Key Points
- ਬਾਕੀ ਵਿਦਿਆਰਥੀਆ ਦੇ ਮੁਕਾਬਲੇ ਅਜੇਸ਼ਵਰ ਨੇ ਦੇਰ ਨਾਲ, ਸਿਰਫ 10ਵੀਂ ਵਿੱਚ ਹੀ ਪੰਜਾਬੀ ਦੀਆਂ ਜਮਾਤਾਂ ਲਾਈਆਂ।
- ਅਜੇਸ਼ਵਰ ਦੀ ਮਾਤਾ ਜੋ ਕਿ ਪੇਸ਼ੇ ਤੋਂ ਇੱਕ ਡਾਕਟਰ ਹਨ, ਨੇ ਅਜੇਸ਼ਵਰ ਨੂੰ ਪੰਜਾਬੀ ਵਿੱਚ ਸਿੱਖਣ ਲਈ ਉਤਸ਼ਾਹ ਅਤੇ ਸਹਿਯੋਗ ਪ੍ਰਦਾਨ ਕੀਤਾ।
- ਚੰਡੀਗੜ ਜਨਮਿਆ ਅਜੇਸ਼ਵਰ ਛੋਟੀ ਉਮਰ ਵਿੱਚ ਹੀ ਆਪਣੇ ਮਾਤਾ ਪਿਤਾ ਦੇ ਨਾਲ ਆਸਟ੍ਰੇਲੀਆ ਆ ਗਿਆ ਸੀ।
ਬੇਸ਼ਕ ਅਜੇਸ਼ਵਰ ਆਪਣੇ ਪੰਜਾਬੀ ਸਕੂਲ ਦੇ ਅੰਦਰੂਨੀ ਇਮਤਿਹਾਨਾਂ ਵਿੱਚੋਂ ਹਮੇਸ਼ਾਂ ਸਭ ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਸਨ, ਪਰ ਫੇਰ ਵੀ ਇਸ ਨੂੰ ਉਸ ਸਮੇਂ ਹੈਰਾਨੀ ਭਰੀ ਖੁਸ਼ੀ ਹੋਈ ਜਦੋਂ ਇੱਕ ਫੋਨ ਦੁਆਰਾ ਦੱਸਿਆ ਗਿਆ ਕਿ ਅਜੇਸ਼ਵਰ ਨੇ ਪੰਜਾਬੀ ਵਿਸ਼ੇ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ।
ਅਜੇਸ਼ਵਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮੇਰੇ ਮਾਤਾ ਜੀ ਜੋ ਕਿ ਪੇਸ਼ੇ ਵਜੋਂ ਇੱਕ ਡਾਕਟਰ ਹਨ, ਸਾਨੂੰ ਘਰ ਵਿੱਚ ਪੰਜਾਬੀ ਬੋਲਣ ਲਈ ਹੀ ਪ੍ਰੇਰਤ ਕਰਦੇ ਹਨ”।

Ajeshwar Singh Virk topped in HSC Punjabi.
“ਮੈਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਜੀ ਦੇ ਨਾਲ ਨਾਲ ਆਪਣੀ ਅਧਿਆਪਕ ਦਲਜੀਤ ਕੌਰ ਬਾਂਸਲ ਨੂੰ ਵੀ ਦਿੰਦਾ ਹਾਂ, ਜਿਹਨਾਂ ਨੇ ਹਮੇਸ਼ਾਂ ਹੀ ਮੈਨੂੰ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਨ ਲਈ ਉਤਸ਼ਾਹਤ ਕੀਤਾ”।
ਅਜੇਸ਼ਵਰ ਨੂੰ ਨਿਊ ਸਾਊਥ ਵੇਲਜ਼ ਦੀ ਸਿਖਿਆ ਮੰਤਰੀ ਸਾਰਾਹ ਮਿਚਲ ਨੇ ਬਾਕੀ ਵਿਸ਼ਿਆਂ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਦੇ ਨਾਲ, ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ।
.jpeg?imwidth=1280)
NSW state education minister Sarah Mitchelle awarded subject toppers.
ਅਜੇਸ਼ਵਰ ਦੀ ਲਗਨ ਨੂੰ ਦੇਖਦੇ ਹੋਏ ਸਕੂਲ ਨੇ ਇਸ ਨੂੰ ਪਰਖ ਦੇ ਤੌਰ 'ਤੇ ਪੰਜਾਬੀ ਸਿਖਣ ਦੀ ਮਨਜ਼ੂਰੀ ਦਿੱਤੀ, ਜਿਸ ਦਾ ਮੁੱਲ ਅਜੇਸ਼ਵਰ ਨੇ ਸਾਰੇ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਮੋੜਿਆ।
“ਮੇਰੀ ਇਸ ਪ੍ਰਾਪਤੀ ਦੇ ਨਾਲ ਭਾਸ਼ਾਈ ਵਿਸ਼ਾ ਪੜਨ ਵਾਲੇ ਹੋਰਨਾਂ ਵਿਦਿਆਰਥੀਆਂ ਲਈ ਵੀ ਰਾਹ ਖੁੱਲ ਗਿਆ ਹੈ।”
ਅਜੇਸ਼ਵਰ ਨੇ ਆਪਣੇ ਪਿਛੋਕੜ ਬਾਰੇ ਦਸਦੇ ਹੋਏ ਕਿਹਾ, “ਮੇਰਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ ਅਤੇ ਬਹੁਤ ਛੋਟੀ ਉਮਰ ਵਿੱਚ ਹੀ ਮੈਂ ਆਪਣੇ ਮਾਤਾ ਪਿਤਾ ਨਾਲ ਆਸਟ੍ਰੇਲੀਆ ਆ ਗਿਆ ਸੀ। ਮੇਰੀ ਸਾਰੀ ਪੜਾਈ ਅਤੇ ਪਾਲਣ ਪੋਸ਼ਣ ਆਸਟ੍ਰੇਲੀਆਈ ਮਾਹੌਲ ਵਿੱਚ ਹੀ ਹੋਇਆ ਹੈ”।
ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਅਜੇਸ਼ਵਰ ਨੇ ਕਿਹਾ, “ਜੇ ਪੰਜਾਬੀ ਜਾਂ ਕਿਸੇ ਵੀ ਹੋਰ ਭਾਸ਼ਾ ਨੂੰ ਯੋਜਨਾਬੱਧ ਤਰੀਕੇ ਨਾਲ ਪੜਿਆ ਜਾਵੇ ਤਾਂ ਅਸਾਨੀ ਨਾਲ ਸਫਲਤਾ ਹਾਸਲ ਹੋ ਸਕਦੀ ਹੈ”।