ਵਿਕਟੋਰੀਆ ਦੇ ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਕਿਹਾ ਹੈ ਕਿ ਇਸ ਸਾਲ ਦੀ ਕਰਿਸਮਿਸ ਪਹਿਲਾਂ ਨਾਲੋਂ ਵੱਖਰੀ ਹੋਵੇਗੀ। ਰਾਜ ਵਿੱਚ ਲਗਾਤਾਰ 23ਵੇਂ ਦਿਨ ਵੀ ਕਰੋਨਾਵਾਇਰਸ ਦਾ ਕੇਸ ਨਾ ਹੋਣ ਕਰਕੇ, ਸੋਮਵਾਰ 23 ਨਵੰਬਰ ਤੋਂ ਘਰਾਂ ਵਿੱਚ ਦੋ ਮਹਿਮਾਨਾਂ ‘ਤੇ ਲੱਗੀ ਬੰਦਸ਼ ਨੂੰ ਨਰਮ ਕਰਦੇ ਹੋਏ 15 ਮਹਿਮਾਨਾਂ ਤੱਕ ਵਧਾਇਆ ਜਾ ਰਿਹਾ ਹੈ। ਅਤੇ 13 ਦਸੰਬਰ ਤੋਂ ਇਸ ਨੂੰ ਹਰ ਨਰਮ ਕਰਦੇ ਹੋਏ 30 ਤੱਕ ਵੀ ਕੀਤਾ ਜਾ ਸਕਦਾ ਹੈ।
ਇਸ ਹਫਤੇ ਤੋਂ ਬਾਹਰੀ ਸਮਾਗਮਾਂ ਉੱਤੇ 50 ਲੋਕ ਇਕੱਠੇ ਹੋ ਸਕਣਗੇ।
ਫੇਸਮਾਸਕ ਵਾਲੀ ਲਾਜ਼ਮੀ ਸ਼ਰਤ ਨੂੰ ਵੀ ਨਰਮ ਕੀਤਾ ਜਾ ਰਿਹਾ ਹੈ।
ਅੰਦਰੂਨੀ ਥਾਵਾਂ ਅਤੇ ਭਾਰੀ ਇਕੱਠਾਂ ਵਾਲੀਆਂ ਬਾਹਰੀ ਥਾਵਾਂ ਉੱਤੇ ਚਿਹਰੇ ਨੂੰ ਅਜੇ ਵੀ ਢੱਕਣਾ ਹੋਵੇਗਾ।
30 ਨਵੰਬਰ ਤੋਂ ਇੱਕ ਚੌਥਾਈ ਕਰਮਚਾਰੀ ਆਪਣੀਆਂ ਕੰਮ ਵਾਲੀਆਂ ਥਾਵਾਂ ਉੱਤੇ ਪਰਤ ਸਕਣਗੇ, ਜਦਕਿ ਬਾਕੀ ਘਰਾਂ ਤੋਂ ਹੀ ਕੰਮ ਕਰਦੇ ਰਹਿਣਗੇ। ਮੈਲਬਰਨ ਦੀ ਲਾਰਡ ਮੇਅਰ ਸੈਲੀ ਕੈਪ ਨੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਸੀਬੀਡੀ ਵਿੱਚ ਰੌਣਕ ਮੁੜ ਤੋਂ ਪਰਤ ਸਕੇਗੀ।
ਸ਼੍ਰੀ ਐਂਡਰਿਊਜ਼ ਨੇ ਕਿਹਾ ਹੈ ਕਿ ਕੋਵਿਡ-19 ਦੀਆਂ ਬੰਦਸ਼ਾਂ ਵਿੱਚ ਹੋਰ ਨਰਮੀਆਂ 6 ਦਸੰਬਰ ਤੋਂ ਐਲਾਨੀਆਂ ਜਾਣਗੀਆਂ। ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚਲੀ ਸਰਹੱਦ ਵੀ 22 ਨਵੰਬਰ ਅੱਧੀ ਰਾਤ ਤੋਂ ਖੋਲੀ ਜਾ ਰਹੀ ਹੈ। ਪ੍ਰੀਮੀਅਰ ਗਲੇਡੀਜ਼ ਬਰਜੇਕਲਿਅਨ ਨੇ ਕਿਹਾ ਹੈ ਕਿ ਸਰਹੱਦਾਂ ਬੰਦ ਹੋਣ ਨਾਲ ਬਹੁਤ ਵੱਡਾ ਵਿੱਤੀ ਘਾਟਾ ਪਿਆ ਹੈ।
