ਕੋਰੋਨਾ ਵਾਇਰਸ ਨਾਲ ਜੂਝਣ ਤੋਂ ਬਾਅਦ ਇਸ 78 ਸਾਲਾ ਵਿਅਕਤੀ ਦੀ ਸਰ ਚਾਰਲਸ ਗੇਅਰਡਨਰ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਸ ਦੀ ਪਤਨੀ ਨੂੰ ਵੀ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ ਸੀ ਪਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵੈਸਟਰਨ ਆਸਟਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਡਾ ਐਂਡਰਿਊ ਰਾਬਰਟਸਨ ਦਾ ਕਹਿਣਾ ਹੈ ਕਿ ਇਸ ਮੌਤ ਦੇ ਬਾਵਜੂਦ ਵਾਇਰਸ ਦਾ ਸਟੇਟਸ ਜਿਉਂ ਦਾ ਤਿਉਂ ਰਖਿਆ ਜਾਵੇਗਾ।
ਪੱਛਮੀ ਆਸਟਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਦਸਿਆ ਕਿ ਐਤਵਾਰ ਤੜਕੇ ਸਵੇਰੇ ਪਰਥ ਦੇ ਇੱਕ ਹਸਪਤਾਲ ਵਿੱਚ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ।
ਇਸ ਆਦਮੀ ਨੂੰ ਲਗਭਗ ਦਸ ਦਿਨ ਪਹਿਲਾਂ ਕੋਵਿਡ-19 ਨਾਲ ਪੀੜਤ ਪਾਇਆ ਗਿਆ ਸੀ ਜਦੋਂ ਇਸ ਨੂੰ ਜਪਾਨ ਵਿਚਲੇ ਡਾਇਮੰਡ ਕਰੂਜ਼ ਤੋਂ ਨਾਰਦਰਨ ਟੈਰੀਟੋਰੀ ਦੇ ਹੋਵਾਰਡਸ ਸਪਰਿੰਗਸ ਵਿੱਚ ਅਲੱਗ ਥਲੱਗ ਕਰ ਕਿ ਰਖਿਆ ਗਿਆ ਸੀ।
ਇਸ ਦੌਰਾਨ ਇਰਾਨ ਤੋਂ ਨਿਊ ਸਾਊਥ ਵੇਲਜ਼ ਪਰਤੇ, ਇੱਕ ਹੋਰ 40 ਸਾਲਾ ਵਿਅਕਤੀ ਨੂੰ ਵੀ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਇੱਕ ਹੋਰ ਔਰਤ ਜੋ ਕਿ ਇਰਾਨ ਤੋਂ ਗੋਲਡ ਕੋਸਟ ਪਰਤੀ ਸੀ ਵਿੱਚ ਵੀ ਇਹ ਵਾਇਰਸ ਪਾਇਆ ਗਿਆ ਸੀ।
ਕੂੀੲਨਜ਼ਲੈਂਡ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ, ਰਾਜ ਵਿੱਚ ਸੰਭਾਵਤ ਬਿਮਾਰੀ ਫੈਲਣ ਦੀ ਤਿਆਰੀ ਵਿੱਚ ਮਰੀਜ਼ਾਂ ਦੇ ਟੈਸਟਾਂ ਦਾ ਬੈਕਲੋਗ ਖਤਮ ਕਰਨ ਵਿੱਚ ਲੱਗੀ ਹੋਈ ਹੈ। ਰਾਜ ਵਿੱਚ ਕੋਵਿਡ-19 ਦੇ ਨੌ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਰਾਜ ਸਿਹਤ ਮੰਤਰੀ ਸਟੀਵਨ ਮਾਈਲਜ਼ ਦਾ ਕਹਿਣਾ ਹੈ ਕਿ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਉਦੇਸ਼ ਹਸਪਤਾਲਾਂ ਤੇ ਪੈਣ ਵਾਲੇ ਦਬਾਵਾਂ ਨੂੰ ਘਟਾਉਣਾ ਹੈ ਤਾਂ ਕਿ ਇਲਾਜ ਵਿੱਚ ਤੇਜੀ ਯਕੀਨੀ ਬਣ ਸਕੇ।
ਸਰਕਾਰ ਚੀਨ ਤੋਂ ਅਲਾਵਾ ਇਰਾਨ ਤੋਂ ਆਸਟਰੇਲੀਆ ਆਉਣ ਵਾਲੇ ਲੋਕਾਂ ਤੇ ਲਾਈ ਪਾਬੰਦੀ ਦਾ ਬਚਾਅ ਕਰ ਰਹੀ ਹੈ। ਪਹਿਲੀ ਮਾਰਚ ਤੋਂ ਇਰਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਸਟਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਿਸੇ ਤੀਜੇ ਦੇਸ਼ ਵਿੱਚ 14 ਦਿਨ ਬਿਤਾਉਣੇ ਪੈਣਗੇ।
ਆਸਟਰੇਲੀਅਨ ਨਾਗਰਿਕ, ਸਥਾਈ ਵਸਨੀਕ ਅਤੇ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਜੋ ਕਿ ਇਰਾਨ ਤੋਂ ਵਾਪਸ ਆਸਟਰੇਲੀਆ ਪਰਤ ਰਹੇ ਹਨ, ਨੂੰ 14 ਦਿਨਾਂ ਲਈ ਅਲੱਗ ਥਲੱਗ ਰਹਿਣਾ ਹੋਵੇਗਾ। ਇਰਾਨ, ਜੋ ਕਿ ਚੀਨ ਤੋਂ ਬਾਹਰ ਵਾਇਰਸ ਦਾ ਵੱਡਾ ਕੇਂਦਰ ਹੈ, ਵਿੱਚ ਨੌਂ ਹੋਰ ਹੋਈਆਂ ਮੌਤਾਂ ਨਾਲ ਉੱਥੋਂ ਦੀ ਕੁੱਲ ਗਿਣਤੀ ਹੁਣ 42 ਹੋ ਗਈ ਹੈ।
ਏ ਬੀ ਸੀ ਨਾਲ ਗਲ ਕਰਦੇ ਹੋਏ ਗ੍ਰੀਹ ਮਾਮਲਿਆਂ ਬਾਰੇ ਮੰਤਰੀ ਪੀਟਰ ਡਟਨ ਨੇ ਇਰਾਨ ਤੇ ਲਾਈ ਪਾਬੰਦੀ ਵਾਲੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਹੈ ਕਿ ਦੱਖਣੀ ਕੌਰੀਆ ਵਿੱਚ ਵੀ ਜਿਆਦਾ ਤਖਸ਼ੀਸ਼ ਵਾਲੇ ਕੇਸ ਮੌਜੂਦ ਹਨ।
