ਪ੍ਰਿਥੀ ਪਾਲ ਸਿੰਘ ਪਿਛਲੇ 12 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਹੇ ਹਨ। ਉਹ ਸਿਡਨੀ ਵਿੱਚ ਇੱਕ ਟਰਾਂਸਪੋਰਟ ਕੰਪਨੀ ਚਲਾ ਰਹੇ ਹਨ।
ਉਹ ਮਾਰਚ ਮਹੀਨੇ ਪੰਜਾਬ ਵਿੱਚ ਆਪਣੇ ਬੀਮਾਰ ਪਿਤਾ ਨੂੰ ਮਿਲਣ ਲਈ ਬ੍ਰਿਜਿੰਗ ਬੀ ਵੀਜ਼ਾ (ਬੀਵੀਬੀ) ਲੈਕੇ ਭਾਰਤ ਗਏ ਸਨ ਅਤੇ ਓਦੋਂ ਤੋਂ ਹੀ ਕਰੋਨਾਵਾਇਰਸ ਯਾਤਰਾ ਪਾਬੰਧੀਆਂ ਪਿੱਛੋਂ ਆਪਣੇ ਪਰਿਵਾਰ ਕੋਲ ਵਾਪਿਸ ਸਿਡਨੀ ਆਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਪ੍ਰਿਥੀ ਪਾਲ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਕਦੇ ਵੀ ਨਹੀਂ ਸੀ ਸੋਚਿਆ ਕਿ ਇਹ ਸਮਾਂ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਚਾਰ ਸਾਲ ਦੀ ਧੀ ਤੋਂ ਵੱਖ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਇਸ ਤਰਾਂਹ ਦੀ ਚਿੰਤਾ ਕਰਨੀ ਪਵੇਗੀ।
ਪ੍ਰਿਥੀ ਪਾਲ ਸਿੰਘ ਦਾ ਵੀਜ਼ਾ 30 ਅਪ੍ਰੈਲ 2020 ਨੂੰ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਦੀ 'ਤਰਸ ਦੇ ਅਧਾਰ' ਉੱਤੇ ਵਾਪਿਸ ਆਉਣ ਦੀ ਇਜ਼ਾਜ਼ਤ ਲੈਣ ਲਈ ਕੀਤੀ ਅਪੀਲ ਤਿੰਨ ਵਾਰ ਖਾਰਿਜ ਹੋ ਚੁੱਕੀ ਹੈ।
ਇਸ ਗੱਲਬਾਤ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਤੇ ਬਣੇ ਪਲੇਅਰ ਤੇ ਕਲਿੱਕ ਕਰੋ।

ਬੀਵੀਬੀ ਇੱਕ ਅਸਥਾਈ ਵੀਜ਼ਾ ਹੈ ਜੋ ਬਿਨੈਕਾਰ ਨੂੰ ਇੱਕ ਮਿਥੇ ਸਮੇਂ ਦੌਰਾਨ ਆਸਟ੍ਰੇਲੀਆ ਤੋਂ ਜਾਣ ਦੀ ਆਗਿਆ ਦਿੰਦਾ ਹੈ ਜਦੋਂਕਿ ਉਨ੍ਹਾਂ ਦੇ ਮੁੱਖ ਵੀਜ਼ਾ ਲਈ ਅਰਜ਼ੀ 'ਤੇ ਕਾਰਵਾਈ ਕੀਤੀ ਜਾ ਰਹੀ ਹੋਵੇ।
ਪਰ ਜੇ ਵੀਜ਼ਾ-ਧਾਰਕ ਦੇਸ਼ ਤੋਂ ਬਾਹਰ ਹੋਵੇ ਤਾਂ ਗ੍ਰਹਿ ਵਿਭਾਗ ਦੇ ਕੋਲ ਇਸ ਵਿੱਚ ਵਾਧਾ ਕਰਨ ਦੀ ਕੋਈ ਵੀ ਕਾਨੂੰਨੀ ਵਿਵਸਥਾ ਨਹੀਂ ਹੈ।
ਜਰਨੈਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਆਪਣੇ ਪੁੱਤਰ ਦੇ ਪਰਿਵਾਰ ਨਾਲ ਮੈਲਬੌਰਨ ਵਿੱਚ ਅਸਥਾਈ ਰਿਹਾਇਸ਼ ਰੱਖਦੇ ਹਨ।
ਮਾਪਿਆਂ ਨਾਲ ਸਬੰਧਿਤ ਵੀਜ਼ੇ ਦੇ ਹੁੰਦਿਆਂ ਉਹ ਹਾਲ ਹੀ ਭਾਰਤ ਗਏ ਸਨ ਜਿਸ ਲਈ ਉਨ੍ਹਾਂ ਨੂੰ ਬੀਵੀਬੀ ਵੀਜ਼ਾ ਲੈਣਾ ਪਿਆ।
ਉਨ੍ਹਾਂ ਦਾ ਇਹ ਵੀਜ਼ਾ ਜੁਲਾਈ ਮਹੀਨੇ ਵਿਚ ਖਤਮ ਹੋ ਰਿਹਾ ਹੈ ਜਦਕਿ ਉਹ ਮੁੜ ਆਪਣੇ ਪਰਿਵਾਰ ਕੋਲ ਮੈਲਬੌਰਨ ਪਹੁੰਚਣ ਲਈ ਬੇਤਾਬ ਹਨ।

