ਕੋਵਿਡ-19 ਮਹਾਂਮਾਰੀ ਦੌਰਾਨ ਅੰਤਰਾਸ਼ਟਰੀ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੇ ਘੰਟਿਆਂ ਦੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਸੀ ਅਤੇ ਜਨਵਰੀ 2022 ਵਿੱਚ ਇਹ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਦਿੱਤੀ ਗਈਆਂ ਸਨ ਤਾਂ ਜੋ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਬਿਣਾ ਕਿਸੇ ਰੋਕਥਾਮ ਅਸੀਮਿਤ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।
ਮੰਗਲਵਾਰ ਨੂੰ ਅਲਬਨੀਜ਼ੀ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਇਹ ਵਿਵਸਥਾ 30 ਜੂਨ 2023 ਨੂੰ ਖਤਮ ਹੋ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਆਪਣੀਆਂ ਡਿਗਰੀਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਲੋੜੀਂਦਾ ਸਮਾਂ ਮਿਲਸਕੇ ਸਕੇ - ਜੋ ਕਿ ਅੰਤਰਾਸ਼ਟਰੀ ਵਿਦਿਆਰਥੀ ਵੀਜ਼ੇ ਦਾ ਮੁੱਖ ਉਦੇਸ਼ ਹੈ ।
ਅੰਤਰਾਸ਼ਟਰੀ ਵਿਦਿਆਰਥੀਆਂ ਲਈ ਇਸਦਾ ਕੀ ਅਰਥ ਹੈ?
ਵਿਦਿਆਰਥੀ ਵੀਜ਼ਾ ਧਾਰਕ ਜੋ ਵਰਤਮਾਨ ਵਿੱਚ ਅਸੀਮਤ ਘੰਟੇ ਕੰਮ ਕਰ ਸਕਦੇ ਹਨ, ਹੁਣ 1 ਜੁਲਾਈ ਤੋਂ ਉਨ੍ਹਾਂ ਕੋਲ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਹੀ ਇਜਾਜ਼ਤ ਹੋਵੇਗੀ। ਇਹ ਇੱਕ ਹਫ਼ਤੇ ਵਿੱਚ 20 ਘੰਟਿਆਂ ਦੀ ਪਿਛਲੀ ਸੀਮਾ ਤੋਂ 4 ਘੰਟੇ ਦਾ ਹੀ ਮਾਮੂਲੀ ਵਾਧਾ ਹੈ।
ਮੈਲਬੌਰਨ-ਅਧਾਰਤ ਗੁਣਵੀਰ ਸਿੰਘ ਇਸ ਸਮੇਂ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਇੱਕ ਸੁਪਰਮਾਰਕੀਟ ਵਿੱਚ ਕੰਮ ਕਰ ਰਿਹਾ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ 26 ਸਾਲਾ ਵਿਦਿਆਰਥੀ ਦਾ ਕਹਿਣਾ ਹੈ ਕਿ ਕੰਮ ਦੇ ਘੰਟਿਆਂ ਦੀਆਂ ਪਾਬੰਦੀਆਂ ਨੂੰ ਮੁੜ ਲਾਗੂ ਕਰਨ ਨਾਲ ਕੁਝ ਵਿਦਿਆਰਥੀਆਂ ਲਈ ਜੀਵਨ ਦੀਆ ਲਾਗਤਾਂ ਦੀ ਪੂਰਤੀ ਕਰਨਾ ਮੁਸ਼ਕਲ ਹੋ ਜਾਵੇਗਾ।