ਵਾਸ਼ਿੰਗਟਨ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਨਾਲ ਇਸ ਵਾਇਰਸ ਨਾਲ ਹੋਣ ਵਾਲੀ ਯੂ ਐਸ ਵਿੱਚ ਵੀ ਪਹਿਲੀ ਮੌਤ ਦਰਜ ਹੋ ਗਈ ਹੈ। ਯੂ ਐਸ ਰਾਸ਼ਟਰਪਤੀ ਨੇ ਮਹਾਂਮਾਰੀ ਬਾਰੇ ਡਰ ਤੋਂ ਸ਼ਾਂਤ ਰਹਿਣ ਦੀ ਅਪੀਲ ਕਰਦੇ ਹੋਏ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਵੀ ਸਖਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਰਾਨ ਦੀ ਯਾਤਰਾ ਸਮੇਤ ਉੱਥੋਂ ਆਉਣ ਵਾਲੇ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਅਧਿਕਾਰੀ, ਅਮਰੀਕੀਆਂ ਨੂੰ ਇਟਲੀ ਅਤੇ ਸਾਊਥ ਕੌਰੀਆ ਦੇ ਵਾਇਰਸ ਪ੍ਰਭਾਵਤ ਇਲਾਕਿਆਂ ਦਾ ਦੌਰਾ ਨਾ ਕਰਨ ਦੀ ਵੀ ਤਾਕੀਦ ਕਰ ਰਹੇ ਹਨ ਜਦੋਂ ਕਿ ਮੈਕਸਿਕੋ ਨਾਲ ਲਗਦੀ ਸਰਹੱਦ ਨੂੰ ਬੰਦ ਕਰਨ ਸਮੇਤ ਹੋਰ ਪਾਬੰਦੀਆਂ ਵੀ ਮੇਜ਼ ਤੇ ਵਿਚਾਰ ਅਧੀਨ ਹਨ। ਸੀਟਲ ਅਤੇ ਕਿੰਗ ਕਾਉਂਟੀ ਦੇ ਪਬਲਿਕ ਹੈਲਥ ਅਫਸਰ ਡਾ ਜੈਫ ਡਚਿਨ ਲੋਕਾਂ ਨੂੰ ਇਸ ਲਾਗ ਤੋਂ ਬਚਣ ਲਈ ਮੁੱਢਲੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ।
ਦੱਖਣੀ ਕੋਰੀਆ ਜਿੱਥੇ ਇਸ ਵਾਇਰਸ ਦੇ 3500 ਕੇਸ ਸਾਹਮਣੇ ਆ ਚੁੱਕੇ ਹਨ, ਦੇ ਰਾਸ਼ਟ੍ਰਪਤੀ ਮੂਨ ਜੈ-ਇਨ ਨੇ ਉੱਤਰ ਕੋਰੀਆ ਨੂੰ ਸਾਂਝੇ ਉਪਰਾਲੇ ਸ਼ੁਰੂ ਦੀ ਅਪੀਲ ਕੀਤੀ ਹੈ। ਉੱਤਰੀ ਇਟਲੀ ਦੇ ਪ੍ਰਭਾਵਤ ਇਲਾਕਿਆਂ ਦੇ ਸਕੂਲ ਅਤੇ ਯੂਨਿਵਰਸਟੀਆਂ ਨੂੰ ਦੂਜੇ ਹਫਤੇ ਲਈ ਵੀ ਬੰਦ ਰਖਿਆ ਜਾ ਰਿਹਾ ਹੈ।
ਕੁੱਲ 1000 ਤੋਂ ਵੀ ਜਿਆਦਾ ਕੇਸ ਸਾਹਮਣੇ ਆਉਣ ਨਾਲ ਇਹ ਇਸ ਵਾਇਰਸ ਤੋਂ ਪੀੜਤ ਦੇਸ਼ਾਂ ਵਿੱਚੋਂ ਸੰਸਾਰ ਭਰ ਦਾ ਤੀਜਾ ਵੱਡਾ ਮੁਲਕ ਬਣ ਗਿਆ ਹੈ। ਦੁਨਿਆਂ ਭਰ ਵਿੱਚ ਕਤਰ, ਅਰਮੀਨੀਆ, ਲਕਸਮਬਰਗ ਅਤੇ ਐਕੂਆਡੋਰ ਨੇ ਵੀ ਨਵੇਂ ਕੇਸਾਂ ਦੀ ਰਿਪੋਰਟ ਕਰ ਦਿੱਤੀ ਹੈ।
ਥਾਈਲੈਂਡ ਵਿੱਚ ਵੀ ਇਸ ਬਿਮਾਰੀ ਕਾਰਨ ਪਹਿਲੀ ਮੌਤ ਦਰਜ ਹੋ ਚੁੱਕੀ ਹੈ ਅਤੇ ਚੀਨ ਵਿੱਚ ਦੋ ਹੋਰ ਡਾਕਟਰ ਵੀ ਇਸ ਬਿਮਾਰੀ ਕਾਰਨ ਜਾਨ ਗਵਾ ਚੁੱਕੇ ਹਨ।