ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏ ਸੀ ਸੀ ਸੀ ) ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਅਨ ਚਾਈਲਡ ਕੇਅਰ ਦੁਨੀਆ ਵਿੱਚ ਸਭ ਤੋਂ ਮਹਿੰਗੇ ਹਨ ਅਤੇ ਆਸਟ੍ਰੇਲੀਅਨ ਪਰਿਵਾਰ ਬਾਲ ਦੇਖਭਾਲ ਦੇ ਵਿੱਤੀ ਬੋਝ ਨਾਲ ਜੂਝ ਰਹੇ ਹਨ।
ਰਿਪੋਰਟ ਦੱਸਦੀ ਹੈ ਕਿ ਆਸਟ੍ਰੇਲੀਅਨ ਦੁਨੀਆ ਵਿੱਚ ਲਗਭਗ ਕਿਸੇ ਵੀ ਥਾਂ ਨਾਲੋਂ ਬਾਲ ਦੇਖਭਾਲ ਲਈ ਵੱਧ ਭੁਗਤਾਨ ਕਰਦੇ ਹਨ।
ਏ ਸੀ ਸੀ ਸੀ ਦਾ ਕਹਿਣਾ ਹੈ ਕਿ ਔਸਤ ਆਸਟ੍ਰੇਲੀਆਈ ਪਰਿਵਾਰ, ਜਿਸ ਵਿੱਚ ਦੋ ਆਮਦਨੀ ਕਰਦੇ ਜੀਅ ਹਨ ਅਤੇ ਦੋ ਬੱਚੇ ਚਾਈਲਡ ਕੇਅਰ ਵਿੱਚ ਹਨ, ਐਸੇ ਪਰਿਵਾਰ ਆਪਣੇ ਬਜਟ ਦਾ ਲਗਭਗ 16 ਪ੍ਰਤੀਸ਼ਤ ਬਾਲ ਦੇਖਭਾਲ 'ਤੇ ਖਰਚ ਕਰਦੇ ਹਨ , ਜੋ ਕਿ OECD (ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ) ਦੀ ਔਸਤ ਨੌਂ ਪ੍ਰਤੀਸ਼ਤ ਤੋਂ ਬਹੁਤ ਜ਼ਿਆਦਾ ਹੈ।
ਮੈਲਬੌਰਨ ਦੇ ਇੱਕ ਪਿਤਾ ਜੋ ਕਿ ਇਸ ਸਮੇਂ ਇਕੱਲੇ ਕਮਾ ਰਹੇ ਅਤੇ 2 ਛੋਟੇ ਬੱਚਿਆਂ ਦੇ ਬਾਪ ਹਨ, ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ 'ਚ ਚਾਈਲਡਕੇਅਰ ਮਹਿੰਗਾ ਹੋਣ ਕਰਕੇ ਨੌਕਰੀ ਜਾਂ ਬੱਚਿਆਂ ਦੀ ਦੇਖਭਾਲ 'ਚੋਂ ਕਿਸੇ ਇੱਕ ਨੂੰ ਚੁਨਣ ਲਈ ਮਾਪੇ ਮਜਬੂਰ ਹਨ।
ਜੈਸਿਕਾ ਰੁਡ ਪੇਰੈਂਟਹੁੱਡ ਦੀ ਸੀ-ਈ-ਓ ਹੈ, ਇਹ ਇੱਕ ਸਮੂਹ ਹੈ ਜੋ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਵਕਾਲਤ ਕਰਦਾ ਹੈ। ਉਹ ਕਹਿੰਦੀ ਹੈ ਕਿ ਬਹੁਤ ਸਾਰੇ ਮਾਪੇ ਇੱਕ ਮੁਸ਼ਕਲ ਸਥਿਤੀ ਵਿੱਚ ਹਨ।
ਇੱਕ ਬਿਆਨ ਵਿੱਚ, ਏ ਸੀ ਸੀ ਸੀ ਦੀ ਚੇਅਰ ਜੀਨਾ ਕੈਸ-ਗੌਟਲੀਬ ਨੇ ਕਿਹਾ ਹੈ ਕਿ ਮੌਜੂਦਾ ਨੀਤੀਗਤ ਸੈਟਿੰਗਾਂ ਸਾਰੇ ਆਸਟ੍ਰੇਲੀਅਨਾਂ ਲਈ ਕਿਫਾਇਤੀ ਅਤੇ ਪਹੁੰਚਯੋਗਤਾ ਪ੍ਰਦਾਨ ਨਹੀਂ ਕਰ ਰਹੀਆਂ ਹਨ।
ਆਸਟਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਵੱਲੋਂ ਜਾਂਚ ਦੇ ਹਿੱਸੇ ਵਜੋਂ ਚਾਈਲਡ ਕੇਅਰ ਫੀਸਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟ ਨੂੰ ਮਾਪਿਆਂ ਨਾਲ ਜਨਤਕ ਤੌਰ 'ਤੇ ਸਾਂਝੀ ਕਰਨ ਲਈ ਹੋਰ ਜਾਣਕਾਰੀ ਦੀ ਮੰਗ ਵੀ ਕੀਤੀ ਗਈ ਹੈ।
ACCC ਨੇ 31 ਦਸੰਬਰ ਤੱਕ ਆਪਣੀ ਤੀਜੀ ਅਤੇ ਅੰਤਿਮ ਰਿਪੋਰਟ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।
ਪੂਰੀ ਜਾਣਕਾਰੀ ਲਈ ਇਹ ਖਾਸ ਰਿਪੋਰਟ ਇੱਥੇ ਸੁਣੋ...