ਪ੍ਰਦੀਪ ਦਹੀਆ ਭਾਰਤ ਵਿਚਲੇ ਇੱਕ ਹੋਰ ਬੀਵੀਬੀ ਵੀਜ਼ਾ ਧਾਰਕ ਹਨ ਜਿੰਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਹੈ ਅਤੇ ਹੁਣ ਸਰਹੱਦਾਂ ਦੇ ਮੁੜ ਖੁੱਲਣ ਦੇ ਇੰਤਜ਼ਾਰ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।
ਉਹ ਭਾਰਤ ਵਿਆਹ ਕਰਾਉਣ ਲਈ ਗਏ ਸਨ ਅਤੇ ਇਸ ਵੇਲ਼ੇ ਆਪਣੇ ਆਪ ਨੂੰ ਇੱਕ ਔਖੀ ਸਥਿਤੀ ਵਿੱਚ ਮਹਿਸੂਸ ਕਰ ਰਹੇ ਹਨ।
ਸ੍ਰੀ ਦਹੀਆ ਨੇ ਕਿਹਾ, “ਵਿਭਾਗ ਕਹਿ ਰਿਹਾ ਹੈ ਕਿ ਜਦੋਂ ਸਰਹੱਦਾਂ ਖੁੱਲ੍ਹਦੀਆਂ ਹਨ ਤਾਂ ਅਸੀਂ ਵਿਜ਼ਟਰ ਵੀਜ਼ਾ ਲਈ ਦਰਖਾਸਤ ਦੇ ਸਕਦੇ ਹਾਂ ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਸਾਨੂੰ ਵੀਜ਼ਾ ਦੇਣਗੇ ਜਾਂ ਨਹੀਂ"।
“ਜੇ ਸਰਹੱਦਾਂ ਨਾ ਬੰਦ ਹੁੰਦੀਆਂ ਤਾਂ ਅਸੀਂ ਅਸਾਨੀ ਨਾਲ ਆਪਣੀ ਜ਼ਿੰਦਗੀ ਦਾ ਨਿਰਬਾਹ ਕਰ ਸਕਦੇ ਸੀ ਅਤੇ ਆਸਟ੍ਰੇਲੀਆ ਵਿੱਚ ਸਥਾਈ ਪੱਕੇ ਨਿਵਾਸ ਦੀ ਸਾਡੇ ਕੋਲ ਇੱਕ ਵਧੀਆ ਸੰਭਾਵਨਾ ਸੀ। ਪਰ ਹੁਣ ਸਾਡੇ ਕੋਲ ਹੋਰ ਇੰਤਜ਼ਾਰ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ।"

ਸਰਕਾਰੀ ਅੰਕੜਿਆਂ ਮੁਤਾਬਿਕ ਦਸੰਬਰ 2019 ਤੱਕ ਆਸਟ੍ਰੇਲੀਆ ਵਿੱਚ ਬ੍ਰਿਜਿੰਗ ਵੀਜ਼ਾ ਉੱਤੇ 216,141 ਲੋਕ ਸਨ।
ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਵੀਜ਼ਾ ਵਿਭਾਗ ਨੇ ਕਿਹਾ ਕਿ ਇਹਨਾਂ ਹਾਲਤਾਂ ਵਿੱਚ ਬਿਨੈਕਾਰਾਂ ਲਈ ਇੱਕੋ ਹੀ ਰਸਤਾ ਮੌਜੂਦ ਹੈ ਕਿ ਜਦੋਂ “ਅਸਥਾਈ ਯਾਤਰਾ ਪਾਬੰਦੀਆਂ" ਹਟਾਈਆਂ ਜਾਣ ਤਾਂ ਓਦੋਂ ਇੱਕ ਨਵੀਂ ਵੀਜ਼ਾ ਅਰਜ਼ੀ ਦਾਖਿਲ ਕੀਤੀ ਜਾਵੇ”।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ





