ਭਾਰਤੀ ਭਾਈਚਾਰੇ ਵੱਲੋਂ ਮੈਡੀਕਲ ਐਮਰਜੈਂਸੀ ਕਾਰਨ ਹਸਪਤਾਲ ਵਿੱਚ ਦਾਖਲ ਇੱਕ ਪੰਜਾਬੀ ਨੌਜਵਾਨ ਦੇ ਇਲਾਜ ਲਈ 1 ਲੱਖ 10 ਹਜ਼ਾਰ ਡਾਲਰ [1 ਨਵੰਬਰ ਤੱਕ] ਤੋਂ ਵੀ ਜ਼ਿਆਦਾ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ।
ਜੋਨੀ ਸਹੋਤਾ ਨੇ ਐਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਸਨੂੰ ਸਿਡਨੀ ਦੇ ਰਾਇਲ ਨੌਰਥ ਸ਼ੋਰ ਹਸਪਤਾਲ ਵਿੱਚ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਅਤੇ 'ਮਲਟੀਪਲ ਫ੍ਰੈਕਚਰ' ਕਰਕੇ ‘ਆਈ ਸੀ ਯੂ’ ਵਿੱਚ ਦਾਖਲ ਕਰਵਾਇਆ ਗਿਆ ਸੀ।
ਸ੍ਰੀ ਸਹੋਤਾ ਨੇ ਆਪਣੇ ਹਸਪਤਾਲ-ਬੈੱਡ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਪਣੇ ਹੀ ਘਰ ਵਿੱਚ ਹੋਏ ਇੱਕ ਹਾਦਸੇ ਦੌਰਾਨ ਉਚਾਈ ਤੋਂ ਡਿੱਗਣ ਪਿੱਛੋਂ ਰੀੜ੍ਹ ਦੀ ਹੱਡੀ ਉੱਤੇ ਸੱਟ ਲੱਗੀ ਸੀ।
"ਕਾਫੀ ਦੇਰ ਬੇਹੋਸ਼ ਰਹਿਣ ਪਿੱਛੋਂ ਜਦ ਮੈਂ ਹੋਸ਼ ਵਿੱਚ ਆਇਆ ਤਾਂ ਮੈਨੂੰ ਦੱਸਿਆ ਗਿਆ ਕਿ ਮੇਰੀਆਂ ਕਈ ਸਰ੍ਜਰੀਜ਼ ਕਰਨੀਆਂ ਪਈਆਂ ਹਨ। ਭਾਵੇਂ ਮੇਰੀ ਜ਼ਿੰਦਗੀ ਹੁਣ ਖ਼ਤਰੇ ਤੋਂ ਬਾਹਰ ਹੈ ਪਰ ਮੈਂ ਆਪਣੇ ਸਰੀਰ ਦਾ ਥੱਲੇ ਵਾਲ਼ਾ ਹਿੱਸਾ ਮਹਿਸੂਸ ਨਹੀਂ ਕਰ ਸਕਦਾ।"
ਸ੍ਰੀ ਸਹੋਤਾ ਆਸਵੰਦ ਹਨ ਕਿ ਮੁੜ ਆਪਣੇ ਪੈਰਾਂ ਉੱਤੇ ਖੜ੍ਹਨ ਦੇ ਯੋਗ ਹੋਣਗੇ - “ਮੈਨੂੰ ਪੂਰੀ ਉਮੀਦ ਹੈ ਪਰ ਅਗਲੇ ਕੁਝ ਦਿਨਾਂ ਵਿੱਚ ਸਪਸ਼ਟ ਹੋ ਜਾਵੇਗਾ ਕਿ ਮੈਂ ਦੁਬਾਰਾ ਤੁਰ ਵੀ ਸਕਾਂਗਾ ਜਾਂ ਨਹੀਂ,” ਉਨ੍ਹਾਂ ਕਿਹਾ।

Johny Sahota came to Australia from Punjab, India in 2015. Source: Supplied
ਸ੍ਰੀ ਸਹੋਤਾ ਜੋ ਪੰਜਾਬ ਦੇ ਹੁਸ਼ਿਆਰਪੁਰ ਜਿਲੇ ਨਾਲ਼ ਸਬੰਧ ਰੱਖਦੇ ਹਨ ਹੁਣ ‘ਵਿੱਤੀ ਮੁਸ਼ਕਲਾਂ’ ਵਿੱਚੋਂ ਗੁਜ਼ਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ 2015 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਏ ਸਨ ਤੇ ਉਨ੍ਹਾਂ ਦਾ ਇਥੇ ਕੋਈ ਹੋਰ ਪਰਿਵਾਰਕ ਮੈਂਬਰ ਨਹੀਂ ਹੈ ਜੋ ਉਨ੍ਹਾਂ ਦਾ ਸਾਥ ਦੇ ਸਕੇ।
“ਅਸੀਂ ਆਪਣੀ ਜਿੰਦਗੀ ਦੇ ਇੱਕ ਬਹੁਤ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੇ ਹਾਂ। ਪਿਛਲੇ 5 ਸਾਲ ਤੋਂ ਮੇਰੀ ਪਤਨੀ ਇੱਕ ਗੰਭੀਰ ਬਿਮਾਰੀ ਨਾਲ਼ ਜੂਝ ਰਹੀ ਹੈ," ਉਨ੍ਹਾਂ ਕਿਹਾ।
ਪਰਿਵਾਰ ਲਈ ਮੈਂ ਹੀ ਕਮਾਈ ਦਾ ਜ਼ਰੀਆ ਸੀ ਅਤੇ ਹੁਣ ਮੈਂ ਵੀ ਇਸ ਔਖੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹਾਂ।
ਸ੍ਰੀ ਸਹੋਤਾ ਨੇ ਹੁਣ ਆਪਣੀ ਟੇਕ ਉਸ ਫੇਸਬੁੱਕ ਫੰਡਰੇਜ਼ਰ ਉੱਤੇ ਰੱਖੀ ਹੈ ਜੋ ਉਨ੍ਹਾਂ ਦੇ ਦੋਸਤ ਗੁਰਿੰਦਰ ਸਿੰਘ ਮੱਲ੍ਹੀ ਦੁਆਰਾ ਸ਼ੁਰੂ ਕੀਤਾ ਗਿਆ ਸੀ।
“ਇਹ ਪਤੀ-ਪਤਨੀ ਬਹੁਤ ਮੁਸ਼ਕਿਲ ਹਾਲਾਤਾਂ ਵਿੱਚੋਂ ਲੰਘ ਰਹੇ ਹਨ। ਅਸੀਂ ਉਨ੍ਹਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਅਸੀਂ ਫੇਸਬੁੱਕ ਫੰਡਰੇਜ਼ਰ ਰਾਹੀਂ 3 ਲੱਖ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ ਜਿਸ ਵਿੱਚੋਂ 1 ਲੱਖ 10 ਹਜ਼ਾਰ ਡਾਲਰ [1 ਨਵੰਬਰ ਤੱਕ] ਇਕੱਠੇ ਹੋ ਚੁਕੇ ਹਨ।"
ਸ੍ਰੀ ਸਹੋਤਾ ਅਤੇ ਸ੍ਰੀ ਮੱਲ੍ਹੀ ਨੇ ਵਿੱਤੀ ਸਹਿਯੋਗ ਦੇਣ ਵਾਲ਼ਿਆਂ ਨੂੰ 'ਤਹਿ ਦਿਲੋਂ ਧੰਨਵਾਦ' ਕੀਤਾ ਹੈ।
![The community has donated over $76,000 [as of 27th October] for Mr Sahota's treatment.](https://images.sbs.com.au/drupal/yourlanguage/public/funds_1.jpg?imwidth=1280)
The community has donated over $76,000 [as of 27th October] for Mr Sahota's treatment. Source: Facebook screenshot
ਉਨ੍ਹਾਂ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।