ਸਾਊਥ ਆਸਟ੍ਰੇਲੀਆ ਵਿੱਚ ਕੋਵਿਡ-19 ਕਾਰਨ ਹੰਗਾਮੀ ਹਾਲਤ ਪੈਦਾ ਹੋ ਗਏ ਹਨ। ਕੂਆਰਨਟੀਨ ਹੋਟਲ ਵਿੱਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਦੇ ਪਰਿਵਾਰਕ ਮੈਂਬਰ, ਇਸ ਲਾਗ ਤੋਂ ਪੀੜਤ ਪਾਏ ਗਏ ਹਨ। ਮੁੱਖ ਸਿਹਤ ਅਧਿਕਾਰੀ ਨਿਕੋਲਾ ਸਪੱਰਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਲੱਗ ਥਲੱਗ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਅਤੇ ਇਹਨਾਂ ਵਿੱਚ ਲਿਅਲ ਮੈਕਵਿਨ ਹਸਪਤਾਲ ਦੇ ਕਈ ਮਰੀਜ਼ ਅਤੇ ਸਟਾਫ ਵੀ ਸ਼ਾਮਲ ਹਨ ਕਿਉਂਕਿ ਉੱਥੇ ਭਰਤੀ ਹੋਈ ਇੱਕ 80 ਸਾਲਾ ਔਰਤ ਵਿੱਚ ਸ਼ਨੀਵਰ 14 ਨਵੰਬਰ ਵਾਲੇ ਦਿਨ ਕਰੋਨਾਵਾਇਰਸ ਪਾਇਆ ਗਿਆ ਸੀ।
ਇਸ ਔਰਤ ਦੇ ਦੋ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਵੀ ਇਹ ਲਾਗ ਪਾਈ ਗਈ ਹੈ। ਇਹਨਾਂ ਵਿੱਚ ਇੱਕ 50 ਸਾਲਾਂ ਦੀ ਔਰਤ ਅਤੇ ਇੱਕ 60 ਸਾਲਾਂ ਦਾ ਮਰਦ ਵੀ ਸ਼ਾਮਲ ਹੈ ਜੋ ਕਿ ਐਡੀਲੇਡ ਦੇ ਐਨ ਧੁਰ ਵਿਚਕਾਰ ਬਣੇ ਹੋਏ ਇੱਕ ਕੂਆਰਨਟੀਨ ਹੋਟਲ ਵਿੱਚ ਕੰਮ ਕਰਦਾ ਹੈ।
ਐਡੀਲੇਡ ਦੀ ਯਟਾਲਾ ਲੇਬਰ ਪਰਿਸਨ ਦੇ ਇੱਕ ਸਟਾਫ ਮੈਂਬਰ ਵਿੱਚ ਵੀ ਕਰੋਨਾਵਾਇਰਸ ਪਾਏ ਜਾਣ ਤੋਂ ਬਾਅਦ ਸਾਊਥ ਆਸਟ੍ਰੇਲੀਆ ਕੋਰੈਕਸ਼ਨਲ ਸਰਵਿਸਿਸ ਵਲੋਂ ਇੱਕ ਰੈਪਿਡ ਰਿਸਪੋਂਸ ਯੂਨਿਟ ਕਾਇਮ ਕਰਦੇ ਹੋਏ ਕੌਂਟੈਕਟ ਟਰੇਸਿੰਗ ਸ਼ੁਰੂ ਕਰ ਦਿੱਤੀ ਹੈ।
ਵਿਕਟੋਰੀਆ ਵਿੱਚ ਵੀ ਕਰੋਨਾਵਾਇਰਸ ਦੂਜੀ ਵਾਰ ਹੋਟਲਾਂ ਤੋਂ ਹੀ ਸ਼ੁਰੂ ਹੋਇਆ ਸੀ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ, ਕਈ ਵਪਾਰਾਂ ਨੂੰ ਬੰਦ ਹੋਣਾ ਪਿਆ ਸੀ, ਅਤੇ ਆਮ ਲੋਕਾਂ ਨੂੰ ਕਰਫਿਊ ਵਰਗੇ ਔਖੇ ਹਾਲਾਤਾਂ ਵਿੱਚ ਰਹਿਣਾ ਪਿਆ ਸੀ।
ਪ੍ਰੋ ਸਪੱਰਰ ਦਾ ਕਹਿਣਾ ਹੈ ਕਿ ਕਈ ਹੋਰ ਨਵੇਂ ਕੇਸ ਵੀ ਸਾਹਮਣੇ ਆ ਸਕਦੇ ਹਨ।
