ਐਸ ਬੀ ਐਸ ਪੰਜਾਬੀ ਨੇ ਭਾਈਚਾਰੇ ਦੇ ਕਈ ਲੋਕਾਂ ਨਾਲ ਸੰਪਰਕ ਕਰਦੇ ਹੋਏ ਕੋਵਿਡ-19 ਟੀਕੇ ਬਾਰੇ ਉਹਨਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਹੈ - ਖਾਸਕਰ ਇਸ ਬਾਰੇ ਕਿ ਉਹਨਾਂ ਨੂੰ ਇਸ ਟੀਕੇ ਬਾਰੇ ਕਿੰਨੀ ਕੁ ਜਾਣਕਾਰੀ ਹੈ ਅਤੇ ਉਹ ਸਰਕਾਰ ਕੋਲੋਂ ਹੋਰ ਕੀ ਆਸ ਰੱਖਦੇ ਹਨ?
ਇਸ ਲੜੀ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਿਡਨੀ ਟਰੇਨਸ ਵਿੱਚ ਕੰਮ ਕਰ ਰਹੇ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਸ਼੍ਰੀ ਸਿੰਘ ਨੇ ਕਿਹਾ, “ਮੈਨੂੰ ਇਸ ਟੀਕੇ ਬਾਰੇ ਜਿਆਦਾ ਜਾਣਕਾਰੀ ਘਰ ਤੋਂ ਹੀ ਮਿਲੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਕੋਵਿਡ-19 ਦੇ ਟੀਕਿਆਂ ਨੂੰ ਥੀਰੋਪੈਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਵਲੋਂ ਪਾਸ ਕਰ ਦਿੱਤਾ ਗਿਆ ਹੈ”।
“ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਤੋਂ ਬਾਅਦ ਮੈਂ ਇਹ ਟੀਕਾ ਲਗਵਾਉਣ ਲਈ ਤਿਆਰ ਹਾਂ। ਪਰ ਨਾਲ ਹੀ ਇਸ ਟੀਕੇ ਤੋਂ ਹੋਣ ਵਾਲੇ ਕਿਸੇ ਵੀ ਸਾਈਡ-ਇਫੈਕਟਸ ਬਾਰੇ ਵੀ ਮੈਂ ਜਾਨਣਾ ਚਾਹਾਂਗਾ”।
ਸ਼੍ਰੀ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਿਸਟਮ ਉੱਤੇ ਪੂਰਾ ਭਰੋਸਾ ਹੈ ਕਿ ਸਰਕਾਰ ਇਸ ਵੈਕਸੀਨ ਨੂੰ ਭਾਈਚਾਰੇ ਨੂੰ ਲਗਾਉਣ ਸਮੇਂ ਹਰ ਸਾਵਧਾਨੀ ਵਰਤੇਗੀ।
ਇਸ ਤੋਂ ਬਾਅਦ ਐਸ ਬੀ ਐਸ ਪੰਜਾਬੀ ਵਲੋਂ ਹਰਪ੍ਰਕਾਸ਼ ਕੌਰ ਨਾਲ ਗੱਲ ਕੀਤੀ ਗਈ ਜੋ ਕਿ ਬੱਚਿਆਂ ਨੂੰ ਮੁੱਢਲੀ ਸਿਖਿਆ ਪ੍ਰਦਾਨ ਕਰਨ ਵਾਲੇ ਕਿੱਤੇ ਨਾਲ ਜੁੜੇ ਹੋਏ ਹਨ।
ਉਨ੍ਹਾਂ ਕਿਹਾ, “ਮੈ ਇਸ ਟੀਕੇ ਦਾ ਸਵਾਗਤ ਕਰਦੀ ਹਾਂ। ਮੈਨੂੰ ਅੰਗ੍ਰੇਜ਼ੀ ਚੰਗੀ ਤਰਾਂ ਨਾਲ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਹੋਰਨਾ ਲੋਕਾਂ ਦੀ ਜਰੂਰਤ ਵਾਸਤੇ ਮੈਂ ਇਹ ਚਾਹੁੰਦੀ ਹਾਂ ਕਿ ਇਸ ਟੀਕੇ ਦੀ ਸਾਰੀ ਜਾਣਕਾਰੀ ਮਾਂ-ਬੋਲੀ ਪੰਜਾਬੀ ਵਿੱਚ ਵੀ ਉਪਲੱਬਧ ਹੋਵੇ”।

The Morrison government has allocated 1.3 million dollars to translate and make accessible information in 60 languages. Source: SBS
ਇਸ ਤੋਂ ਬਾਅਦ ਐਸ ਬੀ ਐਸ ਪੰਜਾਬੀ ਨੇ ਨੌਜਵਾਨਾਂ ਦੇ ਵਿਚਾਰ ਜਾਨਣ ਲਈ ਸਿਡਨੀ ਦੇ ਮਨਰੂਪ ਸਿੰਘ ਨਾਲ ਵੀ ਗੱਲ ਕੀਤੀ ਜੋ ਕਿ ਵਿੱਤੀ ਮਾਹਰ ਹਨ ਅਤੇ ਇਸ ਸਮੇਂ ਜਿਆਦਾਤਰ ਘਰ ਤੋਂ ਹੀ ਕੰਮ ਕਰ ਰਹੇ ਹਨ।
ਮਨਰੂਪ ਸਿੰਘ ਨੇ ਕਿਹਾ, “ਅਸੀਂ ਅਕਸਰ ਵਿਚਾਰ ਕਰਦੇ ਹੋਏ ਦੋਹਾਂ ਪੱਖਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਲੋੜ ਮਹਿਸੂਸ ਕਰਦੇ ਹਾਂ। ਇਸ ਟੀਕੇ ਦੇ ਲਾਭ ਅਤੇ ਹੋਣ ਵਾਲੇ ਕਿਸੇ ਵੀ ਸਾਈਡ-ਇਫੈਕਟਸ ਬਾਰੇ ਵੀ ਹੋਰ ਜਾਨਣ ਦੀ ਲੋੜ ਹੈ”।
“ਮੇਰੇ ਵਿਚਾਰ ਨਾਲ ਜੇ ਭਾਈਚਾਰਾ ਇਸ ਟੀਕੇ ਨੂੰ ਵਿਆਪਕ ਪੱਧਰ ਉੱਤੇ ਲਗਵਾਉਂਦਾ ਹੈ ਤਾਂ ਇਹ ਮਹਾਂਮਾਰੀ ਜਲਦ ਖਤਮ ਹੋ ਸਕੇਗੀ”।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਮੰਨਿਆ ਕਿ ਭਾਈਚਾਰੇ ਵਿੱਚ ਫੈਲ ਰਿਹਾ ਫਿਕਰ ਵੀ ਕਿਸੇ ਹੱਦ ਤੱਕ ਠੀਕ ਹੈ ਕਿਉਂਕਿ ਲੋੜੀਂਦੀ ਪੂਰੀ ਜਾਣਕਾਰੀ ਅਜੇ ਤੱਕ ਉਪਲੱਬਧ ਨਹੀਂ ਹੋ ਸਕੀ ਹੈ।
ਸ਼੍ਰੀ ਸਿੰਘ ਨੇ ਵੀ ਮੰਗ ਕੀਤੀ ਕਿ ਸਰਕਾਰ ਨੂੰ ਜਲਦ ਹੀ ਵਿਆਪਕ ਜਾਣਕਾਰੀ ਲੋਕਾਂ ਦੀ ਆਪਣੀ ਭਾਸ਼ਾ ਵਿੱਚ ਉਪਲੱਬਧ ਕਰਵਾਉਣੀ ਚਾਹੀਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।