ਉਹਨਾਂ ਨੇ ਕੂਈਨਜ਼ਲੈਂਡ ਸੂਬੇ ਵਲੋਂ ਵੀ ਰਾਜ ਨਾਲ ਲੱਗਦੀ ਸਰਹੱਦ ਖੋਲੇ ਜਾਣ ਦੀ ਆਸ ਕੀਤੀ ਹੈ।
ਨਿਊ ਸਾਊਥ ਵੇਲਜ਼ ਵਿੱਚ ਲਗਾਤਾਰ 15ਵੇਂ ਦਿਨ ਵੀ ਕੋਈ ਨਵਾਂ ਕੇਸ ਜਾਂ ਮੌਤ ਦਰਜ ਨਹੀਂ ਕੀਤੀ ਗਈ। ਵਿਦੇਸ਼ਾਂ ਤੋਂ ਪਰਤਣ ਵਾਲੇ ਅਤੇ ਹੋਟਲਾਂ ਵਿੱਚ ਕੂਆਰਨਟੀਨ ਕੀਤੇ 11 ਲੋਕਾਂ ਵਿੱਚ ਇਹ ਲਾਗ ਜਰੂਰ ਪਾਈ ਗਈ ਹੈ।
ਇਸ ਦੇ ਨਾਲ ਹੀ ਪ੍ਰੀਮੀਅਰ ਨੇ ਮੰਗ ਕੀਤੀ ਹੈ ਕਿ ਵਿਦੇਸ਼ਾਂ ਤੋਂ ਪਰਤਣ ਵਾਲੇ ਹੋਰ ਆਸਟ੍ਰੇਲੀਅਨ ਲੋਕਾਂ ਲਈ ਦੇਸ਼ ਭਰ ਵਿੱਚ ਕੂਆਰਨਟੀਨ ਸੈਂਟਰ ਸਥਾਪਤ ਕੀਤੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਨਿਊ ਸਾਊਥ ਵੇਲਜ਼ ਸੂਬੇ ਵਿੱਚ ਹਰ ਹਫਤੇ 1000 ਹੋਰ ਲੋਕਾਂ ਨੂੰ ਬੁਲਾਇਆ ਜਾ ਸਕੇਗਾ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੁਸ਼ਲ ਕਾਮਿਆਂ ਲਈ ਵੀ ਕੂਆਰਟਨਟੀਨ ਦੇ ਦਰਵਾਜ਼ੇ ਜਨਵਰੀ 2021 ਤੋਂ ਖੋਹਲੇ ਜਾ ਸਕਣਗੇ।
ਰਾਜ ਦੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੀ ਤਰਾਂ ਨਿਊ ਸਾਊਥ ਵੇਲਜ਼ ਨੂੰ ਵੀ ਵਿਦੇਸ਼ਾਂ ਵਿੱਚ ਫਸੇ ਆਸਟ੍ਰੇਲੀਅਨ ਲੋਕਾਂ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਫੈਡਰਲ ਵਿੱਤ ਅਤੇ ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਸਕਾਈ ਨਿਊਜ਼ ਨੂੰ ਕਿਹਾ ਸੀ ਕਿ ਬੇਸ਼ਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁੜ ਪਰਤਣ ਨਾਲ ਵਿੱਤੀ ਹਾਲਤ ਸੁਧਰੇਗੀ, ਪਰ ਅਜਿਹਾ ਕੁੱਝ ਹੋਰ ਸਮੇਂ ਲਈ ਟਾਲਿਆ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਵਿਦੇਸ਼ੀ ਯਾਤਰਾਵਾਂ ਸਾਲ 2021 ਦੇ ਪਹਿਲੇ ਅੱਧ ਵਿੱਚ ਸ਼ੁਰੂ ਹੋ ਸਕਣਗੀਆਂ ਜਾ ਨਹੀਂ, ਇਹ ਕੋਵਿਡ-19 ਦੀ ਵੈਕਸੀਨ ਦੀ ਉਪਲੱਬਧਤਾ ਦੇ ਉੱੇਤੇ ਨਿਰਭਰ ਕਰੇਗਾ।