ਦੱਖਣੀ ਆਸਟ੍ਰੇਲੀਆ ਵਿੱਚ ਫੈਲੇ ਇਸ ਪ੍ਰਕੋਪ ਨਾਲ ਰਾਜ ਵਿੱਚ ਕਾਂਟੈਕਟ ਟਰੇਸਿੰਗ ਪੂਰੇ ਜ਼ੋਰ ਨਾਲ ਅਜ਼ਮਾਈ ਜਾਵੇਗੀ। ਆਸਟ੍ਰੇਲੀਆ ਦੇ ਚੀਫ ਸਾਇੰਟਿਸਟ ਡਾਕਟਰ ਐਲਨ ਫਿਨਕਲ ਨੇ ਅਜੇ ਪਿਛਲੇ ਮਹੀਨੇ ਹੀ ਸੈਨੇਟ ਵਿੱਚ ਕਿਹਾ ਸੀ ਕਿ ਕਾਂਟੈਕਟ ਟਰੇਸਿੰਗ ਦਾ ਦੇਸ਼ ਵਿਆਪੀ ਮੁਲਾਂਕਣ ਕੀਤਾ ਗਿਆ ਹੈ ਅਤੇ ਇਹ ਰਾਜਾਂ ਵਿੱਚ ਮਹਾਂਮਾਰੀ ਦੇ ਫੈਲਾਅ ਨਾਲ ਨਜਿੱਠਣ ਲਈ ਇਕਦਮ ਕਾਰਗਰ ਹੈ।
ਦੱਖਣੀ ਆਸਟ੍ਰੇਲੀਆ ਵਿੱਚ ਮਹਾਂਮਾਰੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਵਿਕਟੋਰੀਆ ਵਿੱਚ ਅੱਜ 17ਵੇਂ ਦਿਨ ਵੀ ਕੋਈ ਨਵਾਂ ਸਥਾਨਕ ਕੇਸ ਜਾਂ ਮੌਤ ਦਰਜ ਨਹੀਂ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਨੇ ਵੀ ਸਥਾਨਕ ਕੇਸਾਂ ਉੱਤੇ ਕਾਬੂ ਪਾਇਆ ਹੋਇਆ ਹੈ, ਜਦਕਿ ਹੋਟਲ ਕੂਆਰਨਟੀਨ ਵਿੱਚ ਕੁੱਝ ਕੇਸ ਜਰੂਰ ਸਾਹਮਣੇ ਆਏ ਹਨ।
ਇਸ ਨਵੇਂ ਫੈਲਾਅ ਦੇ ਮੱਦੇਨਜ਼ਰ ਪੱਛਮੀ ਆਸਟ੍ਰੇਲੀਆ ਨੇ ਦੱਖਣੀ ਆਸਟ੍ਰੇਲੀਆ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨਾਂ ਦੀ ਲਾਜ਼ਮੀ ਕੂਆਰਨਟੀਨ ਦਾ ਐਲਾਨ ਕਰ ਦਿੱਤਾ ਹੈ।
ਅਜੇ ਕੁੱਝ ਸਮਾਂ ਪਹਿਲਾਂ ਹੀ ਪੱਛਮੀ ਆਸਟ੍ਰੇਲੀਆ ਨੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬਿਆਂ ਤੋਂ ਅਲਾਵਾ ਬਾਕੀ ਦੇ ਰਾਜਾਂ ਵਿੱਚਲੀਆਂ ਯਾਤਰਾ ਪਾਬੰਦੀਆਂ ਨੂੰ ਨਰਮ ਕਰਦੇ ਹੋਏ ਕੂਆਰਨਟੀਨ ਮੁਕਤ ਕੀਤਾ ਸੀ।
ਪ੍ਰੀਮੀਅਰ ਮਾਰਕ ਮੈਕ-ਗੋਵਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਾਇਰਸ ਦੇ ਫੈਲਣ ਦੀ ਬਹੁਤ ਚਿੰਤਾ ਹੈ।
ਕਰੋਨਾਵਾਇਰਸ ਬਾਰੇ ਆਪਣੀ ਭਾਸ਼ਾ ਵਿੱਚ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਰਿਸ ਤੇ ਜਾਉ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






