ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿੱਤ ਹੈਰੀਟੇਜ ਰਿਸੈਪਸ਼ਨ ਸੈਂਟਰ ਵਿੱਚ ਪਿਛਲੇ ਚਾਰ ਮਹੀਨੇ ਦੌਰਾਨ ਰੌਣਕ ਪਰਤ ਆਈ ਸੀ ਅਤੇ ਤਾਲਾਬੰਦੀ ਬਾਅਦ ਮਾਹੌਲ ਮੁੜ ਆਮ ਵਰਗਾ ਹੋ ਰਿਹਾ ਸੀ।
ਇਸ ਪਾਰਟੀ ਹਾਲ ਨੂੰ ਚਲਾਉਣ ਵਾਲ਼ੇ ਨਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਇਸ ਵਿੱਚ ਕੁਝ ਵਕਤ ਜ਼ਰੂਰ ਲੱਗਿਆ ਪਰ ਫਰਵਰੀ, ਮਾਰਚ, ਅਪਰੈਲ ਅਤੇ ਮਈ ਮਹੀਨੇ ਕਾਰੋਬਾਰ ਨੂੰ ਮੁੜ ਸਥਾਪਤ ਕਰਨ ਲਈ ਅਹਿਮ ਸਾਬਿਤ ਹੋਏ ਹਨ।
"ਹੁਣੇ ਲੱਗੇ ਲਾਕ ਡਾਊਨ ਤੋਂ ਪਹਿਲਾਂ ਸਾਨੂੰ ਕਾਮਿਆਂ ਦੀ ਘਾਟ ਸਤਾ ਰਹੀ ਸੀ। ਕੰਮ ਠੀਕ ਚੱਲ ਰਿਹਾ ਸੀ ਪਰ ਲੇਬਰ ਦੀ ਕਮੀ ਕਾਰਨ ਅਸੀਂ ਇਸਨੂੰ ਹੋਰ ਵਧਾਉਣ ਤੋਂ ਅਸਮਰਥ ਸੀ,” ਉਨ੍ਹਾਂ ਕਿਹਾ।
ਹਾਸਪਿਟੈਲਿਟੀ ਸੈਕਟਰ ਦੇ ਕੰਮ ਕਾਰੋਬਾਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੀ ਅਪੀਲ ਕਰਨ ਵਾਲੇ ਨਰਿੰਦਰ ਕੁਮਾਰ ਗਰਗ ਇਕੱਲੇ ਹੀ ਨਹੀਂ ਹਨ ਬਲਕਿ ਸਿਡਨੀ ਦੇ ਰੇਂਡਵਿਕ ਇਲਾਕੇ ਵਿਚਲੀ ਚਾਓ ਕੇਟਰਿੰਗ ਜੋ ਵੀਅਤਨਾਮੀ ਮੂਲ ਦੇ ਲੋਕਾਂ ਵੱਲੋਂ ਚਲਾਈ ਜਾ ਰਹੀ ਹੈ, ਵੀ ਇਸ ਵੇਲੇ ਦਬਾਅ ਵਿੱਚ ਹੈ।

Waiter at I Love Pho Vietnamese restaurant in Sydney's Crows Nest. Source: SBS
ਇਸ ਸਨਅਤ ਵਿਚਲੇ ਮਾਹਿਰਾਂ ਮੁਤਾਬਕ ਕਾਰੋਬਾਰ ਮਾਲਕਾਂ ਵੱਲੋ ਇਸ ਵੇਲੇ ਪੰਜਾਹ ਹਜ਼ਾਰ ਦੇ ਕਰੀਬ ਨੌਕਰੀਆਂ ਲਈ ਮਸ਼ਹੂਰੀਆਂ ਦਿੱਤੀਆਂ ਹੋਈਆਂ ਨੇ ਪਰ ਇਹ ਅੰਕੜਾ ਇਸ ਤੋਂ ਵੀ ਵੱਡਾ ਹੋਣ ਦਾ ਅੰਦੇਸ਼ਾ ਹੈ।
ਰੈਸਟੋਰੈਂਟ ਕੇਟਰਿੰਗ ਆਸਟ੍ਰੇਲੀਆ ਦੇ ਸੀਈਓ ਵੈਸ ਲੈਂਬਰਟ ਦਾ ਕਹਿਣਾ ਹੈ ਕਿ ਕਾਮਿਆਂ ਦੀ ਥੁੜ੍ਹ ਪਿਛਲਾ ਮੁੱਖ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਯੋਗ ਕਾਮਿਆਂ ਦਾ ਵਿਦੇਸ਼ ਤੋਂ ਨਾ ਆ ਸਕਣਾ ਹੈ।
ਸ੍ਰੀ ਲੈਂਬਰਟ ਨੇ ਦੱਸਿਆ ਕਿ ਉਨ੍ਹਾਂ ਦੇ ਅਦਾਰੇ ਦਾ ਮੰਨਣਾ ਹੈ ਕਿ ਇਸ ਵੇਲੇ ਇਸ ਸਨਅਤ ਵਿੱਚ 1 ਲੱਖ ਨੌਕਰੀਆਂ ਤਿਆਰ ਹਨ ਪਰ ਲੱਗੀਆਂ ਯਾਤਰਾ ਪਾਬੰਦੀਆਂ ਕਰਕੇ ਇਸ ਸੈਕਟਰ ਨੂੰ ਵੱਡਾ ਘਾਟਾ ਪਿਆ ਹੈ ਤੇ ਬਹੁਤ ਸਾਰੇ ਰੈਸਟੋਰੈਂਟ ਤੇ ਹੋਰ ਇਹੋ ਜਿਹੀਆਂ ਥਾਵਾਂ ਬੰਦ ਹੋਣ ਦੀ ਕਗਾਰ 'ਤੇ ਆ ਗਈਆਂ ਹਨ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ 'ਕੋਵਿਡ ਰਿਕਵਰੀ ਵਰਕ ਵੀਜ਼ੇ' ਤਹਿਤ ਜਲਦ ਨਵੇਂ ਪ੍ਰਬੰਧ ਲਿਆਂਦੇ ਜਾਣੇ ਚਾਹੀਦੇ ਨੇ ਅਤੇ ਕੋਵਿਡ-19 ਲਈ ਵੈਕਸੀਨੇਟਡ ਕਾਮਿਆਂ ਨੂੰ ਪਹਿਲ ਦੇ ਆਧਾਰ 'ਤੇ ਵਿਦੇਸ਼ ਤੋਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
"ਅਸੀਂ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੂੰ ਕੋਵਿਡ ਰਿਕਵਰੀ ਵਰਕ ਵੀਜ਼ਾ ਲਈ ਦਰਖਾਸਤ ਦਿੱਤੀ ਹੈ ਜਿਸ ਤਹਿਤ ਕੋਵਿਡ-ਟੀਕੇ ਲਗਵਾ ਚੁੱਕੇ ਕੁਸ਼ਲ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਦੇਣ ਦੀ ਮੰਗ ਕੀਤੀ ਗਈ ਹੈ,” ਸ੍ਰੀ ਲੈਂਬਰਟ ਨੇ ਕਿਹਾ।
ਇਸ ਸਬੰਧੀ ਵਿਸਥਾਰਤ ਰਿਪੋਰਟ ਸੁਨਣ ਲਈ ਇਸ ਆਡੀਓ ਬਟਨ ਉੱਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ: