ਕਰੋਨਾਵਾਇਰਸ ਦੇ ਸ਼ੁਰੂ ਹੋਣ ਤੋਂ ਬਾਅਦ ਆਸਟ੍ਰੇਲੀਆ ਦੀ ਬੇਰੁਜ਼ਗਾਰੀ 7.5% ਤੱਕ ਪਹੁੰਚ ਗਈ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਇਹ ਦਰ 1998 ਤੋਂ ਬਾਅਦ, ਪਹਿਲੀ ਵਾਰ ਐਨੀ ਜਿਆਦਾ ਰਿਕਾਰਡ ਕੀਤੀ ਗਈ ਹੈ। ‘ਦਾ ਆਸਟ੍ਰੇਲੀਅਨ ਪਰੂਡੈਂਨਸ਼ੀਅਲ ਰੈਗੂਲੇਸ਼ਨ ਅਥਾਰਟੀ’ ਵਲੋਂ ਜਾਰੀ ਕੀਤੇ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਅਪੈਲ ਤੋਂ ਬਾਅਦ 3.1 ਮਿਲੀਅਨ ਤੋਂ ਵੀ ਜਿਆਦਾ ਆਸਟ੍ਰੇਲੀਅਨ ਲੋਕਾਂ ਨੇ ਆਪਣੀਆਂ ਵਿੱਤੀ ਮੁਸ਼ਕਲਾਂ ਨਾਲ ਨਜਿੱਠਣ ਲਈ ਸੁੱਪਰ ਵਿੱਚੋਂ ਪੈਸੇ ਕਢਵਾਏ ਹਨ।
‘ਸਰਵਿਸਿਸ ਆਸਟ੍ਰੇਲੀਆ’ ਵਲੋਂ ਆਸਟ੍ਰੇਲੀਅਨ ਲੋਕਾਂ ਨੂੰ ਕਈ ਭਾਸ਼ਾਵਾਂ ਵਿੱਚ ਮੁਫਤ ਵਿੱਤੀ ਮਦਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸੰਸਥਾ ਦੇ ਜਸਟਿਨ ਬੋਟ ਇਸ ਬਾਰੇ ਸਮਝਾਂਉਂਦੇ ਹਨ ਕਿ ਸੁੱਪਰ ਵਿੱਚੋਂ ਪੈਸੇ ਕਢਵਾਉਣ ਲਈ ਕਿਹੜੇ ਲੋਕ ਯੋਗ ਰੱਖੇ ਗਏ ਹਨ।
ਆਰਜ਼ੀ ਪ੍ਰਵਾਸੀ ਜੂਲਾਈ ਤੋਂ ਪਹਿਲਾਂ ਇੱਕੋ ਵਾਰ ਆਪਣੇ ਸੁੱਪਰ ਦੀ ਰਾਸ਼ੀ ਕਢਵਾ ਸਕਦੇ ਸਨ ਜਦਕਿ ਆਸਟ੍ਰੇਲੀਆ ਦੇ ਨਾਗਰਿਕ ਅਤੇ ਸਥਾਈ ਨਿਵਾਸੀ ਦੂਜੀ ਵਾਰ ਵਿੱਤੀ ਸਾਲ 2020-21 ਦੌਰਾਨ ਵੀ 10 ਹਜ਼ਾਰ ਡਾਲਰਾਂ ਦੀ ਰਾਸ਼ੀ ਕੱਢਵਾਉਣ ਦੇ ਯੋਗ ਬਣਾਏ ਗਏ ਹਨ। ਪਰ ‘ਫਾਈਨੈਂਸ਼ੀਅਲ ਰਾਈਟਸ ਲੀਗਲ ਸੈਂਟਰ’ ਦੀ ਵਕੀਲ ਜੈਨ ਲੂਈਸ ਅਨੁਸਾਰ ਕੁੱਝ ਖਾਸ ਹਾਲਾਤਾਂ ਵਿੱਚ ਆਰਜ਼ੀ ਪ੍ਰਵਾਸੀ ਵੀ ਆਪਣੀ ਸੁੱਪਰ ਦੀ ਜਿਆਦਾ ਰਾਸ਼ੀ ਕੱਢਵਾ ਸਕਦੇ ਹਨ।
ਸੁੱਪਰ ਦੀ ਰਾਸ਼ੀ ਵਿੱਚੋਂ ਉਹ ਲੋਕ ਵੀ ਮਦਦ ਲੈ ਸਕਦੇ ਹਨ ਜੋ 55 ਸਾਲਾਂ ਦੀ ਉਮਰ ਤੋਂ ਵਧ ਦੇ ਹਨ ਅਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋਣ ਕਾਰਨ ਪਿਛਲੇ 39 ਜਾਂ ਇਸ ਤੋਂ ਵੀ ਜਿਆਦਾ ਹਫਤਿਆਂ ਤੋਂ ਸੈਂਟਰਲਿੰਕ ਕੋਲੋਂ ਕਿਸੇ ਪ੍ਰਕਾਰ ਦੀ ਮਾਲੀ ਮਦਦ ਪ੍ਰਾਪਤ ਕਰ ਰਹੇ ਹੋਣ।
