ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਲੇਬਰ ਸਰਕਾਰ ਦਾ ਨਵਾਂ ਬਜਟ ਆਸਟ੍ਰੇਲੀਆ ਲਈ ਬਿਹਤਰ ਭਵਿੱਖ ਬਣਾਉਣ ਦੀ ਸ਼ੁਰੂਆਤ ਕਰਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਉਹ ਇੱਕ ਮਾਈਗ੍ਰੇਸ਼ਨ ਰਣਨੀਤੀ ਵਿਕਸਿਤ ਕਰੇਗੀ ਜੋ ਆਸਟ੍ਰੇਲੀਆਈ ਕਾਮਿਆਂ ਦੇ ਹੁਨਰਾਂ ਅਤੇ ਸਮਰੱਥਾਵਾਂ ਨੂੰ ਪੂਰਾ ਕਰੇਗੀ ।
ਇਹ ਰਣਨੀਤੀ ਆਸਟ੍ਰੇਲੀਆ ਦੇ ਹਿੱਤਾਂ ਦੇ ਅਨੁਸਾਰ, ਆਸਟ੍ਰੇਲੀਆ ਦੀ ਆਰਥਿਕਤਾ ਨੂੰ ਵਧਾਉਣ ਅਤੇ ਉੱਚ-ਕੁਸ਼ਲ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਦੇ ਤਰੀਕਿਆਂ ਤੇ ਅਧਾਰਿਤ ਹੋਵੇਗੀ।
ਸਰਕਾਰ ਅਨੁਸਾਰ ਇਹ ਸਥਾਈ ਨਿਵਾਸ ਲਈ ਸਪੱਸ਼ਟ ਮਾਰਗ ਪ੍ਰਦਾਨ ਕਰੇਗੀ।
2022-23 ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਯੋਜਨਾ ਪੱਧਰ ਨੂੰ 160,000 ਤੋਂ ਵਧਾ ਕੇ 195,000 ਕਰ ਦਿੱਤਾ ਜਾਵੇਗਾ। ਆਫਸ਼ੋਰ ਬਿਨੈਕਾਰਾਂ ਅਤੇ ਸਕਿਲਡ ਇੰਡੀਪੈਂਡੈਂਟ ਵੀਜ਼ਾ ਲਈ ਪਹਿਲਾਂ ਹੀ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਜਿਮ ਚੈਲਮਰਜ਼ ਅਨੁਸਾਰ ਇਹ ਬਜਟ ਰਹਿਣ-ਸਹਿਣ ਦੀ ਲਾਗਤ ਤੋਂ ਰਾਹਤ, ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਕਰਜ਼ੇ ਅਤੇ ਘਾਟੇ ਨਾਲ ਨਜਿੱਠਣ 'ਤੇ ਧਿਆਨ ਕੇਂਦਰਤ ਕਰੇਗਾ।
ਸਰਕਾਰ ਨੇ ਮਾਪਿਆਂ ਦੇ ਵੀਜ਼ਿਆਂ ਦੀ ਸੰਖਿਆ ਨੂੰ ਲਗਭਗ ਦੁੱਗਣਾ ਕਰਨ ਅਤੇ ਸੰਘੀ ਬਜਟ ਦੇ ਹਿੱਸੇ ਵਜੋਂ ਉਪਲਬਧ ਹੁਨਰਮੰਦ ਵੀਜ਼ਿਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਕਰਨ ਦਾ ਵੀ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ ਪਹਿਲੇ ਬਜਟ ਨੂੰ 'ਪਰਿਵਾਰ ਪੱਖੀ' ਦੱਸਿਆ ਹੈ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਦਾ ਕਹਿਣਾ ਹੈ ਕਿ ਇਹ ਅਰਥਵਿਵਸਥਾ ਨੂੰ ਵਧਾਉਂਦੇ ਹੋਏ ਜੀਵਨ ਦੇ ਖਰਚੇ ਦੇ ਦਬਾਅ ਨੂੰ ਘੱਟ ਕਰੇਗਾ।
ਸਸਤੀ ਚਾਈਲਡ ਕੇਅਰ, ਪੇਡ ਪੇਰੈਂਟਲ ਲੀਵ ਦਾ ਵਿਸਤਾਰ, ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ ਵਿੱਚ ਨਿਵੇਸ਼, ਬਿਹਤਰ ਬਿਰਧ ਦੇਖਭਾਲ, ਬੇਹਤਰ ਮੈਂਟਲ ਹੈਲਥ ਸੁਵਿਧਾਵਾਂ,ਲਿੰਗ ਸਮਾਨਤਾ ਦਾ ਸਮਰਥਨ, ਔਰਤਾਂ ਦੀ ਸੁਰੱਖਿਆ, ਸਕੂਲਾਂ ਵਿੱਚ ਨਿਵੇਸ਼ ਆਦਿ ਸਰਕਾਰ ਦੇ ਬੱਜਟ ਵਾਅਦੇ ਦੀਆਂ ਹੋਰ ਅਹਿਮ ਘੋਸ਼ਣਾਵਾਂ ਰਹੀਆਂ।