ਨੱਕ ਵਿੱਚ ਪਾਈਆਂ ਜਾਣ ਵਾਲੀਆਂ ‘ਈਨਾ-51’ ਨਾਮੀ ਬੂੰਦਾਂ ਦੀ ਟੈਸਟਿੰਗ ਅਤੇ ਦੇਸ਼ ਵਿੱਚ ਹੀ ਇਸ ਨੂੰ ਬਣਾਏ ਜਾਣ ਬਾਰੇ ਵੀ ਗੌਰ ਕੀਤਾ ਜਾ ਰਿਹਾ ਹੈ। ਆਸ ਹੈ ਕਿ ਇਹ ਬੂੰਦਾਂ ਆਮ ਲਾਗਾਂ ਅਤੇ ਕੋਵਿਡ-19 ਦੀ ਰੋਕਥਾਮ ਲਈ ਕਾਰਗਰ ਸਿੱਧ ਹੋ ਸਕਦੀਆਂ ਹਨ।
ਦੱਖਣੀ ਆਸਟ੍ਰੇਲੀਆ ਦੇ ਲੋਕ ਹਾਲ ਵਿੱਚ ਹੀ ਲਾਈਆਂ ਗਈਆਂ ਸਖਤ ਬੰਦਸ਼ਾਂ ਤੋਂ ਬਾਹਰ ਕੀਤੇ ਗਏ ਹਨ। ਪਰ ਅਜੇ ਵੀ 8 ਹੋਰ ਦਿਨਾਂ ਦੀਆਂ ਸਾਵਧਾਨੀਆਂ ਅਧੀਨ ਹੀ ਰਹਿਣਾ ਹੋਵੇਗਾ ਜਿਹਨਾਂ ਵਿੱਚ ਘਰੋਂ ਬਾਹਰ ਜਾਣ ਸਮੇਂ ਮਾਸਕ ਪਾਏ ਜਾਣਾ ਵੀ ਸ਼ਾਮਲ ਹੈ।
ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਹੈ ਕਿ ਉਹਨਾਂ ਦੇ ਰਾਜ ਨੇ ਕਰੋਨਾਵਾਇਰਸ ਦੇ ਭਿਆਨਕ ਫੈਲਾਅ ਉੱਤੇ ਕਾਬੂ ਪਾ ਲਿਆ ਹੈ।
ਦੱਖਣੀ ਆਸਟ੍ਰੇਲੀਆ ਵਿੱਚ ਐਤਵਾਰ ਨੂੰ ਸਿਰਫ ਇੱਕ ਕੋਵਿਡ-19 ਕੇਸ ਦਰਜ ਕੀਤਾ ਗਿਆ ਜੋ ਕਿ ਹੋਟਲ ਕੂਆਰਨਟੀਨ ਵਿੱਚ ਸੀ। ਰਾਜ ਦੇ ਵਿਰੋਧੀ ਧਿਰ ਦੇ ਨੇਤਾ ਪੀਟਰ ਮਾਹਲੀਨੂਜ਼ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਧੁਰ ਵਿਚਕਾਰ ਬਣੇ ਕੂਆਰਨਟੀਨ ਸੈਂਟਰ ਨੂੰ ਰਾਜ ਦੇ ਖੇਤਰੀ ਇਲਾਕੇ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਵੀ ਵਿਦੇਸ਼ੀ ਯਾਤਰੀਆਂ ਨੂੰ ਕਰਿਸਮਿਸ ਆਈਲੈਂਡ ਵਿੱਚ ਕੂਆਰਨਟੀਨ ਕੀਤਾ ਜਾ ਚੁੱਕਿਆ ਹੈ। ਐਡੀਲੇਡ ਦੇ ਸ਼ਹਿਰ ਪੈਰਾਫੀਲ਼ਡ ਵਾਲੇ ਸਮੂਹ ਵਿੱਚ ਕੋਈ ਹੋਰ ਵਾਧਾ ਨਹੀਂ ਹੋਇਆ ਹੈ ਅਤੇ ਇਹ 26 ਕੇਸਾਂ ਤੇ ਹੀ ਸੀਮਤ ਕੀਤਾ ਹੋਇਆ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