ਆਸਟ੍ਰੇਲੀਅਨ ਟੈਕਸ ਆਫਿਸ ਅਨੁਸਾਰ ਸੁੱਪਰ ਵਿੱਚੋਂ 10 ਹਜ਼ਾਰ ਡਾਲਰ ਹੀ ਕੱਢਵਾਏ ਜਾ ਸਕਦੇ ਹਨ ਜਿਸ ਉੱਤੇ 17 ਤੋਂ 22% ਤੱਕ ਟੈਕਸ ਲਗਾਇਆ ਜਾਵੇਗਾ ਪਰ ਇਸ ਵਿੱਚੋਂ ਉਹਨਾਂ 60 ਸਾਲਾਂ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ ਜੋ ਕਿ ਭਾਰੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋਣਗੇ।
ਲੂਈਸ ਸਲਾਹ ਦਿੰਦੀ ਹੈ ਕਿ ਹਰ ਹਾਲਾਤ ਵਿੱਚ ਸੁੱਪਰ ਦੀ ਰਾਸ਼ੀ ਕਢਵਾਉਣ ਤੋਂ ਪਹਿਲਾਂ ਆਪਣੀ ਸੇਵਾ ਮੁਕਤੀ ਵਾਲੇ ਹਾਲਾਤਾਂ ਉੱਤੇ ਗੌਰ ਕਰਨਾ ਲਾਹੇਵੰਦ ਹੋਵੇਗਾ।
ਐਸੋਸ਼ਿਏਸ਼ਨ ਔਫ ਸੁੱਪਰਐਨੂਏਸ਼ਨ ਫੰਡਸ ਆਫ ਆਸਟ੍ਰੇਲੀਆ ਅਨੁਸਾਰ ਜੇ ਕਰ ਕੋਈ ਵਿਅਕਤੀ ਅੱਜ ਦੀ ਤਰੀਕ ਵਿੱਚ ਸੇਵਾ ਮੁਕਤ ਹੁੰਦਾ ਹੈ ਤਾਂ ਉਸ ਦਾ ਸਲਾਨਾ ਬਜਟ 27 ਹਜ਼ਾਰ 902 ਡਾਲਰ ਹੋਵੇਗਾ। ਜਦਕਿ ਜੋੜਿਆਂ ਲਈ ਇਹ 40,380 ਡਾਲਰ ਸਲਾਨਾ ਹੋਵੇਗਾ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਆਂਕੜਿਆਂ ਅਨੁਸਾਰ ਸਾਲ 2017-18 ਦੌਰਾਨ ਔਰਤਾਂ ਦੇ ਸੁੱਪਰ ਖਾਤਿਆਂ ਵਿੱਚ ਔਸਤਨ 45 ਹਜ਼ਾਰ ਅਤੇ ਮਰਦਾਂ ਦੇ ਸੁੱਪਰ ਖਾਤਿਆਂ ਵਿੱਚ 65 ਹਜ਼ਾਰ ਡਾਲਰ ਪਏ ਸਨ।
ਪਰਥ ਦੀ ਇੱਕ ਵਿੱਤੀ ਸਲਾਹਾਂ ਦੇਣ ਵਾਲੀ ਸੰਸਥਾ ਫਾਈਨੈਂਸ਼ੀਅਲ ਫਰੇਮਵਰਕ ਦੇ ਮਾਹਰ ਡਾਨ ਹਿਊਟ ਅਨੁਸਾਰ ਲੋਕਾਂ ਕੋਲ ਆਪਣੀ ਸੇਵਾ ਮੁਕਤ ਜਿੰਦਗੀ ਲਈ ਲੌੜੀਂਦੇ ਪੈਸੇ ਨਹੀਂ ਹਨ। ਇਸ ਲਈ ਜਰੂਰੀ ਹੈ ਕਿ ਸੁੱਪਰ ਦੀ ਰਾਸ਼ੀ ਕਢਵਾਉਣ ਤੋਂ ਪਹਿਲਾਂ ਇਸ ਬਾਰੇ ਦੁਬਾਰਾ ਸੋਚ ਲਿਆ ਜਾਵੇ।
ਹਿਊਟ ਅਨੁਸਾਰ ਉਹਨਾਂ ਨੂੰ ਦੇਖਣ ਵਿੱਚ ਮਿਲਿਆ ਹੈ ਕਿ ਵਡੇਰੀ ਉਮਰ ਦੇ ਜਿਆਦਾ ਲੋਕ ਆਪਣੀ ਸੁੱਪਰ ਦੀ ਰਾਸ਼ੀ ਨੂੰ ਨਹੀਂ ਕੱਢਵਾ ਰਹੇ।
