵਿਕਲਪਾਂ ਤੇ ਵਿਚਾਰ ਕੀਤਾ, ਇਹਨਾਂ ਦੇ ਲਾਭ ਆਦਿ ਵਿਚਾਰੇ ਅਤੇ ਅੰਤ ਵਿੱਚ ‘ਗੂਗਲ ਕਲਾਸਰੂਮ’ ਨੂੰ ਵਰਤਣ ਦਾ ਫੈਸਲਾ ਲਿਆ"।
"ਬੇਸ਼ਕ ਇਹ ਐਪ ਸਰਕਾਰੀ ਮਦਦ ਪ੍ਰਾਪਤ ਕਰਨ ਵਾਲੇ ਅਦਾਰਿਆਂ ਲਈ ਮੁਫਤ ਨਹੀਂ ਦਿੱਤੀ ਜਾਂਦੀ ਪਰ ਫੇਰ ਵੀ ਸਕੂਲ ਅਤੇ ਐਸੋਸ਼ਿਏਸ਼ਨ ਵਲੋਂ ਕੀਤੇ ਯਤਨਾਂ ਸਦਕਾ ਗੂਗਲ ਨੇ ਇਸ ਐਪ ਨੂੰ ਮੁਫਤ ਵਿੱਚ ਵਰਤਣ ਦੀ ਆਗਿਆ ਦੇ ਹੀ ਦਿੱਤੀ।"
"ਗੂਗਲ ਕਲਾਸਰੂਮ ਐਪ ਦੀ ਮਦਦ ਨਾਲ ਅਸੀਂ ਆਪਣੇ ਸਾਰੇ ਸਬਕ ਇੱਕੋ ਜਗ੍ਹਾ ਤੇ ਇਕੱਠੇ ਕਰਣ ਦੇ ਨਾਲ ਨਾਲ ਇਹਨਾਂ ਨੂੰ ਭਵਿੱਖ ਲਈ ਵੀ ਸੰਭਾਲ ਕੇ ਰੱਖ ਸਕਦੇ ਹਾਂ’, ਸ਼੍ਰੀ ਸਿੰਘ ਨੇ ਦਸਿਆ।
"ਅਧਿਆਪਕ ਆਪਣੇ ਘਰਾਂ ਤੋਂ ਹੀ ਲੋਗ-ਇਨ ਕਰਦੇ ਹੋਏ ਆਪਣੀ ਜਮਾਤ ਵਾਸਤੇ ਪਾਠਕ੍ਰਮ ਅੱਪਲੋਡ ਕਰ ਦਿਆ ਕਰਣਗੇ ਅਤੇ ਸਿਖਿਆਰਥੀ ਆਪਣੇ ਘਰਾਂ ਵਿੱਚ ਇਹਨਾਂ ਨੂੰ ਡਾਊਨਲੋਡ ਕਰ ਸਕਣਗੇ। ਬਾਅਦ ਵਿੱਚ ਇਹਨਾਂ ਦੇ ਉੱਤਰ ਸਿਖਿਆਰਥੀਆਂ ਵਲੋਂ ਅਪ-ਲੋਡ ਕੀਤੇ ਜਾਣਗੇ ਜੋ ਕਿ ਅਧਿਆਪਕਾਂ ਕੋਲ ਪਹੁੰਚ ਸਕਣਗੇ।"

Parents will need to provide the requisite environment to their children. Source: SBS Punjabi
"ਅਸੀਂ ਆਪਣੇ ਵਲੋਂ ਪੰਜਾਬੀ ਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਭਰਪੂਰ ਯਤਨ ਕਰ ਰਹੇ ਹਾਂ। ਪਰ ਇਸ ਦੇ ਨਾਲ ਸਾਨੂੰ ਲੋੜ ਹੈ ਮਾਪਿਆਂ ਵਲੋਂ ਇਸ ਵਿੱਚ ਪਾਏ ਜਾਣ ਵਾਲੇ ਯੋਗਦਾਨ ਦੀ ਵੀ। ਕਿਉਂਕਿ ਮਾਪੇ ਹੀ ਘਰਾਂ ਵਿੱਚ ਬੱਚਿਆਂ ਨੂੰ ਲੌੜੀਂਦਾ ਵਾਤਾਵਰਣ ਪ੍ਰਦਾਨ ਕਰ ਸਕਦੇ ਹਨ।"
ਇਸੀ ਗੱਲ ਦਾ ਸਮਰਥਨ ਰਿਵਸਬੀ ਪੰਜਾਬੀ ਸਕੂਲ ਦੀ ਪਰਿੰਸੀਪਲ ਰੀਟਾ ਕੂਮਾਰੀ ਨੇ ਵੀ ਕੀਤਾ ਹੈ - "‘ਮਾਪਿਆਂ ਨੂੰ ਆਪਚੇ ਬੱਚਿਆਂ ਖਾਸ ਕਰਕੇ ਛੋਟੇ ਬੱਚਿਆਂ ਨੂੰ ਸ਼ੁਰੂ ਸ਼ੁਰੂ ਵਿੱਚ ਆਨ-ਲਾਈਨ ਪੰਜਾਬੀ ਸਿੱਖਣ ਲਈ ਮਦਦ ਜਰੂਰ ਕਰਨੀ ਹੋਵੇਗੀ।"

Revesby Punjabi School is committed to teach Punjabi online. Source: SBS Punjabi
"ਅਸੀਂ ‘ਜ਼ੂਮ ਐਪ’ ਦੀ ਵਰਤੋਂ ਕਰਾਂਗੇ ਜਿਸ ਵਿੱਚ 40 ਮਿੰਟਾਂ ਦਾ ਸੈਸ਼ਨ ਮੁਫਤ ਹੁੰਦਾ ਹੈ। ਇਸ ਸਮੇਂ ਅਸੀਂ ਅਧਿਆਪਕਾਂ ਨੂੰ ਸਿਖਲਾਈ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਵੀ ਇਸ ਦੇ ਇਸਤੇਮਾਲ ਬਾਬਤ ਸਿਖਲਾਈ ਦਿੱਤੀ ਜਾਵੇਗੀ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।