ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪਹਿਲਾਂ ਮਿੱਥੇ ਹੋਏ ਉਸ ਟੀਚੇ ਨੂੰ ਰੱਦ ਕਰ ਦਿੱਤਾ ਹੈ ਜਿਸ ਅਨੁਸਾਰ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡ-19 ਦਾ ਪਹਿਲਾ ਟੀਕਾ ਅਕਤੂਬਰ ਮਹੀਨੇ ਤੱਕ ਲਗਾਉਣਾ ਮਿੱਥਿਆ ਹੋਇਆ ਸੀ।
ਅਜਿਹਾ ਸਿਹਤ ਵਿਭਾਗ ਵਲੋਂ ਮਿਲਣ ਵਾਲੀ ਉਸ ਸਲਾਹ ਤੋਂ ਬਾਅਦ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਐਸਟਰਾ-ਜ਼ੈਨਿਕਾ ਟੀਕਾ 50 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਕਈ ਕੇਸਾਂ ਵਿੱਚ ਖੂਨ ਜੰਮਣ ਵਰਗੇ ਹਾਲਾਤ ਪੈਦਾ ਹੋਏ ਸਨ।
ਪਰ ਲੇਬਰ ਪਾਰਟੀ ਦੇ ਸਿਹਤ ਮਾਮਲਿਆਂ ਦੇ ਵਕਤਾ ਮਾਰਕ ਬਟਲਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਸਿਰਫ ਅਜਿਹਾ ਕਿਹਾ ਜਾਣਾ ਹੀ ਕਾਫੀ ਨਹੀਂ ਹੈ।
ਸ਼੍ਰੀ ਬਟਲਰ ਨੇ ਆਸਟ੍ਰੇਲੀਆ ਦੇ ਟੀਕਾਕਰਣ ਦੀ ਤੁਲਨਾ ਸੰਸਾਰ ਦੇ ਬਾਕੀ ਦੇਸ਼ਾਂ ਨਾਲ ਕੀਤੀ ਹੈ।
ਇਕੱਲੇ ਯੂ ਕੇ ਵਿੱਚ ਹੀ 60% ਤੋਂ ਜਿਆਦਾ ਬਾਲਗਾਂ ਨੂੰ ਕਰੋਨਾਵਾਇਰਸ ਦੀ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਹੁਣ ਬਹੁਤ ਜਲਦ ਉਹਨਾਂ ਨੂੰ ਦੂਜਾ ਟੀਕਾ ਵੀ ਲਗਾ ਦਿੱਤਾ ਜਾਵੇਗਾ।
ਯੂ ਕੇ ਨੇ ਹੁਣ ਤੱਕ ਕੋਵਿਡ-19 ਦੇ 39 ਮਿਲੀਅਨ ਟੀਕੇ ਲਗਾ ਦਿੱਤੇ ਹਨ, ਜਦਕਿ ਆਸਟ੍ਰੇਲੀਆ ਨੇ ਅਜੇ ਸਿਰਫ 1 ਮਿਲੀਅਨ ਦੇ ਕਰੀਬ ਹੀ ਇਹ ਟੀਕੇ ਲਗਾਏ ਹਨ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਸਲਾਹਕਾਰ ਮੈਰੀ-ਲੂਈਜ਼ ਮੈਕਲਾਅਸ ਦਾ ਕਹਿਣਾ ਹੈ ਕਿ ਅਗਰ ਟੀਕਾ ਕਰਣ ਦੀ ਰਫਤਾਰ 1 ਲੱਕ ਤੋਂ 1 ਲੱਖ 20 ਹਜ਼ਾਰ ਰੋਜ਼ਾਨਾ ਨਹੀਂ ਕੀਤੀ ਜਾਂਦੀ ਤਾਂ ਪੂਰੇ ਆਸਟ੍ਰੇਲੀਆ ਦੇ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਦੋ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਸ਼੍ਰੀ ਬਟਲਰ ਨੇ ਕਿਹਾ ਹੈ ਕਿ ਇਸ ਲੰਬੇ ਸਮੇਂ ਦੌਰਾਨ ਆਸਟ੍ਰੇਲੀਆ ਦੀ ਅਰਥਵਿਵਸਥਾ ਬੁਰੀ ਤਰਾਂ ਪ੍ਰਭਾਵਤ ਹੋਵੇਗੀ।
ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਹਾਂ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾ-ਜ਼ੈਨਿਕਾ ਟੀਕਾ ਲਗਾਉਣ ਤੋਂ ਪਹਿਲਾਂ ਕੁੱਝ ਹੋਰ ਕਾਰਵਾਈਆਂ ਕਰਨੀਆਂ ਜਰੂਰੀ ਹੋਣਗੀਆਂ।
ਕਾਰਜਕਾਰੀ ਪ੍ਰੀਮੀਅਰ ਜੇਮਸ ਮਾਰਲੀਨੋ ਨੇ ਕਿਹਾ ਹੈ ਕਿ ਨਵੀਂ ਜਾਣਕਾਰੀ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਤ ਕਰਨਾ ਹੋਵੇਗਾ ਅਤੇ ਟਰੇਨਿੰਗ ਦੇ ਨਾਲ ਨਾਲ ਇਨਡੈਮਨਿਟੀ ਵਰਗੇ ਮਸਲੇ ਵੀ ਵਿਚਾਰੇ ਜਾਣੇ ਜਰੂਰੀ ਹਨ।
ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ 11 ਅਪ੍ਰੈਲ ਨੂੰ ਕਿਹਾ ਸੀ ਕਿ ਫਾਈਜ਼ਰ ਵੈਕਸੀਨ ਪਹਿਲੀ ਤਰਜ਼ੀਹ ਹੋਵੇਗੀ ਪਰ ਐਸਟਰਾ ਜ਼ੈਨਿਕਾ ਵੀ ਸੁਰੱਖਿਅਤ ਹੈ ਅਤੇ ਇਹ ਉਪਲਬੱਧ ਵੀ ਹੈ।
ਸ੍ਰੀ ਹੰਟ ਨੇ ਕਿਹਾ ਸੀ ਕਿ ਪੰਜਾਹਾਂ ਤੋਂ ਘੱਟ ਦੀ ਉਮਰ ਦੇ ਉਹ ਲੋਕ ਜਿਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੈ, ਇਹ ਟੀਕਾ ਲਗਵਾੲਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਜਰੂਰ ਕਰਨ।
ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਨੇ ਕਿਹਾ ਹੈ ਕਿ ਡਾਕਟਰਾਂ ਨੂੰ ਲੋੜੀਂਦੀ ਟਰੇਨਿੰਗ ਦੇਣੀ ਬਹੁਤ ਜਰੂਰੀ ਹੈ। ਸ਼੍ਰੀ ਫੋਲੀ ਨੇ ਇਹ ਵੀ ਕਿਹਾ ਕਿ ਨਵੀਂ ਜਾਣਕਾਰੀ ਅਤੇ ਸਹਿਮਤੀ ਫਾਰਮਾਂ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਉਪਲੱਬਧ ਕਰਵਾਉਣ ਨਾਲ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਇਸ ਪ੍ਰਣਾਲੀ ਨਾਲ ਜੁੜ ਸਕਣਗੇ।
ਵਿਕਟੋਰੀਅਨ ਸਰਕਾਰ ਨੇ ਕਾਮਨਵੈਲਥ ਨੂੰ ਕਿਹਾ ਹੈ ਕਿ ਉਹ ਅਗਲੇ ਦੋ ਹਫਤਿਆਂ ਲਈ ਭੇਜੀ ਜਾਣ ਵਾਲੀ ਐਸਟਰਾ ਜ਼ੈਨਿਕਾ ਦੇ ਖੇਪ ਨੂੰ ਮੁੜ ਤੋਂ ਨਿਰਧਾਰਤ ਕਰੇ।
ਇਸ ਦੇ ਨਾਲ ਹੀ ਕੂਈਨਜ਼ਲੈਂਡ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਕਰੋਨਾਵਾਇਰਸ ਟੀਕਾਕਰਣ ਵਿੱਚ ਹੋਣ ਵਾਲੀ ਕਿਸੇ ਵੀ ਦੇਰੀ ਦਾ ਕਾਰਨ ਫੈਡਰਲ ਸਰਕਾਰ ਦੀ ਸਪਲਾਈ ਹੀ ਹੋਵੇਗਾ ਨਾ ਕਿ ਰਾਜ ਸਰਕਾਰ ਦੀ ਕੋਈ ਢਿੱਲ-ਮੱਠ।
ਕੂਈਨਜ਼ਲੈਂਡ ਦੇ ਸਿਹਤ ਮੰਤਰੀ ਯਿਵੈਟ ਡਾਰਥ ਨੇ ਕਿਹਾ ਹੈ ਕਿ ਰਾਜ ਵਿੱਚ ਪਹਿਲੀ ਤਰਜ਼ੀਹ ਵਾਲੇ ਲੋਕਾਂ ਨੂੰ ਟੀਕੇ ਦੀ ਪਹਿਲੀ ਖੇਪ ਦੌਰਾਨ 1 ਲੱਖ 25 ਹਜ਼ਾਰ ਟੀਕੇ ਲਗਾਏ ਜਾ ਚੁੱਕੇ ਹਨ।
ਰਾਜ ਹੁਣ ਦੂਜੀ ਤਰਜ਼ੀਹ ਵਾਲੇ ਇੱਕ ਮਿਲੀਅਨ ਵਸਨੀਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਵਿੱਚ ਹੈ।
ਇਸ ਦੌਰਾਨ ਫੈਡਰਲ ਸਰਕਾਰ ਨੇ ਫਾਈਜ਼ਰ ਟੀਕੇ ਦੇ ਆਪਣੇ ਪਹਿਲਾਂ ਨਿਰਧਾਰਤ ਆਰਡਰ ਨੂੰ ਦੁੱਗਣਾ ਕਰਦੇ ਹੋਏ 40 ਮਿਲੀਅਨ ਖੁਰਾਕਾਂ ਤੱਕ ਕਰ ਦਿੱਤਾ ਹੈ ਜੋ ਕਿ ਇਸ ਸਾਲ ਦੇ ਅੰਤ ਤੱਕ ਮਿਲਣ ਦੀ ਉਮੀਦ ਹੈ।
ਕੋਵਿਡ-19 ਮਹਾਂਮਾਰੀ ਅਤੇ ਇਸ ਵਾਸਤੇ ਮਿਲਣ ਵਾਲੀ ਮੱਦਦ ਬਾਰੇ ਜਾਣਕਾਰੀ ਆਪਣੀ ਭਾਸ਼ਾ ਵਿੱਚ ਲੈਣ ਲਈ ਐਸਬੀਐਡ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।