ਉਸ ਦਾ ਕਹਿਣਾ ਹੈ ਕਿ "ਅਰਥਵਿਵਸਥਾ ਪੱਖੋਂ ਹਫ਼ਤੇ ਵਿੱਚ 24 ਘੰਟਿਆਂ ਦੀ ਕੰਮਕਾਜ ਸੀਮਾ, ਉਨ੍ਹਾਂ ਬਹੁਤ ਸਾਰੇ ਵਿਦਿਆਰਥੀਆਂ ਦਾ ਲੱਕ ਤੋੜ ਦੇਵੇਗੀ ਜੋ ਸਿਰਫ਼ ਪਹਿਲੇ ਸਮੈਸਟਰ ਦੇ ਫੰਡਾਂ ਨਾਲ ਆਸਟ੍ਰੇਲੀਆ ਆਉਂਦੇ ਹਨ ਅਤੇ ਡਿਗਰੀ ਦੀਆਂ ਬਾਕੀ ਟਿਊਸ਼ਨ ਫੀਸਾਂ ਕੱਢਣ ਲਈ ਇੱਥੇ ਨੌਕਰੀਆਂ 'ਤੇ ਨਿਰਭਰ ਕਰਦੇ ਹਨ।"

ਭਾਰਤ ਦੇ ਇੱਕ ਹੋਰ ਵਿਦਿਆਰਥੀ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਲਈ ਕੰਮ ਦੇ ਘੰਟੇ ਸੀਮਤ ਕਰਨ ਦੇ ਫੈਸਲੇ ਨਾਲ ਉਹ ਆਪਣਾ ਧਿਆਨ ਅਕਾਦਮਿਕ ਸਿੱਖਿਆ ਵੱਲ ਮੋੜ ਸਕਣਗੇ।
ਉਹ ਕਹਿੰਦਾ ਹੈ ਕਿ,"ਇੱਥੇ ਮੇਰਾ ਮੁੱਖ ਉਦੇਸ਼ ਪੜ੍ਹਾਈ ਕਰਨਾ ਹੈ ਨਾ ਕਿ ਪੈਸਾ ਕਮਾਉਣਾ। ਇਸ ਲਈ, ਮੈਂ ਮਹਿਸੂਸ ਕਰਦਾ ਹਾਂ ਕਿ ਕੰਮ ਦੇ ਘੰਟਿਆਂ ਨੂੰ ਸੀਮਤ ਕਰਨ ਦੇ ਫੈਸਲੇ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਲਈ ਸਮਾਂ ਕੱਢਣਗੇ।"
28 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਨੀਰਜ ਅੱਗੇ ਕਹਿੰਦਾ ਹੈ ਕਿ “ਮੇਰੇ ਬਹੁਤੇ ਦੋਸਤ ਪੈਸਿਆਂ ਪਿੱਛੇ ਆਪਣੀ ਪੜ੍ਹਾਈ ਦਾ ਬਲੀਦਾਨ ਦੇ ਰਹੇ ਹਨ, ਅਤੇ ਨਤੀਜੇ ਵਜੋਂ, ਜ਼ਿਆਦਾਤਰ ਆਪਣੀਆਂ ਅਸਾਈਨਮੈਂਟਾਂ ਵਿੱਚ ਪਛੜ ਰਹੇ ਹਨ। "
1 ਜੁਲਾਈ ਤੋਂ ਪੋਸਟ-ਸਟੱਡੀ ਕੰਮ ਦੇ ਅਧਿਕਾਰਾਂ ਵਿੱਚ ਵਾਧਾ
ਕੰਮ ਦੇ ਘੰਟਿਆਂ ਦੀ ਸੀਮਾ ਤੋਂ ਇਲਾਵਾ, ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ 1 ਜੁਲਾਈ ਤੋਂ ਯੋਗ ਯੋਗਤਾਵਾਂ ਵਾਲੇ ਅੰਤਰਰਾਸ਼ਟਰੀ ਉੱਚ ਸਿੱਖਿਆ ਗ੍ਰੈਜੂਏਟਾਂ ਨੂੰ ਪੜਾਈ ਤੋਂ ਬਾਅਦ ਕੰਮ ਦੇ ਅਧਿਕਾਰਾਂ 'ਚ ਹੋਰ 2 ਸਾਲਾਂ ਦੀ ਐਕਸਟੈਂਸ਼ਨ ਮਿਲੇਗੀ।
ਇਹ ਐਕਸਟੈਂਸ਼ਨ , ਯੋਗ ਅੰਤਰਰਾਸ਼ਟਰੀ ਉੱਚ ਸਿੱਖਿਆ ਗ੍ਰੈਜੂਏਟਾਂ ਨੂੰ ਉਨ੍ਹਾਂ ਦੇ ਅਸਥਾਈ ਗ੍ਰੈਜੂਏਟ ਵੀਜ਼ਾ (ਉਪ-ਸ਼੍ਰੇਣੀ 485) 'ਤੇ ਦੋ ਸਾਲਾਂ ਲਈ ਵਾਧੂ ਯੋਗ ਕਰੇਗੀ।

ਇਸ ਫੈਸਲੇ ਬਾਰੇ ਆਪਣੇ ਵਿਚਾਰ ਦੱਸਦੇ ਹੋਏ ਐਸੋਸੀਏਸ਼ਨ ਆਫ ਆਸਟ੍ਰੇਲੀਅਨ ਐਜੂਕੇਸ਼ਨ ਰਿਪ੍ਰਜ਼ੈਂਟੇਟਿਵਜ਼ ਇਨ ਇੰਡੀਆ (ਏ.ਏ.ਈ.ਆਰ.ਆਈ.) ਦੇ ਪ੍ਰਧਾਨ ਰਵੀ ਲੋਚਨ ਸਿੰਘ ਦਾ ਕਹਿਣਾ ਹੈ ਕਿ ਤਬਦੀਲੀ ਦਾ ਮਤਲਬ ਹੈ ਕਿ ਯੋਗ ਬੈਚਲਰ ਗ੍ਰੈਜੂਏਟ ਆਪਣੇ ਕੰਮ ਦੇ ਅਧਿਕਾਰਾਂ ਵਿੱਚ ਦੋ ਤੋਂ ਚਾਰ ਸਾਲ, ਪੋਸਟ ਗ੍ਰੈਜੂਏਟ ਤਿੰਨ ਤੋਂ ਪੰਜ ਸਾਲ ਤੱਕ ਦਾ ਵਾਧਾ ਦੇਖਣਗੇ, ਜਦੋਂ ਕਿ ਸਾਰੇ ਡਾਕਟੋਰਲ ਗ੍ਰੈਜੂਏਟਾਂ ਦੇ ਅਧਿਕਾਰਾਂ ਨੂੰ ਚਾਰ ਤੋਂ ਛੇ ਸਾਲ ਤੱਕ ਵਧਾ ਦਿੱਤਾ ਜਾਵੇਗਾ।"
ਪੜਾਈ ਤੋਂ ਬਾਅਦ ਕੰਮ ਦੇ ਅਧਿਕਾਰਾਂ 'ਚ ਵਾਧਾ ਆਸਟ੍ਰੇਲੀਆ ਨੂੰ ਇਕ ਅਕਾਦਮਿਕ ਮੰਜ਼ਿਲ ਵਜੋਂ ਵਿਕਸਿਤ ਕਰੇਗਾ।ਰਵੀ ਲੋਚਨ ਸਿੰਘ
ਮੰਗਲਵਾਰ ਨੂੰ ਇੱਕ ਸੰਯੁਕਤ ਮੀਡੀਆ ਰਿਲੀਜ਼ ਵਿੱਚ, ਸਿੱਖਿਆ ਮੰਤਰੀ ਜੇਸਨ ਕਲੇਰ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਕਿਹਾ ਕਿ ਨਵੇਂ ਉਪਾਅ - ਸ਼ੁਰੂਆਤੀ ਤੌਰ 'ਤੇ ਪਿਛਲੇ ਸਾਲ ਸਤੰਬਰ ਵਿੱਚ ਘੋਸ਼ਿਤ ਕੀਤੇ ਗਏ ਸਨ। ਇਹ ਬਦਲਾਵ ਇੱਕ ਚੰਗੀ ਸਿਖਲਾਈ ਪ੍ਰਾਪਤ ਉੱਚ ਯੋਗਤਾ ਵਾਲੇ ਕਰਮਚਾਰੀਆਂ ਦੀ ਉਪਲਬਧਤਾ ਨੂੰ ਵਧਾਉਣਗੇ ਅਤੇ ਦੇਸ਼ ਵਿੱਚ ਚੰਗੇ ਹੁਨਰਾਂ ਦੀ ਕਮੀ ਨੂੰ ਘਟਾਉਣ ਵਿੱਚ ਮਦਦ ਕਰਨਗੇ।
ਓਈਸੀਡੀ ਦੇ ਅਨੁਸਾਰ ਵਿਕਸਤ ਦੇਸ਼ਾਂ ਵਿੱਚ ਹੁਨਰ ਦੀ ਘਾਟ ਦੇ ਪੈਮਾਨੇ 'ਤੇ ਆਸਟ੍ਰੇਲੀਆ ਦੂਜੇ ਨੰਬਰ ਤੇ ਆਉਂਦਾ ਹੈ।





