11-ਸਾਲਾ ਐਸ਼ਮਨ ਸਿੱਧੂ ਮੈਲਬੌਰਨ ਦੇ ਕ੍ਰੈਨਬਰਨ ਇਲਾਕੇ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ।
ਉਸਨੂੰ ਬਚਪਨ ਤੋਂ ਹੀ ਭੰਗੜੇ ਦਾ ਸ਼ੌਕ ਸੀ। ਉਹ ਅਤੇ ਉਸਦੀ ਭੈਣ ਜੈਸਮਨ ਹੁਣ ਮੈਲਬੌਰਨ ਦੇ ਉੱਭਰਦੇ ਭੰਗੜਾ ਕਲਾਕਾਰਾਂ ਵਿਚੋਂ ਇੱਕ ਹਨ।
ਐਸ਼ਮਨ ਨੇ ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਦੱਸਿਆ ਕਿ ਦਿਲਜੀਤ ਦੋਸਾਂਝ ਉਸਦੇ ਪਸੰਦੀਦਾ ਗਾਇਕਾਂ ਵਿੱਚੋਂ ਇੱਕ ਹੈ।
"ਉਸਨੂੰ ਸ਼ੋ ਦੌਰਾਨ ਮਿਲਣਾ ਅਤੇ ਹਜ਼ਾਰਾਂ ਲੋਕਾਂ ਸਾਹਮਣੇ ਉਸ ਨਾਲ਼ ਭੰਗੜਾ ਪਾਉਣਾ ਮੇਰੇ ਲਈ ਇੱਕ ਸੁਪਨਾ ਸੱਚ ਹੋਣ ਵਾਂਗ ਸੀ,” ਉਸਨੇ ਇੰਟਰਵਿਊ ਦੌਰਾਨ ਕਿਹਾ ।

ਗਾਇਕ ਦਿਲਜੀਤ ਦੋਸਾਂਝ ਦੇ ਮੈਲਬੌਰਨ ਸ਼ੋ ਦੀ ਤਸਵੀਰ Credit: Diljit Dosanjh's Facebook Page
ਭੰਗੜੇ ਵਿਚਲੀਆਂ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਉਹ ਆਪਣੇ ਕੋਚ ਗੁਰਸ਼ੇਰ ਸਿੰਘ ਹੀਰ ਨੂੰ ਦਿੰਦਾ ਹੈ।
ਜੇ ਦਿਲਜੀਤ ਦੋਸਾਂਝ ਦੇ ਮੈਲਬੌਰਨ ਸ਼ੋ ਦੀ ਗੱਲ ਕਰੀਏ ਤਾਂ ਐਸ਼ਮਨ ਦਾ ਕੋਚ ਗੁਰਸ਼ੇਰ ਖੁਦ ਵੀ ਉੱਥੇ ਭੰਗੜੇ ਦੇ 'ਵੱਟ' ਕੱਢਦਾ ਨਜ਼ਰ ਆਇਆ।
"ਇਹ ਇੱਕ ਬਾਕਮਾਲ ਸ਼ੋ ਸੀ.... ਮੈਂ ਇਹੋ ਜਿਹਾ ਪ੍ਰਬੰਧ ਪਹਿਲਾਂ ਕਦੇ ਨਹੀਂ ਵੇਖਿਆ। ਮੈਂ ਬਹੁਤ ਸਟੇਜਾਂ ਤੇ ਭੰਗੜਾ ਪਾਇਆ ਪਰ ਇਹ ਵੱਖਰੇ ਲੈਵਲ ਦੀ ਗੱਲਬਾਤ ਸੀ," ਉਸਨੇ ਐਸ ਬੀ ਐਸ ਨਾਲ਼ ਇੰਟਰਵਿਊ ਵਿੱਚ ਆਖਿਆ।

ਗਾਇਕ ਦਿਲਜੀਤ ਦੋਸਾਂਝ ਦੀ ਭੰਗੜਾ ਕਲਾਕਾਰਾਂ ਨਾਲ਼ ਤਸਵੀਰ Credit: Photo supplied by Gursher Heer
ਆਸਟ੍ਰੇਲੀਆ ਵਿੱਚ ਸਭ ਤੋਂ ਔਖਾ ਕੰਮ ਸਮੇਂ ਵਿੱਚੋਂ ਸਮਾਂ ਕੱਢਣਾ ਹੈ। ਮੈਨੂੰ ਕਰੀਅਰ ਨੂੰ ਲੈਕੇ ਕੁਝ ਸਮਝੌਤਾ ਵੀ ਕਰਨਾ ਪਿਆ। ਪਰ ਇਸ ਗੱਲ ਦਾ ਪਛਤਾਵਾ ਨਹੀਂ ਹੈ, ਸਗੋਂ ਖੁਸ਼ੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਸ਼ੌਕ ਪੂਰੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।ਜਸਬੀਰ ਕੌਰ
"ਸਾਡੇ ਦੋਨੋ ਬੱਚੇ, ਐਸ਼ਮਨ ਅਤੇ ਉਸਦੀ ਭੈਣ ਜੈਸਮਨ ਪੜ੍ਹਾਈ ਵਿੱਚ ਵੀ ਕਾਫੀ ਵਧੀਆ ਹਨ। ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਹੈ," ਉਨ੍ਹਾਂ ਕਿਹਾ।
ਮੈਲਬੌਰਨ ਦੇ ਕਲਾਇਡ ਇਲਾਕੇ ਵਿੱਚ ਜੀ ਐਸ ਹੀਰ ਭੰਗੜਾ ਅਕੈਡਮੀ ਵਿੱਚ ਭੰਗੜਾ ਸਿਖਾਉਂਦੇ ਗੁਰਸ਼ੇਰ ਸਿੰਘ ਹੀਰ ਨੂੰ ਐਸ਼ਮਨ ਸਿੱਧੂ ਵਿੱਚ ਕਾਫੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ।
"ਐਸ਼ੀ ਬਹੁਤ ਮੇਹਨਤੀ ਅਤੇ ਹੋਣਹਾਰ ਵਿਦਿਆਰਥੀ ਹੈ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਉਸਨੂੰ ਫ਼ਿਲਮਾਂ ਅਤੇ ਗੀਤਾਂ ਵਿੱਚ ਭੰਗੜੇ ਪਾਉਂਦੇ ਵੇਖਾਂਗੇ," ਉਨ੍ਹਾਂ ਕਿਹਾ।
(ਖੱਬੇ ਤੋਂ ਸੱਜੇ) ਗੁਰਸ਼ੇਰ ਸਿੰਘ ਹੀਰ, ਐਸ਼ਮਨ ਸਿੱਧੂ ਅਤੇ ਜਸਬੀਰ ਕੌਰ - ਸਥਾਨ: ਐਸ ਬੀ ਐਸ ਸਟੂਡੀਓ, ਮੈਲਬੌਰਨ Credit: SBS Punjabi/Paras Nagpal
"ਅਸੀਂ ਤਕਰੀਬਨ 700 ਬੱਚਿਆਂ ਨੂੰ ਭੰਗੜਾ ਸਿਖਾ ਰਹੇ ਹਾਂ ਜਿਸ ਵਿੱਚ 500 ਦੇ ਕਰੀਬ ਕੁੜੀਆਂ ਸ਼ਾਮਿਲ ਹਨ," ਉਨ੍ਹਾਂ ਕਿਹਾ।
"ਇਹ ਗੱਲਾਂ ਹੁਣ ਨੱਚਣ-ਟੱਪਣ ਤੱਕ ਹੀ ਮਹਿਦੂਦ ਨਹੀਂ ਰਹੀਆਂ। ਮਾਪੇ ਹੁਣ ਭੰਗੜੇ ਨੂੰ ਸਰੀਰਕ ਵਰਜਿਸ਼ ਵਜੋਂ ਵੀ ਅਹਿਮੀਅਤ ਦਿੰਦੇ ਹਨ।"
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ.....