ਗ੍ਰਿਫਿਥ ਬਿਜ਼ਨਿਸ ਸਕੂਲ ਦੇ ਪ੍ਰੋਫੈਸਰ ਵਿਟ੍ਹਲੀ ਬਰੈਡਫੌਰਡ ਕਹਿੰਦੇ ਹਨ ਕਿ ਸੁੱਪਰ ਖਾਤਿਆਂ ਵਿੱਚ ਬਚਤ ਕਰਨ ਵਿੱਚ ਔਰਤਾਂ ਕਾਫੀ ਪਿੱਛੇ ਹਨ ਅਤੇ ਇਸ ਦਾ ਕਾਰਨ ਬੱਚਿਆਂ ਅਤੇ ਪਰਿਵਾਰਾਂ ਦੀ ਦੇਖਭਾਲ ਕਰਨ ਸਮੇਂ ਕੋਈ ਨੌਕਰੀ ਨਾ ਕਰਨਾਂ ਹੁੰਦਾ ਹੈ।
ਬਰੈਡਫੋਰਡ ਅਨੁਸਾਰ ਛੋਟੇ ਜਾਂ ਨਿਜੀ ਵਪਾਰੀ ਅਕਸਰ ਆਪਣੇ ਲਈ ਸੁੱਪਰ ਦੀ ਬੱਚਤ ਨਹੀਂ ਕਰਦੇ। ਅਤੇ ਨਤੀਜੇ ਵਜੋਂ ਸੇਵਾ ਮੁਕਤੀ ਸਮੇਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਹਾਂਮਾਰੀ ਦੌਰਾਨ ਇੱਕ ਚਿੰਤਾਜਨਕ ਰੁਝਾਨ ਵੀ ਦੇਖਣ ਵਿੱਚ ਆ ਰਿਹਾ ਹੈ। ਇਸ ਵਿੱਚ ਕਈ ਘੁਟਾਲੇਬਾਜ਼, ਲੋਕਾਂ ਨੂੰ ਉਹਨਾਂ ਦੀ ਸੁੱਪਰ ਵਿੱਚੋਂ ਰਾਸ਼ੀ ਕਢਵਾਉਣ ਲਈ ਸਲਾਹ ਵਜੋਂ ਫੋਨ ਆਦਿ ਕਰ ਰਹੇ ਹਨ। ਸੁੱਪਰ ਕੰਜ਼ਿਊਮਰਸ ਆਸਟ੍ਰੇਲੀਆ ਦੇ ਡਾਇਰੈਕਟਰ ਜ਼ੇਵੀਅਰ ਓ’ਹੋਲਾਰਨ ਅਨੁਸਾਰ ਅਜਿਹੀਆਂ ਫੋਨ ਕਾਲਾਂ ਅਤੇ ਈਮੇਲਾਂ ਤੋਂ ਅੰਤਾਂ ਦਾ ਸਾਵਧਾਨ ਰਹਿਣਾ ਚਾਹੀਣਾ ਹੈ। ਸਕੈਮਵਾਚ ਵਲੋਂ 2019 ਵਿੱਚ ਜਾਰੀ ਕੀਤੀ ਰਿਪੋਰਟ ਵਿੱਚ ਵੀ ਦਰਸਾਇਆ ਗਿਆ ਸੀ ਕਿ ਧੋਖਾ ਦੇਣ ਵਾਲੇ ਅਕਸਰ ਅੰਗਰੇਜ਼ੀ ਨਾ ਜਾਨਣ ਵਾਲੇ ਲੋਕਾਂ ਨੂੰ ਹੀ ਆਪਣਾ ਨਿਸ਼ਾਨਾਂ ਬਣਾਉਂਦੇ ਹਨ।
ਚਿਤਾਵਨੀ – ਇਸ ਲੇਖ ਦੀਆਂ ਟਿਪਣੀਆਂ ਸਿਰਫ ਆਮ ਸਲਾਹ ਹਨ ਅਤੇ ਵਿਅਕਤੀਗਤ ਸਥਿਤੀਆਂ ‘ਤੇ ਲਾਗੂ ਨਹੀਂ ਹੁੰਦੀਆਂ। ਸਲਾਹ ਲੈਣ ਲਈ ਯੋਗਤਾ ਪ੍ਰਾਪਤ ਵਿੱਤੀ ਮਾਹਰ ਕੋਲੋਂ ਹੀ ਸਲਾਹ ਲਵੋ।
ਰਾਸ਼ਟਰੀ ਡੈਬਿਟ ਹੈਲਪਲਾਈਨ ਨੂੰ ਵੀ 1800 007 007 ‘ਤੇ ਕਾਲ ਕਰ ਕੇ ਮੁਫਤ ਸਲਾਹ ਲਈ ਜਾ ਸਕਦੀ ਹੈ।
ਆਪਣੀ ਭਾਸ਼ਾ ਵਿੱਚ ਮੁਫਤ ਵਿੱਤੀ ਸਲਾਹ ਲੈਣ ਲਈ ‘ਆਸਟ੍ਰੇਲੀਆ ਫਾਈਨੈਸ਼ਨਲ ਇਨਫੋਰਮੇਸ਼ਨ ਸਰਵਿਸ’ ਨੂੰ ਵੀ 131 202 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਜੇ ਤੁਹਾਡੀ ਪਹਿਚਾਣ ਚੋਰੀ ਹੋ ਗਈ ਹੈ ਤਾਂ ਆਈਡੀਕੇਅਰ ਨੂੰ 1800 595 160 ਉੱਤੇ ਤੁਰੰਤ ਸੰਪਰਕ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






