ਮੈਲਬੌਰਨ ਦੀ ਸਮਾਜ-ਸੇਵੀ ਚੈਰਿਟੀ ਜਥੇਬੰਦੀ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਨੇ ਵਿਕਟੋਰੀਆ ਵਿੱਚ ਕੋਵਿਡ-19 ਤਾਲਾਬੰਦੀ ਅਤੇ ਜੰਗਲ ਦੀ ਅੱਗ ਵੇਲ਼ੇ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਦੀ ਸਹੂਲਤ ਦੇਣ ਵਿੱਚ ਵਧ-ਚੜ੍ਹ ਕੇ ਹਿੱਸਾ ਪਾਇਆ ਹੈ।
ਜਥੇਬੰਦੀ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮਹਾਂਮਾਰੀ ਦੇ ਚਲਦਿਆਂ ਮੁਫਤ ਭੋਜਨ ਦੀ ਮੰਗ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ।
ਮਾਰਚ 2020 ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਿੱਖ ਸੇਵਾਦਾਰਾਂ ਨੇ ਮੈਲਬੌਰਨ ਦੇ 40 ਤੋਂ ਵੀ ਵੱਧ ਉਪਨਗਰਾਂ ਵਿੱਚ 180,000 ਦੇ ਕਰੀਬ ਭੋਜਨ ਦੇ ਡੱਬੇ ਮੁਫ਼ਤ ਵਿੱਚ ਮੁਹੱਈਆ ਕਰਵਾਏ ਹਨ।

ਆਪਣੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਲੋੜਵੰਦਾਂ ਤੱਕ ਪਹੁੰਚਾਉਣ ਲਈ ਉਹ ਹੁਣ ਇੱਕ ਵੱਡੀ ਅਤੇ ਬਿਹਤਰ ਰਸੋਈ ਬਣਾਉਣ ਦੀ ਕੋਸ਼ਿਸ਼ ਵਿੱਚ ਹਨ।
ਇਸ ਕਾਰਜ ਲਈ ਉਨ੍ਹਾਂ ਹਾਲ ਹੀ ਵਿਚ ਇੱਕ ਫੰਡਰੇਜ਼ਰ ਦੁਆਰਾ $600,000 ਦੀ ਰਕਮ ਇਕੱਠੀ ਕੀਤੀ ਗਈ ਹੈ।
ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਨੇ ਕੀਤੇ ਇਸ ਖੁੱਲ੍ਹੇ ਦਾਨ ਲਈ ਭਾਈਚਾਰੇ ਦਾ ਧੰਨਵਾਦ ਕੀਤਾ ਹੈ।
“ਅਸੀਂ ਸਿੱਖ ਗੁਰੂਆਂ ਦੁਆਰਾ ਦਿੱਤੇ ਮਾਨਵਤਾ ਦੇ ਸੁਨੇਹੇ ਅਤੇ ਨਿਸ਼ਕਾਮ ਸੇਵਾ ਨਾਲ਼ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ। ਆਪਣੀ ਕਿਰਤ ਕਮਾਈ ਵਿਚੋਂ ਲੋਕਾਂ ਦੇ ਮਿਲੇ ਇਸ ਸਹਿਯੋਗ ਲਈ ਸਾਡੀ ਜਥੇਬੰਦੀ ਬਹੁਤ ਧੰਨਵਾਦੀ ਹੈ," ਉਨ੍ਹਾਂ ਕਿਹਾ।
ਮਨਪ੍ਰੀਤ ਸਿੰਘ ਨਾਲ਼ ਪੂਰੀ ਗੱਲਬਾਤ ਸੁਣਨ ਲਈ ਆਡੀਓ ਲਿੰਕ ਕਲਿਕ ਕਰੋ
ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ




